ਜੇਐੱਨਐੱਨ, ਨਵੀਂ ਦਿੱਲੀ : ਟੋਕੀਓ ਓਲੰਪਿਕ ਵਿਚ ਵੀਰਵਾਰ ਦਾ ਦਿਨ ਭਾਰਤ ਲਈ ਮੈਡਲਾਂ ਦੀਆਂ ਉਮੀਦਾਂ ਨੂੰ ਵਧਾਉਣ ਵਾਲਾ ਰਿਹਾ। ਭਾਰਤ ਵਿਚ ਵੀਰਵਾਰ ਨੂੰ ਜਿਵੇਂ-ਜਿਵੇਂ ਸੂਰਜ ਚੜ੍ਹ ਰਿਹਾ ਸੀ ਤਾਂ ਉਸ ਸਮੇਂ ਟੋਕੀਓ ਵਿਚ ਹਾਕੀ, ਬੈਡਮਿੰਟਨ, ਤੀਰਅੰਦਾਜ਼ੀ ਅਤੇ ਮੁੱਕੇਬਾਜ਼ੀ ਵਿਚ ਭਾਰਤੀ ਖਿਡਾਰੀਆਂ ਦਾ ਪ੍ਰਦਰਸ਼ਨ ਵੀ ਜ਼ੋਰ ਮਾਰ ਰਿਹਾ ਸੀ। ਕੁਝ ਹੀ ਦੇਰ ਵਿਚ ਭਾਰਤੀ ਪੁਰਸ਼ ਹਾਕੀ ਟੀਮ, ਸ਼ਟਲਰ ਪੀਵੀ ਸਿੰਧੂ, ਤੀਰਅੰਦਾਜ਼ ਅਤਾਨੂ ਦਾਸ ਅਤੇ ਮੁੱਕੇਬਾਜ਼ ਸਤੀਸ਼ ਕੁਮਾਰ ਦੀ ਜਿੱਤ ਨੇ ਭਾਰਤੀ ਪ੍ਰਸ਼ੰਸਕਾਂ ਦੀ ਸਵੇਰ ਦੀ ਤਾਜ਼ਗੀ ਨੂੰ ਹੋਰ ਵਧਾ ਦਿੱਤਾ। ਹਾਲਾਂਕਿ, ਟੋਕੀਓ ਵਿਚ ਸ਼ਾਮ ਢਲਦੇ-ਢਲਦੇ ਭਾਰਤ ਨੂੰ ਵੱਡਾ ਝਟਕਾ ਲੱਗਾ, ਜਦੋਂ ਮੈਡਲ ਦੀ ਦਾਅਵੇਦਾਰ ਮੰਨੀ ਜਾ ਰਹੀ ਮੁੱਕੇਬਾਜ਼ ਐੱਮਸੀ ਮੈਰੀ ਕਾਮ ਹਾਰ ਦੇ ਨਾਲ ਓਲੰਪਿਕ ਤੋਂ ਬਾਹਰ ਹੋ ਗਈ।

ਹਾਕੀ ਵਿਚ ਰੀਓ ਦੀ ਚੈਂਪੀਅਨ ਨੂੰ ਹਰਾਇਆ : ਭਾਰਤੀ ਪੁਰਸ਼ ਹਾਕੀ ਟੀਮ ਨੇ ਆਖ਼ਰੀ ਦੋ ਮਿੰਟ ਵਿਚ ਦੋ ਗੋਲ ਕਰਦੇ ਹੋਏ ਰੀਓ ਓਲੰਪਿਕ ਦੀ ਸੋਨੇ ਦਾ ਮੈਡਲ ਜੇਤੂ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ। ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿਚ ਗੋਲ ਦਾਗੇ।

ਸਿੰਧੂ ਨੇ ਵਧਾਏ ਮਜ਼ਬੂਤ ਕਦਮ : ਰੀਓ ਓਲੰਪਿਕ ਦੀ ਮੈਡਲ ਜੇਤੂ ਜੇਤੂ ਪੀਵੀ ਸਿੰਧੂ ਨੇ ਆਪਣੇ ਦੂਜੇ ਓਲੰਪਿਕ ਮੈਡਲ ਵੱਲ ਮਜ਼ਬੂਤ ਕਦਮ ਵਧਾਏ। ਉਨ੍ਹਾਂ ਮਹਿਲਾ ਸਿੰਗਲਜ਼ ਦੇ ਇਕਪਾਸੜ ਪ੍ਰੀ-ਕੁਆਟਰ ਫਾਈਨਲ ਮੁਕਾਬਲੇ ਵਿਚ ਡੈਨਮਾਰਕ ਦੀ ਮੀਆ ਬਲਿਚਫੇਲਟ ਨੂੰ ਸਿੱਧੀਆਂ ਗੇਮਾਂ ਵਿਚ 21-15, 21-13 ਨਾਲ ਹਰਾਇਆ।

ਨਿਸ਼ਾਨੇ ’ਤੇ ਲੱਗੇ ਅਤਾਨੂ ਦੇ ਤੀਰ : ਭਾਰਤ ਦੇ ਸਟਾਰ ਤੀਰਅੰਦਾਜ਼ ਅਤਾਨੂ ਦਾਸ ਪੁਰਸ਼ ਵਿਅਕਤੀਗਤ ਮੁਕਾਬਲੇ ਦੇ ਤੀਜੇ ਦੌਰ ਵਿਚ ਪੁੱਜਣ ਵਿਚ ਸਫ਼ਲ ਰਹੇ। ਉਨ੍ਹਾਂ ਨੇ ਦੂਜੇ ਦੌਰ ਵਿਚ ਲੰਡਨ ਓਲੰਪਿਕ ਦੇ ਵਿਅਕਤੀਗਤ ਮੁਕਾਬਲੇ ਵਿਚ ਸੋਨੇ ਦਾ ਮੈਡਲ ਜੇਤੂ ਦੱਖਣੀ ਕੋਰੀਆ ਦੀ ਓਹ ਜਿਨ ਹਯੇਕ ਨੂੰ ਸ਼ੂਟ ਆਫ ਵਿਚ ਹਰਾਇਆ। ਅਤਾਨੂ ਨੇ ਪੱਛੜਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ 6-4 ਨਾਲ ਜਿੱਤ ਦਰਜ ਕੀਤੀ।

ਮੁੱਕੇਬਾਜ਼ੀ ’ਚ ਸਤੀਸ਼ ਜਿੱਤੇ, ਮੈਰੀ ਕਾਮ ਨੂੰ ਮਿਲੀ ਨਿਰਾਸ਼ਾ : ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ (91 ਕਿਲੋਗ੍ਰਾਮ ਤੋਂ ਵੱਧ) ਨੇ ਜਮੈਕਾ ਦੇ ਰਿਕਾਰਡਾਂ ਬਰਾਊਨ ਨੂੰ 4-1 ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਦਾਖ਼ਲ ਲਿਆ। ਉੱਥੇ, ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮਸੀ ਮੈਰੀ ਕਾਮ ਆਖ਼ਰੀ-16 ਦੌਰ ਦੇ ਮੁਕਾਬਲੇ ਵਿਚੋਂ ਹਾਰ ਕੇ ਬਾਹਰ ਹੋ ਗਈ। ਉਨ੍ਹਾਂ ਨੂੰ ਰੀਓ ਓਲੰਪਿਕ ਦੀ ਤਾਂਬੇ ਦਾ ਮੈਡਲ ਜੇਤੂ ਇੰਗਰਿਟ ਵਾਲੇਂਸੀਆ ਨੇ 3-2 ਨਾਲ ਹਰਾਇਆ।

ਭਾਰਤ ਦੇ ਹੋਰ ਨਤੀਜੇ

-ਨਿਸ਼ਾਨੇਬਾਜ਼ੀ ਵਿਚ ਮਨੂ ਭਾਕਰ ਤੇ ਰਾਹੀ ਸਰਨੋਬਤ ਮਹਿਲਾ 25 ਮੀਟਰ ਪਿਸਟਲ ਕੁਆਲੀਫਿਕੇਸ਼ਨ ਵਿਚ ਲਗਾਤਾਰ ਪੰਜਵੇਂ ਤੇ 25ਵੇਂ ਸਥਾਨ ’ਤੇ ਰਹੀਆਂ

-ਗੋਲਫ ਵਿਚ ਅਨੀਬਾਰਨ ਲਾਹਿੜੀ ਪਹਿਲੇ ਦੌਰ ਵਿਚ ਸੰਯੁਕਤ ਰੂਪ ਨਾਲ ਅੱਠਵੇਂ ਸਥਾਨ ’ਤੇ ਰਹੇ, ਜਦਕਿ ਉਦਯਨ ਮਾਨੇ ਸਭ ਤੋਂ ਹੇਠਲੇ ਸਥਾਨ ’ਤੇ ਸਨ।

-ਕਿਸ਼ਤੀ ਦੌੜ ਵਿਚ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਲਾਈਟਵੇਟ ਡਬਲ ਸਕਲਜ਼ ਮੁਕਾਬਲੇ ਵਿਚ 11ਵੇਂ ਸਥਾਨ ’ਤੇ ਰਹੇ।

-ਸੇਲਿੰਗ ਵਿਚ ਕੇਸੀ ਗਣਪਤੀ ਅਤੇ ਵਰੁਣ ਠੱਕਰ ਦੀ ਭਾਰਤੀ ਜੋੜੀ ਪੁਰਸ਼ਾਂ ਦੀ ਸਕਿਫ 49ਆਰ ਮੁਕਾਬਲੇ ਵਿਚ 17ਵੇਂ ਸਥਾਨ ਤੋਂ ਹੇਠਾਂ ਰਹੀ। ਵਿਸ਼ਣੂ ਸਰਵਨਨ ਲੇਜ਼ਰ ਮੁਕਾਬਲੇ ਵਿਚ 23ਵੇਂ ਸਥਾਨ ’ਤੇ ਰਹੇ। ਨੇਤਰਾ ਕੁਮਾਨਨ ਮਹਿਲਾ ਲੇਜ਼ਰ ਰੇਡੀਅਲ ਵਿਚ 31ਵੇਂ ਸਥਾਨ ’ਤੇ ਰਹੀ।

-ਤੈਰਾਕ ਸਾਜਨ ਪ੍ਰਕਾਸ਼ ਪੁਰਸ਼ਾਂ ਦੇ 100 ਮੀਟਰ ਬਟਰਫਲਾਈ ਵਿਚ ਆਪਣੀ ਹੀਟ ’ਚ ਦੂਜੇ ਸਥਾਨ ’ਤੇ ਰਹੇ ਪਰ ਸੈਮੀਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕੇ।

Posted By: Jatinder Singh