ਟੋਕੀਓ (ਪੀਟੀਆਈ) : ਭਾਰਤੀ ਮਹਿਲਾ ਹਾਕੀ ਟੀਮ ਨੂੰ ਦੂਜੇ ਅੱਧ ਵਿਚ ਬਿਹਤਰ ਪ੍ਰਦਰਸ਼ਨ ਦੇ ਬਾਵਜੂਦ ਹੌਲੀ ਸ਼ੁਰੂਆਤ ਦਾ ਖਮਿਆਜ਼ਾ ਗ੍ਰੇਟ ਬਿ੍ਟੇਨ ਖ਼ਿਲਾਫ਼ 1-4 ਦੀ ਹਾਰ ਨਾਲ ਭੁਗਤਣਾ ਪਿਆ ਜੋ ਟੋਕੀਓ ਓਲੰਪਿਕ ਦੇ ਮਹਿਲਾ ਹਾਕੀ ਮੁਕਾਬਲੇ ਦੇ ਪੂਲੇ-ਏ ਵਿਚ ਉਸ ਦੀ ਲਗਾਤਾਰ ਤੀਜੀ ਹਾਰ ਹੈ। ਪਿਛਲੀ ਵਾਰ ਦੀ ਚੈਂਪੀਅਨ ਗ੍ਰੇਟ ਬਿ੍ਟੇਨ ਵੱਲੋਂ ਹੇਨਾ ਮਾਰਟਿਨ (ਦੂਜੇ ਤੇ 19ਵੇਂ ਮਿੰਟ) ਨੇ ਦੋ ਜਦਕਿ ਲਿਲੀ ਆਉਸਲੇ (41ਵੇਂ ਮਿੰਟ) ਤੇ ਗ੍ਰੇਸ ਬਾਲਸਡਨ (57ਵੇਂ ਮਿੰਟ) ਨੇ ਇਕ-ਇਕ ਗੋਲ ਕੀਤਾ। ਦੁਨੀਆ ਦੀ 11ਵੇਂ ਨੰਬਰ ਦੀ ਟੀਮ ਭਾਰਤ ਵੱਲੋਂ ਇੱਕੋ ਇਕ ਗੋਲ ਸ਼ਰਮਿਲਾ ਦੇਵੀ (23ਵੇਂ ਮਿੰਟ) ਨੇ ਕੀਤਾ।

ਭਾਰਤ ਨੂੰ ਇਸ ਤੋਂ ਪਹਿਲਾਂ ਵਿਸ਼ਵ ਵਿਚ ਨੰਬਰ ਇਕ ਨੀਦਰਲੈਂਡ ਖ਼ਿਲਾਫ਼ 1-5 ਤੇ ਜਰਮਨੀ ਖ਼ਿਲਾਫ਼ 0-2 ਨਾਲ ਹਾਰ ਸਹਿਣੀ ਪਈ ਸੀ। ਭਾਰਤੀ ਟੀਮ ਨੂੰ ਪੂਲ-ਏ ਵਿਚ ਆਪਣੇ ਅੰਕਾਂ ਦਾ ਖ਼ਾਤਾ ਖੁੱਲ੍ਹਣ ਦਾ ਹੁਣ ਵੀ ਇੰਤਜ਼ਾਰ ਹੈ। ਭਾਰਤ ਛੇ ਟੀਮਾਂ ਦੇ ਪੂਲ ਵਿਚ ਪੰਜਵੇਂ ਸਥਾਨ 'ਤੇ ਹੈ। ਟੀਮ ਨੂੰ ਜੇ ਕੁਆਰਟਰ ਫਾਈਨਲ ਵਿਚ ਥਾਂ ਬਣਾਉਣ ਦੀਆਂ ਉਮੀਦਾਂ ਨੂੰ ਜਿਊਂਦਾ ਰੱਖਣਾ ਹੈ ਤਾਂ ਆਪਣੇ ਆਖ਼ਰੀ ਦੋ ਮੈਚਾਂ ਵਿਚ ਆਇਰਲੈਂਡ ਤੇ ਦੱਖਣੀ ਅਫਰੀਕਾ ਖ਼ਿਲਾਫ਼ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ।

ਟੂਰਨਾਮੈਂਟ ਵਿਚ ਹੌਲੀ ਸ਼ੁਰੂਆਤ ਕਰਨ ਵਾਲੀ ਵਿਸ਼ਵ ਵਿਚ ਪੰਜਵੇਂ ਨੰਬਰ ਦੀ ਗ੍ਰੇਟ ਬਿ੍ਟੇਨ ਦੀ ਟੀਮ ਨੇ ਜਰਮਨੀ ਖ਼ਿਲਾਫ਼ 1-2 ਦੀ ਹਾਰ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਟੀਮ ਦੇ ਤਿੰਨ ਮੈਚਾਂ ਵਿਚ ਛੇ ਅੰਕ ਹੋ ਗਏ ਹਨ। ਭਾਰਤ ਨੂੰ ਹੌਲੀ ਸ਼ੁਰੂਆਤ ਦਾ ਖਮਿਆਜ਼ਾ ਭੁਗਤਣਾ ਪਿਆ। ਬਿ੍ਟੇਨ ਨੇ ਚਾਰਾਂ ਕੁਆਰਟਰਾਂ ਵਿਚ ਇਕ ਇਕ ਗੋਲ ਕੀਤਾ। ਟੀਮ ਨੇ ਆਪਣੇ ਪਹਿਲੇ ਦੋ ਗੋਲ ਸ਼ੁਰੂਆਤੀ ਮਿੰਟਾਂ ਜਦਕਿ ਆਖ਼ਰੀ ਦੋ ਗੋਲ ਆਖ਼ਰੀ ਮਿੰਟਾਂ ਵਿਚ ਕੀਤੇ।

ਭਾਰਤੀ ਟੀਮ ਨੇ ਟੁਕੜਿਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਇਹ ਟੀਮ ਨੂੰ ਹਾਰ ਤੋਂ ਬਚਾਉਣ ਲਈ ਕਾਫੀ ਨਹੀਂ ਸੀ। ਇਸ ਤੋਂ ਇਲਾਵਾ ਅੰਪਾਇਰਾਂ ਦੇ ਕੁਝ ਫ਼ੈਸਲੇ ਵੀ ਟੀਮ ਖ਼ਿਲਾਫ਼ ਗਏ। ਭਾਰਤ ਆਪਣੇ ਅਗਲੇ ਮੁਕਾਬਲੇ ਵਿਚ 30 ਜੁਲਾਈ ਨੂੰ ਆਇਰਲੈਂਡ ਨਾਲ ਭਿੜੇਗਾ।

Posted By: Sunil Thapa