ਪੈਰਿਸ (ਆਈਏਐੱਨਐੱਸ) : ਪੈਰਿਸ ਸੇਂਟ ਜਰਮੇਨ (ਪੀਐੱਸਜੀ) ਦੇ ਸਟ੍ਰਾਈਕਰ ਨੇਮਾਰ ਨੇ ਕਿਹਾ ਹੈ ਕਿ ਉਹ ਅਲਵਾਰੋ ਗੋਂਜਾਲੇਜ ਦਾ ਜਵਾਬ ਦਿੱਤੇ ਬਿਨਾਂ ਮੈਦਾਨ ਨਹੀਂ ਛੱਡ ਸਕਦੇ ਕਿਉਂਕਿ ਮੈਚ ਅਧਿਕਾਰੀਆਂ ਨੇ ਮਾਰਸੀਲੇ ਦੇ ਡਿਫੈਂਡਰ ਖ਼ਿਲਾਫ਼ ਲੱਗੇ ਨਸਲਵਾਦੀ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ ਸੀ। ਨੇਮਾਰ ਉਨ੍ਹਾਂ ਪੰਜ ਖਿਡਾਰੀਆਂ ਵਿਚ ਸਨ ਜਿਨ੍ਹਾਂ ਨੂੰ ਐਤਵਾਰ ਨੂੰ ਮਾਰਸੀਲੇ ਖ਼ਿਲਾਫ਼ ਖੇਡੇ ਗਏ ਮੈਚ 'ਚੋਂ ਬਾਹਰ ਕਰ ਦਿੱਤਾ। ਮਾਰਸੀਲੇ ਨੇ ਐਤਵਾਰ ਨੂੰ ਪੀਐੱਸਜੀ ਨੂੰ 1-0 ਨਾਲ ਹਰਾ ਦਿੱਤਾ ਤੇ ਇਹ ਮੈਚ ਆਪਣੀ ਹਮਲਾਵਰ ਖੇਡ ਲਈ ਜਾਣਿਆ ਜਾਵੇਗਾ। ਬ੍ਰਾਜ਼ੀਲ ਦੇ ਇਸ ਖਿਡਾਰੀ ਨੇ ਗੋਂਜਾਲੇਜ ਨੂੰ ਇੰਜਰੀ ਟਾਈਮ ਵਿਚ ਥੱਪੜ ਮਾਰ ਦਿੱਤਾ ਸੀ ਜਿਨ੍ਹਾਂ 'ਤੇ ਨਸਲਵਾਦ ਦੇ ਦੋਸ਼ ਸਨ। ਨੇਮਾਰ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਵਿਚ ਲਿਖਿਆ ਕਿ ਉਨ੍ਹਾਂ ਨੇ ਇਕ ਬੇਵਕੂਫ਼ ਵਾਂਗ ਵਿਵਹਾਰ ਕੀਤਾ ਪਰ ਨਾਲ ਹੀ ਕਿਹਾ ਕਿ ਜੋ ਲੋਕ ਸੱਤਾ ਵਿਚ ਹਨ ਉਹ ਖੇਡ ਵਿਚ ਨਸਲਵਾਦ ਦੇ ਮੁੱਦੇ 'ਤੇ ਧਿਆਨ ਦੇਣ। ਨਸਲਵਾਦ ਹੈ ਤੇ ਸਾਨੂੰ ਉਸ ਨੂੰ ਰੋਕਣਾ ਪਵੇਗਾ। ਉਨ੍ਹਾਂ ਨੇ ਲਿਖਿਆ ਕਿ ਮੈਂ ਐਤਵਾਰ ਨੂੰ ਵਿਦਰੋਹ ਕੀਤਾ। ਮੈਨੂੰ ਸਜ਼ਾ ਮਿਲੀ ਕਿਉਂਕਿ ਮੈਂ ਉਸ ਇਨਸਾਨ ਨੂੰ ਮਾਰਨਾ ਚਾਹੁੰਦਾ ਸੀ ਜਿਨ੍ਹਾਂ ਨੇ ਮੈਨੂੰ ਨੀਵਾਂ ਦਿਖਾਇਆ। ਮੈਨੂੰ ਲੱਗਾ ਕਿ ਮੈਨੂੰ ਕੁਝ ਕਰ ਕੇ ਜਾਣਾ ਚਾਹੀਦਾ ਹੈ ਕਿਉਂਕਿ ਮੈਨੂੰ ਅਹਿਸਾਸ ਹੋਇਆ ਕਿ ਜੋ ਲੋਕ ਸੱਤਾ ਵਿਚ ਹਨ ਉਹ ਕੁਝ ਨਹੀਂ ਕਰਨਗੇ, ਉਨ੍ਹਾਂ ਨੇ ਨੋਟਿਸ ਨਹੀਂ ਕੀਤਾ, ਸੱਚਾਈ ਤੋਂ ਮੂੰਹ ਮੋੜਿਆ। ਇਸ ਮੈਚ ਵਿਚ ਮੈਂ ਹਮੇਸ਼ਾ ਵਾਂਗ ਜਵਾਬ ਦੇਣਾ ਚਾਹੁੰਦਾ ਸੀ। ਫੁੱਟਬਾਲ ਖੇਡਣਾ ਚਾਹੁੰਦਾ ਸੀ। ਸੱਚਾਈ ਇਹ ਹੈ ਕਿ ਮੈਂ ਕਾਮਯਾਬ ਨਹੀਂ ਹੋਇਆ, ਮੈਂ ਵਿਦਰੋਹ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੀ ਖੇਡ ਵਿਚ ਹਮਲਾਵਰ ਹੋਣਾ, ਬੇਇੱਜ਼ਤੀ, ਸਹੁੰ ਖਾਣਾ ਖੇਡ ਦਾ ਹਿੱਸਾ ਹੈ। ਮੈਂ ਉਸ ਇਨਸਾਨ ਨੂੰ ਥੋੜ੍ਹਾ ਬਹੁਤ ਜਾਣਦਾ ਹਾਂ, ਪਰ ਨਸਲਵਾਦ ਤੇ ਅਸਹਿਣਸ਼ੀਲਤਾ ਮੰਨਣਯੋਗ ਨਹੀਂ ਹੈ। ਮੈਂ ਸਿਆਹਫਾਮ ਹਾਂ, ਸਿਆਹਫਾਮ ਦਾ ਪੋਤਾ ਹਾਂ। ਮੈਨੂੰ ਇਸ 'ਤੇ ਮਾਣ ਹੈ ਤੇ ਮੈਂ ਆਪਣੇ ਆਪ ਨੂੰ ਕਿਸੇ ਤੋਂ ਵੱਖ ਨਹੀਂ ਦੇਖਦਾ ਹਾਂ।

ਸਾਡੀ ਗੱਲ ਨੂੰ ਕੀਤਾ ਗਿਆ ਨਜ਼ਰਅੰਦਾਜ਼ :

ਐਤਵਾਰ ਨੂੰ ਮੈਂ ਚਾਹੁੰਦਾ ਸੀ ਕਿ ਜੋ ਲੋਕ ਮੈਚ ਦੇ ਜ਼ਿੰਮੇਵਾਰ ਸਨ ਉਹ ਕੋਈ ਰੁਖ਼ ਅਖ਼ਤਿਆਰ ਕਰਦੇ। ਕੀ ਮੈਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਸੀ? ਮੈਨੂੰ ਅਜੇ ਤਕ ਨਹੀਂ ਪਤਾ। ਹੁਣ ਠੰਢੇ ਦਿਮਾਗ਼ ਨਾਲ, ਕਹਿੰਦਾ ਹਾਂ ਕਿ ਹਾਂ, ਪਰ ਉਸ ਸਮੇਂ ਮੇਰੇ ਸਾਥੀਆਂ ਤੇ ਮੈਂ ਰੈਫਰੀ ਤੋਂ ਮਦਦ ਮੰਗੀ ਪਰ ਸਾਡੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।