(ਅਭਿਨਵ ਬਿੰਦਰਾ ਦਾ ਕਾਲਮ)


ਟੋਕੀਓ ਓਲੰਪਿਕ ਖੇਡਾਂ ਦੀ ਸ਼ੁਰੂਆਤ ਦੀ ਘੜੀ ਜਿਵੇਂ-ਜਿਵੇਂ ਨੇੜੇ ਆ ਰਹੀ, ਤਿਵੇਂ-ਤਿਵੇਂ ਰੋਮਾਂਚ ਵਧਦਾ ਜਾ ਰਿਹਾ ਹੈ। ਭਾਰਤ ਦੀ ਗੱਲ ਕਰੀਏ ਤਾਂ ਸਾਨੂੰ ਸ਼ਾਨਦਾਰ ਲੈਅ ਦੇਖਣ ਨੂੰ ਮਿਲ ਰਹੀ ਹੈ। ਭਾਰਤੀ ਖਿਡਾਰੀ ਚੰਗੀ ਤਰ੍ਹਾਂ ਨਾਲ ਤਿਆਰ ਦਿਖਾਈ ਦੇ ਰਹੇ ਹਨ ਤੇ ਉਹ ਹਰ ਦਿਨ ਸਖ਼ਤ ਮਿਹਨਤ ਕਰ ਰਹੇ ਹਨ। ਪ੍ਰਸ਼ਾਸਨ ’ਚ ਵੀ ਕਾਫੀ ਸੁਧਾਰ ਦੇਖਣ ਨੂੰ ਮਿਲੇ ਹਨ, ਜਿਸ ਦੇ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ।

ਮਸਲਨ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ, ਜਦੋਂ ਬਹੁਤ ਸਾਰੇ ਭਾਰਤੀ ਓਲੰਪਿਕ ’ਚ ਮੈਡਲ ਜਿੱਤਣ ਦੇ ਦਾਅਵੇਦਾਰ ਹੋਣ। ਰੈਂਕਿੰਗ ਦੇ ਮਾਮਲੇ ’ਚ ਉਹ ਦੁਨੀਆ ਦੇ ਸਰਬੋਤਮ ਖਿਡਾਰੀਆਂ ’ਚ ਸ਼ਾਮਲ ਹਨ। ਭਾਰਤ ਕੋਲ ਇਤਿਹਾਸਕ ਪ੍ਰਦਰਸ਼ਨ ਕਰਨ ਦਾ ਮੌਕਾ ਹੈ ਕਿਉਂਕਿ ਤਿਆਰੀ ਲਈ ਪ੍ਰਕਿਰਿਆ ਨੂੰ ਅਪਣਾਇਆ ਜਾ ਰਿਹਾ ਹੈ। ਇੱਥੋਂ ਤਕ ਕਿ ਮਹਾਮਾਰੀ ਨੂੰ ਵੀ ਬਹੁਤ ਚੰਗੇ ਢੰਗ ਨਾਲ ਹੈਂਡਲ ਕੀਤਾ ਗਿਆ। ਇਹ ਸਭ ਮਿਲਾ ਕੇ ਸਰਗਰਮੀ ਨਾਲ ਇਕ ਚੰਗੀ ਸੋਚ ਦੇਖਣ ਨੂੰ ਮਿਲ ਰਹੀ ਹੈ। ਜੇ 15 ਜਾਂ 20 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸਾਨੂੰ ਏਨੀ ਤੇਜ਼ੀ ਨਾਲ ਕੰਮ ਹੁੰਦੇ ਨਜ਼ਰ ਨਹੀਂ ਆਉਂਦੇ ਸਨ ਜਿੰਨੇ ਕਿ ਹੁਣ ਹੋ ਰਹੇ ਹਨ। ਇਥੋਂ ਤਕ ਕਿ ਸਾਧਨਾਂ ਦੀ ਵੰਡ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਕੁਝ ਟੀਮਾਂ ਦੁਨੀਆ ’ਚ ਸਭ ਤੋਂ ਬਿਹਤਰ ਤਰੀਕੇ ਨਾਲ ਤਿਆਰ ਹਨ। ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਨਿਸ਼ਾਨੇਬਾਜ਼ੀ ਟੀਮ ਕੋਲ ਭਾਰਤੀ ਟੀਮ ਦੀ ਤਰ੍ਹਾਂ ਵਿੱਤੀ ਤੇ ਹੋਰ ਸ੍ਰੋਤ ਮੁਹੱਈਆ ਹੋਣਗੇ।

ਕਿਹਾ ਜਾਂਦਾ ਹੈ ਕਿ ਹਰ ਕਿਸੇ ਨੂੰ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਓਲੰਪਿਕ ਇਕ ਖੇਡ ਮੁਕਾਬਲੇ ਤੋਂ ਕਿਤੇ ਜ਼ਿਆਦਾ ਹੈ। ਵੈਲਿਊ ਆਫ ਐਕਸੀਲੈਂਸ, ਦੋਸਤੀ ਤੇ ਸਨਮਾਨ ਅਥਲੀਟ ਨੂੰ ਖ਼ਾਸ ਬਣਾਉਂਦਾ ਹੈ। ਮੈਡਲ ਜਿੱਤਣ ਦੀ ਕੋਸ਼ਿਸ਼ ’ਚ ਅਸੀਂ ਸਿਰਫ ਖ਼ੁਦ ਦੀ ਅਗਵਾਈ ਨਹੀਂ ਕਰਦੇ। ਅਸੀਂ ਆਪਣੇ ਦੇਸ਼ ਤੇ ਓਲੰਪਿਕਸ ਦੀ ਅਗਵਾਈ ਕਰ ਰਹੇ ਹਾਂ। ਕਿਸੇ ਹੋਰ ਕੋਲ ਓਨੀ ਸ਼ਕਤੀ ਨਹੀਂ ਹੈ, ਜਿੰਨੀ ਖੇਡਾਂ ਕੋਲ ਹੈ। ਖੇਡ ’ਚ ਅਸੀਂ ਜਿੱਤਣਾ ਸਿੱਖਦੇ ਹਾਂ, ਪਰ ਉਸ ਤੋੋਂ ਵੀ ਜ਼ਿਆਦਾ ਅਸੀਂ ਇਹ ਸਿੱਖਦੇ ਹਾਂ ਕਿ ਹਾਰ ਨੂੰ ਕਿਵੇਂ ਲੈਣਾ ਹੈ। ਅਸੀਂ ਇਮਾਨਦਾਰੀ ਤੇ ਅਖੰਡਤਾ ਨਾਲ ਨਿਯਮਾਂ ਦੀ ਪਾਲਣਾ ਕਰਨਾ ਸਿੱਖਦੇ ਹਾਂ। ਅਸੀਂ ਟੀਚਾ ਤੈਅ ਕਰਨਾ ਸਿੱਖਦੇ ਹਾਂ ਤੇ ਉਸ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ। ਰੋਚਕ ਗੱਲ ਇਹ ਹੈ ਕਿ ਖੇਡਾਂ ’ਚ ਅਸੀਂ ਸੁਣਨਾ ਸਿੱਖਦੇ ਹਾਂ ਤੇ ਦੂਸਰਿਆਂ ਦੀ ਰਾਇ ਦਾ ਸਨਮਾਨ ਕਰਦੇ ਹਾਂ। ਅੱਜ ਦਾ ਸਮਾਜ ਦੂਸਰਿਆਂ ਦੇ ਵਿਚਾਰਾਂ ਨੂੰ ਸੁਣਨਾ ਪਸੰਦ ਨਹੀਂ ਕਰਦਾ। ਦੂਸਰਿਆਂ ਦੇ ਵਿਚਾਰ ਨੂੰ ਸਨਮਾਨ ਤੇ ਦੋਸਤੀ ਦੀ ਗੱਲ ਤਾਂ ਖੈਰ ਭੁੱਲ ਹੀ ਜਾਓ।

ਅਥਲੀਟ ਲਈ ਖੇਡ ਦੀਆਂ ਕਦਰਾਂ-ਕੀਮਤਾਂ ਨਾਲ ਜ਼ਿੰਦਗੀ ਜਿਊਣਾ ਮਾਇਨੇ ਰੱਖਦਾ ਹੈ। ਖੇਡ ਨਾਲ ਜ਼ਿੰਦਗੀ ਦੀਆਂ ਜੋ ਕਦਰਾਂ-ਕੀਮਤਾਂ ਤੁਸੀਂ ਸਿੱਖਦੇ ਹੋ, ਉਹ ਬਹੁਤ ਹੀ ਕੀਮਤੀ ਹੁੰਦੀਆਂ ਹਨ ਤੇ ਸਮਾਜ ਲਈ ਕਾਫੀ ਤਰਕਸੰਗਤ ਹੁੰਦੀਆਂ ਹਨ। ਮੈਡਲ ਜਿੱਤਣਾ ਤਾਂ ਖੈਰ ਖ਼ਾਸ ਤਜਰਬਾ ਹੈ ਹੀ, ਪਰ ਖੇਡ ਦੀ ਅਸਲੀ ਸ਼ਕਤੀ ਮੁਕਾਬਲੇ ਤੋਂ ਕਿਤੇ ਅੱਗੇ ਸਮਾਜ ’ਤੇ ਪੈਣ ਵਾਲੇ ਅਸਰ ’ਤੇ ਦਿਖਾਈ ਦਿੰਦੀ ਹੈ। ਇਸ ਦੀ ਇਕ ਸ਼ਾਨਦਾਰ ਉਦਾਹਰਣ ਹੈ ਅਤੇ ਮੇਰੇ ਦਿਲ ਦੇ ਕਾਫੀ ਕਰੀਬ ਹੈ। ਇਟਲੀ ਦੇ ਨਿਸ਼ਾਨੇਬਾਜ਼ ਤੇ ਤਿੰਨ ਵਾਰ ਦੇ ਓਲੰਪਿਕ ਚੈਂਪੀਅਨ ਨਿਕੋਲੋ ਕੈਂਪਰਿਆਨੀ ਨਾਲ ਮੈਂ ਰਿਫਿਊਜੀ ਪ੍ਰਾਜੈਕਟ ਕਰ ਰਿਹਾ ਹਾਂ।

ਟੋਕੀਓ 2020 ’ਚ ਹਿੱਸਾ ਲੈਣ ਵਾਲੇ ਨਿਸ਼ਾਨੇਬਾਜ਼ਾਂ ਦੀ ਜ਼ਿੰਦਗੀ ਪਹਿਲਾਂ ਹੀ ਕਾਫੀ ਬਦਲ ਚੁੱਕੀ ਹੈ। ਦੁੱਖ, ਨਿਰਾਸ਼ਾ ਤੋਂ ਉਭਰਦੇ ਹੋਏ ਹੁਣ ਉਨ੍ਹਾਂ ਦੀਆਂ ਅੱਖਾਂ ’ਚ ਚਮਕ ਹੈ ਤੇ ਉਨ੍ਹਾਂ ਦਾ ਧਿਆਨ ਟੀਚੇ ’ਤੇ ਹੈ। ਤੁਸੀਂ ਕਹਿ ਸਕਦੇ ਹੋ ਕਿ ਖੇਡ ਜ਼ਰੀਏ ਤੁਸੀਂ ਜ਼ਿੰਦਗੀ ਦੇ ਸੰਘਰਸ਼ਾਂ ਤੋਂ ਉਭਰ ਕੇ ਜਿਊਣਾ ਸਿੱਖਦੇ ਹੋ। ਮੌਜੂਦਾ ਭਾਰਤੀ ਮੁਹਿੰਮ ਬਾਰੇ ਮੈਨੂੰ ਕਿਸੇ ਨੇ ਦੱਸਿਆ ਕਿ ਰੀਓ 2016 ਲਈ ਓਲੰਪਿਕ ਟਾਸਕ ਫੋਰਸ ਦਾ ਜੋ ਗਠਨ ਹੋਇਆ, ਉਸ ਨਾਲ ਭਾਰਤੀ ਟੀਮ ਨੂੰ ਸ਼ਾਨਦਾਰ ਤਿਆਰੀ ਕਰਨ ’ਚ ਮਦਦ ਮਿਲੀ। ਮੈਂ ਹਮੇਸ਼ਾ ਇਸ ਦਾ ਸਿਹਰਾ ਅਥਲੀਟ ਨੂੰ ਦਿੰਦਾ ਹਾਂ।

Posted By: Sunil Thapa