ਮੈਂਫਿਸ (ਏਪੀ) : ਸਟਾਰ ਗੋਲਫਰ ਜਸਟਿਨ ਥਾਮਸ ਐਤਵਾਰ ਨੂੰ ਫੈਡਐਕਸ ਸੇਂਟ ਜਯੂਡ ਗੋਲਫ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਕੇ ਜੂਨ 2018 ਤੋਂ ਬਾਅਦ ਪਹਿਲੀ ਵਾਰ ਦੁਨੀਆ ਦੇ ਨੰਬਰ ਇਕ ਗੋਲਫਰ ਬਣ ਗਏ ਹਨ। ਥਾਮਸ ਨੇ ਪਿਛਲੇ ਚੈਂਪੀਅਨ ਬਰੂਕਸ ਕੋਪਕਾ ਨੂੰ ਪਛਾੜ ਕੇ ਵਿਸ਼ਵ ਗੋਲਫ ਚੈਂਪੀਅਨਸ਼ਿਪ ਵਿਚ ਜਿੱਤ ਦਰਜ ਕੀਤੀ ਹੈ। ਥਾਮਸ ਨੇ ਆਖ਼ਰੀ ਦੌਰ 'ਚ ਪੰਜ ਅੰਡਰ 66 ਦੇ ਸਕੋਰ ਨਾਲ ਕੁਲ 13 ਅੰਡਰ 267 ਦੇ ਸਕੋਰ ਨਾਲ ਖ਼ਿਤਾਬ ਜਿੱਤਿਆ। ਉਨ੍ਹਾਂ ਨੂੰ ਕਰੀਅਰ ਦਾ 13ਵਾਂ ਪੀਜੀਏ ਟੂਰ ਖ਼ਿਤਾਬ ਆਪਣੇ ਨਾਂ ਕੀਤਾ। ਥਾਮਸ ਇਸ ਤੋਂ ਪਹਿਲਾਂ 2018 ਵਿਚ ਚਾਰ ਹਫ਼ਤਿਆਂ ਲਈ ਵਿਸ਼ਵ ਦੇ ਨੰਬਰ ਇਕ ਖਿਡਾਰੀ ਬਣੇ ਸਨ।

ਕੋਰੋਨਾ ਹੋਣ ਦੇ ਬਾਵਜੂਦ ਆਤਮਵਿਸ਼ਵਾਸ ਨਾਲ ਭਰੇ ਹਨ ਚੌਰਸੀਆ

ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਦਿੱਗਜ ਗੋਲਫਰ ਐੱਸਐੱਸਪੀ ਚੌਰਸੀਆ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੇ ਬਾਵਜੂਦ ਆਤਮਵਿਸ਼ਵਾਸ ਨਾਲ ਭਰੇ ਹਨ। ਏਸ਼ਿਆਈ ਟੂਰ 'ਤੇ ਛੇ ਅਤੇ ਯੂਰਪੀ ਟੂਰ 'ਤੇ ਚਾਰ ਵਾਰ ਦੇ ਜੇਤੂ 42 ਸਾਲ ਦੇ ਚੌਰਸੀਆ ਫਿਲਹਾਲ ਕੋਲਕਾਤਾ ਵਿਚ ਆਪਣੇ ਘਰ ਵਿਚ ਕੁਆਰੰਟਾਈਨ 'ਚ ਹਨ। ਚੌਰਸੀਆ ਨੇ ਕਿਹਾ, 'ਮੈਂ ਕਾਫ਼ੀ ਚੰਗਾ ਮਹਿਸੂਸ ਕਰ ਰਿਹਾ ਹਾਂ ਅਤੇ ਕੋਈ ਲੱਛਣ (ਕੋਰੋਨਾ ਵਾਇਰਸ ਦੇ) ਨਜ਼ਰ ਨਹੀਂ ਆ ਰਹੇ ਹਨ। ਕੋਈ ਕਮਜ਼ੋਰੀ, ਬੁਖਾਰ ਨਹੀਂ ਹੈ ਅਤੇ ਮੈਂ ਸਰਗਰਮ ਮਹਿਸੂਸ ਕਰ ਰਿਹਾ ਹਾਂ, ਪਰ ਡਾਕਟਰ ਦੀ ਸਲਾਹ 'ਤੇ ਮੈਂ ਆਪਣੇ ਘਰ 'ਤੇ ਕੁਆਰੰਟਾਈਨ ਵਿਚ ਹਾਂ ਅਤੇ ਆਪਣੀ ਪਤਨੀ ਤੋਂ ਵੱਖ ਕਮਰੇ ਵਿਚ ਰਹਿ ਰਿਹਾ ਹਾਂ। ਅਸੀਂ ਦੋਵੇਂ ਆਪਣੇ ਘਰ ਦੇ ਅੰਦਰ ਹਾਂ ਅਤੇ ਪਾਜ਼ੇਟਿਵ ਨਤੀਜਾ ਆਉਣ ਤੋਂ ਬਾਅਦ ਘਰ ਤੋਂ ਬਾਹਰ ਨਹੀਂ ਨਿਕਲ ਰਹੇ ਹਾਂ।' ਉਨ੍ਹਾਂ ਕਿਹਾ, 'ਡਾਕਟਰ ਦੀ ਸਲਾਹ 'ਤੇ ਮੈਂ ਖ਼ੁਦ ਜਾਂਚ ਕਰਵਾਉਣ ਗਿਆ ਸੀ ਕਿਉਂਕਿ ਮੈਂ ਯੂਰਪੀ ਟੂਰ ਮੁਕਾਬਲਿਆਂ ਲਈ ਬਰਤਾਨੀਆ ਜਾਣ ਦੀ ਯੋਜਨਾ ਬਣਾ ਰਿਹਾ ਸੀ। ਮੈਂ ਅਸਹਿਜ ਮਹਿਸੂਸ ਨਹੀਂ ਕਰ ਰਿਹਾ ਹਾਂ। ਇਹ ਯਾਤਰਾ ਤੋਂ ਪਹਿਲਾਂ ਇਹਤਿਆਤੀ ਕਦਮ ਸੀ ਕਿਉਂਕਿ ਮੈਨੂੰ ਬਰਤਾਨੀਆ ਵਿਚ ਕਾਫ਼ੀ ਟੂਰਨਾਮੈਂਟ ਖੇਡਣੇ ਹਨ।'

ਅਟਵਾਲ ਸੰਯੁਕਤ 53ਵੇਂ ਸਥਾਨ 'ਤੇ

ਟਰਕੀ (ਅਮਰੀਕਾ) : ਭਾਰਤੀ ਗੋਲਫਰ ਅਰਜੁਨ ਅਟਵਾਲ ਇੱਥੇ ਬਾਰਾਕੁਡਾ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਪਲੱਸ ਚਾਰ ਦੇ ਸਕੋਰ ਤੋਂ ਸੰਯੁਕਤ 53ਵੇਂ ਸਥਾਨ 'ਤੇ ਰਹੇ। ਪਹਿਲੇ ਤਿੰਨ ਦੌਰ 'ਚ ਛੇ, ਤਿੰਨ ਅਤੇ ਚਾਰ ਅੰਕ ਬਣਾਉਣ ਵਾਲੇ ਅਟਵਾਲ ਨੇ ਐਤਵਾਰ ਨੂੰ ਆਖ਼ਰੀ ਦੌਰ ਵਿਚ ਚਾਰ ਬਰਡੀ ਕੀਤੀ ਪਰ ਉਹ ਇਕ ਬੋਗੀ ਅਤੇ ਇਕ ਡਬਲ ਬੋਗੀ ਵੀ ਕਰ ਗਏ। ਅਟਵਾਲ ਹੁਣ ਵਿਨਧੈਮ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ। (ਪੀਟੀਆਈ)