ਟੋਕੀਓ (ਪੀਟੀਆਈ) : ਦੀਪਿਕਾ ਕੁਮਾਰੀ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਕਰਦੇ ਹੋਏ ਓਲੰਪਿਕ ਦੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਨਿੱਜੀ ਮੁਕਾਬਲੇ ਦੇ ਤੀਜੇ ਗੇੜ ਵਿਚ ਥਾਂ ਬਣਾਈ ਪਰ ਤਰੁਣਦੀਪ ਰਾਏ ਤੇ ਪ੍ਰਵੀਣ ਜਾਧਵ ਦੂਜੇ ਗੇੜ ਤੋਂ ਅੱਗੇ ਨਹੀਂ ਵਧ ਸਕੇ। ਵਿਸ਼ਵ ਦੀ ਨੰਬਰ ਇਕ ਖਿਡਾਰਨ ਦੀਪਿਕਾ ਨੂੰ ਯੁਮੇਨੋਸ਼ਿਮਾ ਪਾਰਕ 'ਤੇ ਚੱਲ ਰਹੀਆਂ ਹਵਾਵਾਂ ਨਾਲ ਤਾਮਲੇਲ ਬਿਠਾਉਣ ਵਿਚ ਪਰੇਸ਼ਾਨੀ ਹੋਈ। ਉਨ੍ਹਾਂ ਨੇ ਮਹਿਲਾ ਰਿਕਰਵ ਨਿੱਜੀ ਵਰਗ ਦੇ ਪਹਿਲੇ ਗੇੜ ਵਿਚ ਭੂਟਾਨ ਦੀ ਕਰਮਾ ਨੂੰ 6-0 ਨਾਲ ਹਰਾਇਆ ਪਰ 24ਵਾਂ ਦਰਜਾ ਹਾਸਲ ਅਮਰੀਕੀ ਜੈਨੀਫਿਰ ਮੁਸਿਨੋ ਫਰਨਾਂਡਿਸ ਹੱਥੋਂ ਉਨ੍ਹਾਂ ਨੂੰ ਸਖ਼ਤ ਚੁਣੌਤੀ ਮਿਲੀ।

ਦੀਪਿਕਾ ਨੇ ਇਹ ਮੈਚ 6-4 ਨਾਲ ਜਿੱਤਿਆ। ਦੀਪਿਕਾ ਦਾ ਇਹ ਓਲੰਪਿਕ ਖੇਡਾਂ ਵਿਚ ਨਿੱਜੀ ਵਰਗ ਵਿਚ ਸਰਬੋਤਮ ਪ੍ਰਦਰਸ਼ਨ ਹੈ। ਇਸ ਤਜਰਬੇਕਾਰ ਭਾਰਤੀ ਖਿਡਾਰਨ ਨੇ ਅਮਰੀਕਾ ਦੀ 18 ਸਾਲਾ ਜੇਨੀਫਰ ਦੇ ਖ਼ਿਲਾਫ਼ ਸੱਤ ਅੰਕਾਂ ਨਾਲ ਸ਼ੁਰੂਆਤ ਕੀਤੀ। ਇਸ ਨਾਲ ਉਨ੍ਹਾਂ ਨੂੰ ਪਹਿਲਾ ਸੈੱਟ 25-26 ਨਾਲ ਗੁਆਉਣਾ ਪਿਆ ਪਰ ਅਗਲੇ ਦੋ ਸੈੱਟ ਵਿਚ ਉਨ੍ਹਾਂ ਨੇ ਪਰਫੈਕਟ-10 ਦੇ ਤਿੰਨ ਸਕੋਰ ਬਣਾ ਕੇ 28-25 ਤੇ 27-25 ਨਾਲ ਜਿੱਤ ਦਰਜ ਕਰ ਕੇ ਬੜ੍ਹਤ ਬਣਾ ਲਈ।

ਚੌਥੇ ਸੈੱਟ ਵਿਚ ਦੀਪਿਕਾ ਦਾ ਦੂਜਾ ਤੀਰ ਬੁਲਜ਼ ਆਈ ਤੋਂ ਕਾਫੀ ਦੂਰ ਚਲਿਆ ਗਿਆ ਤੇ ਉਨ੍ਹਾਂ ਨੂੰ ਸਿਰਫ਼ ਛੇ ਅੰਕ ਮਿਲੇ। ਅਮਰੀਕੀ ਤੀਰਅੰਦਾਜ਼ ਨੇ ਇਸ ਦਾ ਫ਼ਾਇਦਾ ਉਠਾ ਕੇ 25-24 ਨਾਲ ਮੁਕਾਬਲੇ ਨੂੰ ਬਰਾਬਰੀ 'ਤੇ ਲਿਆਂਦਾ। ਦੀਪਿਕਾ ਨੂੰ ਪੰਜਵੇਂ ਸੈੱਟ ਵਿਚ ਜੇਨੀਫਰ ਦੀਆਂ ਗ਼ਲਤੀਆਂ ਦਾ ਵੀ ਫ਼ਾਇਦਾ ਮਿਲਿਆ ਜਿਸ ਨਾਲ ਇਸ ਭਾਰਤੀ ਨੇ 26-25 ਨਾਲ ਜਿੱਤ ਕੇ ਮੈਚ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਦੀਪਿਕਾ ਨੇ ਭੂਟਾਨ ਦੀ ਕਰਮਾ ਨੂੰ ਹਰਾਇਆ।

ਦੀਪਿਕਾ ਨੇ ਪਹਿਲੇ ਤੇ ਦੂਜੇ ਸੈੱਟ ਵਿਚ ਇੱਕੋ ਜਿਹੇ 8-9 ਤੇ 9 ਅੰਕ ਬਣਾ ਕੇ 26-23 ਦੇ ਬਰਾਬਰ ਫ਼ਰਕ ਨਾਲ ਜਿੱਤ ਦਰਜ ਕੀਤੀ। ਦੋਵੇਂ ਖਿਡਾਰੀਆਂ ਨੇ ਤੀਜੇ ਸੈੱਟ ਵਿਚ ਇਕ-ਇਕ ਪਰਫੈਕਟ-10 ਲਾਇਆ ਪਰ ਭੂਟਾਨੀ ਤੀਰਅੰਦਾਜ਼ ਦੀਆਂ ਲਗਾਤਾਰ ਗ਼ਲਤੀਆਂ ਦੇ ਕਾਰਨ ਦੀਪਿਕਾ ਨੇ ਇਸ ਵਿਚ ਵੀ 27-24 ਨਾਲ ਆਸਾਨ ਜਿੱਤ ਹਾਸਲ ਕੀਤੀ।

ਰਾਏ ਤੇ ਜਾਧਵ ਹੋਏ ਨਾਕਾਮ

ਮਰਦ ਵਰਗ ਵਿਚ ਰਾਏ ਤੇ ਜਾਧਵ ਦੂਜੇ ਗੇੜ ਤੋਂ ਅੱਗੇ ਨਹੀਂ ਵਧ ਸਕੇ। ਰਾਏ ਨੂੰ ਆਪਣੇ ਤੋਂ ਘੱਟ ਰੈਂਕਿੰਗ ਦੇ ਖਿਡਾਰੀ ਇਤਾਏ ਸ਼ੈਨੀ ਤੋਂ ਸ਼ੂਟ ਆਫ ਵਿਚ 5-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਜਾਧਵ ਅਮਰੀਕਾ ਦੇ ਵਿਸ਼ਵ ਵਿਚ ਨੰਬਰ ਇਕ ਬਰਾਡੀ ਏਲੀਸਨ ਹੱਥੋਂ 0-6 ਨਾਲ ਹਾਰ ਗਏ।

ਜਾਧਵ ਨੇ ਇਸ ਤੋਂ ਪਹਿਲਾਂ ਰੂਸ ਓਲੰਪਿਕ ਕਮੇਟੀ ਦੇ ਵਿਸ਼ਵ ਵਿਚ ਨੰਬਰ ਦੋ ਗਾਲਸਨ ਬਜਾਰਝਾਪੋਵ ਨੂੰ 6-0 ਨਾਲ ਕਰਾਰੀ ਮਾਤ ਦਿੱਤੀ ਸੀ ਜਦਕਿ ਫ਼ੌਜ ਵਿਚ ਉਨ੍ਹਾਂ ਦੇ ਸੀਨੀਅਰ ਸਾਥੀ ਰਾਏ ਨੇ ਯੂਕਰੇਨ ਦੇ ਓਲੇਕਸੀ ਹਨਬਿਨ ਖ਼ਿਲਾਫ਼ 6-4 ਨਾਲ ਰੋਮਾਂਚਕ ਜਿੱਤ ਦਰਜ ਕੀਤੀ ਸੀ। ਮਰਦ ਵਰਗ ਵਿਚ ਹੁਣ ਅਤਾਨੂ ਦਾਸ 'ਤੇ ਨਜ਼ਰਾਂ ਟਿਕੀਆਂ ਹਨ ਜੋ ਵੀਰਵਾਰ ਨੂੰ ਤਾਇਪੇ ਦੇ ਦੇਂਗ ਯੂ ਚੇਂਗ ਖ਼ਿਲਾਫ਼ ਚੂਣੌਤੀ ਪੇਸ਼ ਕਰਨਗੇ।

Posted By: Sunil Thapa