ਟੋਕੀਓ (ਪੀਟੀਆਈ) : ਦੀਕਸ਼ਾ ਡਾਗਰ ਨੂੰ ਪੰਜ ਅਗਸਤ ਤੋਂ ਸ਼ੁਰੂ ਹੋ ਰਹੀ ਟੋਕੀਓ ਓਲੰਪਿਕ ਦੀ ਮਹਿਲਾ ਗੋਲਫ ਚੈਂਪੀਅਨਸ਼ਿਪ ਵਿਚ ਪ੍ਰਵੇਸ਼ ਮਿਲਿਆ ਹੈ ਜਿਸ ਨਾਲ ਭਾਰਤੀ ਚੁਣੌਤੀ ਮਜ਼ਬੂਤ ਹੋਵੇਗੀ। ਪਿਛਲੇ ਮਹੀਨੇ ਜਦ ਆਖ਼ਰੀ ਸੂਚੀ ਤਿਆਰ ਕੀਤੀ ਗਈ ਸੀ ਤਾਂ ਦੀਕਸ਼ਾ ਰਿਜ਼ਰਵ ਖਿਡਾਰੀਆਂ ਵਿਚ ਸ਼ਾਮਲ ਸੀ। ਅੰਤਰਰਾਸ਼ਟਰੀ ਗੋਲਫ ਮਹਾਸੰਘ ਨੇ ਭਾਰਤੀ ਗੋਲਫ ਯੂਨੀਅਨ (ਆਈਜੀਯੂ) ਰਾਹੀਂ ਦੀਕਸ਼ਾ ਦੇ ਓਲੰਪਿਕ ਵਿਚ ਥਾਂ ਮਿਲਣ ਦੀ ਸੂਚਨਾ ਦਿੱਤੀ। ਆਈਜੀਯੂ ਇਸ ਤੋਂ ਬਾਅਦ ਦੀਕਸ਼ਾ ਦੇ ਓਲੰਪਿਕ ਖੇਡਾਂ ਲਈ ਸਮੇਂ ਨਾਲ ਟੋਕੀਓ ਪੁੱਜਣ ਦੀ ਤਿਆਰੀ ਕਰ ਰਿਹਾ ਹੈ। ਅਦਿਤੀ ਅਸ਼ੋਕ ਓਲੰਪਿਕ ਵਿਚ ਖੇਡਣ ਲਈ ਕੱਟ ਹਾਸਲ ਕਰ ਚੁੱਕੀ ਹੈ। ਮਹਿਲਾ ਗੋਲਫ ਮੁਕਾਬਲੇ ਵਿਚ ਹੁਣ ਭਾਰਤ ਦੀਆਂ ਦੋ ਖਿਡਾਰਨਾਂ ਹੋਣਗੀਆਂ। ਖੱਬੇ ਹੱਥ ਦੀ ਖਿਡਾਰੀ ਦੀਕਸ਼ਾ ਪਹਿਲੀ ਵਾਰ ਓਲੰਪਿਕ ਵਿਚ ਹਿੱਸਾ ਲਵੇਗੀ ਜਦਕਿ ਅਦਿਤੀ ਦੂਜੀ ਵਾਰ ਖੇਡਾਂ ਦੇ ਮਹਾਕੁੰਭ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੀ ਹੈ। ਦੀਕਸਾ ਨੂੰ ਸੁਣਨ ਵਿਚ ਮੁਸ਼ਕਲ ਹੈ ਤੇ ਉਹ 2017 'ਚ ਬੋਲ਼ਿਆਂ ਦੇ ਓਲੰਪਿਕ ਤੇ ਹੁਣ ਓਲੰਪਿਕ ਵਿਚ ਹਿੱਸਾ ਲੈਣ ਦਾ ਮਾਣ ਹਾਸਲ ਕਰੇਗੀ। ਉਹ ਬੋਲ਼ਿਆਂ ਦੇ ਓਲੰਪਿਕ ਵਿਚ ਸਿਲਵਰ ਮੈਡਲ ਜਿੱਤਣ ਵਿਚ ਕਾਮਯਾਬ ਰਹੀ ਸੀ। ਦੱਖਣੀ ਅਫਰੀਕਾ ਦੀ ਪਾਲਾ ਰੇਟੋ ਨੇ ਟੋਕੀਓ ਖੇਡਾਂ ਤੋਂ ਹਟਣ ਦਾ ਫ਼ੈਸਲਾ ਕੀਤਾ ਤੇ ਆਸਟ੍ਰੀਆ ਦੀ ਗੋਲਫਰ ਸਾਰਾ ਸ਼ੋਬਰ ਨੂੰ ਬਦਲਣ ਦੀ ਬੇਨਤੀ ਨੂੰ ਉਕਰਾ ਦਿੱਤਾ ਗਿਆ ਜਿਸ ਤੋਂ ਬਾਅਦ ਦੀਕਸ਼ਾ ਨੂੰ ਚੈਂਪੀਅਨਸ਼ਿਪ ਵਿਚ ਥਾਂ ਮਿਲੀ।