ਨਵੀਂ ਦਿੱਲੀ (ਪੀਟੀਆਈ) : ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਚੋਟੀ ਦੀਆਂ ਟੀਮਾਂ ਦੇ ਨਾਂ ਵਾਪਸ ਲੈਣ ਕਾਰਨ ਵਿਸ਼ਵ ਬੈਡਮਿੰਟਨ ਮਹਾਸੰਘ (ਬੀਡਬਲਯੂਐੱਫ) ਨੇ ਡੈਨਮਾਰਕ ਵਿਚ ਹੋਣ ਵਾਲੇ ਥਾਮਸ ਤੇ ਉਬੇਰ ਕੱਪ ਟੂਰਨਾਮੈਂਟ ਮੰਗਲਵਾਰ ਨੂੰ ਅਗਲੇ ਸਾਲ ਤਕ ਲਈ ਮੁਲਤਵੀ ਕਰ ਦਿੱਤੇ। ਭਾਰਤ ਨੇ ਤਿੰਨ ਤੋਂ 11 ਅਕਤੂਬਰ ਤਕ ਡੈਨਮਾਰਕ ਦੇ ਆਰਹਸ ਵਿਚ ਹੋਣ ਵਾਲੇ ਟੂਰਨਾਮੈਂਟ ਲਈ ਮਹਿਲਾ ਤੇ ਮਰਦ ਦੋਵਾਂ ਟੀਮਾਂ ਦਾ ਐਲਾਨ ਕਰ ਦਿੱਤਾ ਸੀ। ਕੋਰੋਨਾ ਮਹਾਮਾਰੀ ਕਾਰਨ ਹਾਲਾਂਕਿ ਥਾਈਲੈਂਡ, ਆਸਟ੍ਰੇਲੀਆ, ਚੀਨੀ ਤਾਇਪੇ ਤੇ ਅਲਜੀਰੀਆ ਤੋਂ ਬਾਅਦ ਸ਼ੁੱਕਰਵਾਰ ਨੂੰ ਇੰਡੋਨੇਸ਼ੀਆ ਤੇ ਦੱਖਣੀ ਕੋਰੀਆ ਨੇ ਵੀ ਨਾਂ ਵਾਪਸ ਲੈ ਲਿਆ ਜਿਸ ਕਾਰਨ ਬੀਡਬਲਯੂਐੱਫ ਨੇ ਐਤਵਾਰ ਨੂੰ ਵਰਚੁਅਲ ਮੀਟਿੰਗ ਬੁਲਾਈ। ਮਹਾਸੰਘ ਨੇ ਕਿਹਾ ਕਿ ਬੀਡਬਲਯੂਐੱਫ ਮੇਜ਼ਬਾਨ ਬੈਡਮਿੰਟਨ ਡੈਨਮਾਰਕ ਦੀ ਸਹਿਮਤੀ ਨਾਲ ਥਾਮਸ ਤੇ ਉਬੇਰ ਕੱਪ 2020 ਮੁਲਤਵੀ ਕਰਨ ਦਾ ਔਖਾ ਫ਼ੈਸਲਾ ਲੈ ਰਿਹਾ ਹੈ। ਕਈ ਟੀਮਾਂ ਦੇ ਨਾਂ ਵਾਪਸ ਲੈਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਸੋਧੇ ਹੋਏ ਬੀਡਬਲਯੂਐੱਫ ਵਿਸ਼ਵ ਟੂਰ ਦੇ ਯੂਰਪੀ ਗੇੜ ਕਾਰਨ ਹੁਣ ਇਸ ਲਈ 2021 ਤੋਂ ਪਹਿਲਾਂ ਬਦਲਵਾਂ ਪ੍ਰੋਗਰਾਮ ਬਣਾਉਣਾ ਵੀ ਮੁਸ਼ਕਲ ਹੈ। ਬੀਡਬਲਯੂਐੱਫ ਨੇ ਸਿੰਗਾਪੁਰ ਤੇ ਹਾਂਗਕਾਂਗ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਅਜਿਹੀਆਂ ਖ਼ਬਰਾਂ ਹਨ ਕਿ ਚੀਨ ਤੇ ਜਾਪਾਨ ਵੀ ਨਾਂ ਵਾਪਿਸ ਲੈਣ ਦੀ ਸੋਚ ਰਹੇ ਸਨ।

ਸਾਇਨਾ ਤੇ ਸਿੰਧੂ ਨੇ ਕਰਨੀ ਸੀ ਮਹਿਲਾ ਟੀਮ ਦੀ ਅਗਵਾਈ

ਭਾਰਤ ਦੀ ਸਟਾਰ ਖਿਡਾਰਨ ਸਾਇਨਾ ਨੇਹਵਾਲ ਨੇ ਵੀ ਅਜਿਹੇ ਸਮੇਂ ਵਿਚ ਟੂਰਨਾਮੈਂਟ ਨੂੰ ਕਰਵਾਉਣ 'ਤੇ ਚਿੰਤਾ ਜ਼ਾਹਰ ਕੀਤੀ ਸੀ। ਸਾਇਨਾ ਤੇ ਪੀਵੀ ਸਿੰਧੂ ਮਹਿਲਾ ਟੀਮ ਦੀ ਅਗਵਾਈ ਕਰ ਰਹੀਆਂ ਸਨ ਜਦਕਿ ਮਰਦ ਟੀਮ ਵਿਚ ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਸ਼ਾਮਲ ਸਨ। ਟੀਮ ਦੀਆਂ ਤਿਆਰੀਆਂ ਵੀ ਪੁਖ਼ਤਾ ਨਹੀਂ ਸਨ ਕਿਉਂਕਿ ਭਾਰਤੀ ਖੇਡ ਅਥਾਰਟੀ ਦੇ ਕੁਆਰੰਟਾਈਨ ਪ੍ਰੋਟੋਕਾਲ ਦਾ ਪਾਲਣ ਕਰਨ ਤੋਂ ਖਿਡਾਰੀਆਂ ਦੇ ਇਨਕਾਰ ਤੋਂ ਬਾਅਦ ਪ੍ਰਸਤਾਵਿਤ ਕੈਂਪ ਰੱਦ ਹੋ ਗਿਆ ਸੀ।

ਤੈਅ ਸਮੇਂ ਤੋਂ ਹੋਵੇਗਾ ਡੈਨਮਾਰਕ ਓਪਨ

ਬੀਡਬਲਯੂਐੱਫ ਨੇ ਇਹ ਵੀ ਕਿਹਾ ਕਿ ਡੈਨਮਾਰਕ ਓਪਨ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ 13 ਤੋਂ 18 ਅਕਤੂਬਰ ਤਕ ਓਡੇਂਸੇ ਵਿਚ ਹੋਵੇਗਾ ਪਰ 20 ਤੋਂ 25 ਅਕਤੂਬਰ ਤਕ ਹੋਣ ਵਾਲਾ ਵਿਕਟਰ ਡੈਨਮਾਰਕ ਮਾਸਟਰਜ਼ ਰੱਦ ਕਰ ਦਿੱਤਾ ਗਿਆ ਹੈ। ਸੋਧੇ ਕੈਲੰਡਰ ਵਿਚ ਬੀਡਬਲਯੂਐੱਫ ਨੇ ਨਵੰਬਰ ਤੋਂ ਐੱਚਐੱਸਬੀਸੀ ਵਿਸ਼ਵ ਟੂਰ ਫਾਈਨਲਸ ਤੋਂ ਇਲਾਵਾ ਏਸ਼ੀਆ ਵਿਚ ਦੋ ਸੁਪਰ 1000 ਟੂਰਨਾਮੈਂਟ ਕਰਵਾਉਣ ਦਾ ਵੀ ਫ਼ੈਸਲਾ ਲਿਆ ਹੈ। ਰਿਪੋਰਟ ਮੁਤਾਬਕ ਬੀਡਬਲਯੂਐੱਫ ਇੰਡੋਨੇਸ਼ੀਆ ਵਿਚ ਤਿੰਨ ਟੂਰਨਾਮੈਂਟ ਕਰਵਾਉਣਾ ਚਾਹੁੰਦਾ ਹੈ ਪਰ ਇੰਡੋਨੇਸ਼ੀਆ ਨੇ ਕੋਰੋਨਾ ਮਹਾਮਾਰੀ ਕਾਰਨ ਇਰਾਦਾ ਬਦਲ ਦਿੱਤਾ।