ਨਵੀਂ ਦਿੱਲੀ (ਜੇਐੱਨਐੱਨ) : ਇਸ ਸਾਲ ਦੇ ਰਾਸ਼ਟਰੀ ਖੇਡ ਪੁਰਸਕਾਰਾਂ ਲਈ ਕਈ ਖਿਡਾਰੀ ਦਾਅਵੇਦਾਰੀ ਵਿਚ ਸ਼ਾਮਲ ਹੋ ਗਏ ਹਨ। ਜ਼ਿਆਦਾਤਰ ਮਹਾਸੰਘਾਂ ਨੇ ਹਰੇਕ ਖੇਡ ਪੁਰਸਕਾਰ ਲਈ ਆਪੋ-ਆਪਣੇ ਖਿਡਾਰੀਆਂ ਦੇ ਨਾਂ ਖੇਡ ਮੰਤਰਾਲੇ ਨੂੰ ਭੇਜ ਦਿੱਤੇ ਹਨ। ਮੰਗਲਵਾਰ ਨੂੰ ਹਾਕੀ ਇੰਡੀਆ ਨੇ ਖੇਡ ਰਤਨ ਪੁਰਸਕਾਰ ਲਈ ਭਾਰਤੀ ਮਹਿਲਾ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਨਾਂ ਭੇਜਿਆ ਹੈ। ਉਥੇ ਵੰਦਨਾ ਕਟਾਰੀਆ, ਮੋਨਿਕਾ ਤੇ ਹਰਮਨਪ੍ਰਰੀਤ ਸਿੰਘ ਦੇ ਨਾਂ ਅਰਜੁਨ ਪੁਰਸਕਾਰ ਲਈ ਭੇਜੇ ਹਨ। ਮੇਜਰ ਧਿਆਨ ਚੰਦ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਲਈ ਭਾਰਤ ਦੇ ਸਾਬਕਾ ਖਿਡਾਰੀ ਆਰਪੀ ਸਿੰਘ ਤੇ ਤੁਸ਼ਾਰ ਖਾਂਡਕਰ ਦੇ ਨਾਂ ਭੇਜੇ ਗਏ ਹਨ ਜਦਕਿ ਦਰੋਣਾਚਾਰਿਆ ਪੁਰਸਕਾਰ ਲਈ ਕੋਚ ਬੀਜੇ ਕਰੀਅੱਪਾ ਤੇ ਰਮੇਸ਼ ਪਠਾਨੀਆ ਦੇ ਨਾਵਾਂ ਨੂੰ ਅੱਗੇ ਕੀਤਾ ਗਿਆ ਹੈ। ਰਾਣੀ ਦੀ ਕਪਤਾਨੀ ਵਿਚ ਭਾਰਤ ਨੇ 2017 ਵਿਚ ਮਹਿਲਾ ਏਸ਼ੀਆ ਕੱਪ ਜਿੱਤਿਆ ਸੀ ਤੇ 2018 ਵਿਚ ਏਸ਼ੀਅਨ ਖੇਡਾਂ ਵਿਚ ਸਿਲਵਰ ਮੈਡਲ ਜਿੱਤਿਆ ਸੀ। ਉਥੇ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਨੇ ਵੀ ਅਰਜੁਨ ਪੁਰਸਕਾਰ ਲਈ ਪੰਜ ਖਿਡਾਰੀਆਂ ਨੂੰ ਨਾਮਜ਼ਦ ਕੀਤਾ ਹੈ। ਰੀਓ ਓਲੰਪਿਕ ਵਿਚ ਮੈਡਲ ਜਿੱਤਣ ਵਾਲੀ ਸਾਕਸ਼ੀ ਮਲਿਕ ਹਾਲਾਂਕਿ ਪਿਛਲੇ ਤਿੰਨ ਸਾਲਾਂ ਵਿਚ ਕੁਝ ਖ਼ਾਸ ਪ੍ਰਦਰਸ਼ਨ ਨਹੀਂ ਕਰ ਸਕੀ ਤੇ ਕਈ ਵਾਰ ਆਪਣੇ ਜੂਨੀਅਰ ਖਿਡਾਰੀਆਂ ਹੱਥੋਂ ਵੀ ਹਾਰ ਗਈ ਪਰ ਡਬਲਯੂਐੱਫਆਈ ਨੇ ਉਨ੍ਹਾਂ ਦੀ ਉਮੀਦਵਾਰੀ ਨੂੰ ਖ਼ਾਰਜ ਨਹੀਂ ਕੀਤਾ। ਵਿਸ਼ਵ ਚੈਂਪੀਅਨ ਦੇ ਮੈਡਲ ਹਾਸਲ ਦੀਪਕ ਪੂਨੀਆ ਤੇ ਰਾਹੁਲ ਅਵਾਰੇ ਦੀ ਉਮੀਦਵਾਰੀ ਦਮਦਾਰ ਹੈ। ਇਸ ਤੋਂ ਇਲਾਵਾ ਡਬਲਯੂਐੱਫਆਈ ਨੇ ਸੰਦੀਪ ਤੋਮਰ ਤੇ ਗ੍ਰੀਕੋ ਰੋਮਨ ਭਲਵਾਨ ਨਵੀਨ ਨੂੰ ਵੀ ਨਾਮਜ਼ਦ ਕੀਤਾ ਹੈ। ਇਸ ਤੋਂ ਪਹਿਲਾਂ ਡਬਲਯੂਐੱਫਆਈ ਨੇ ਖੇਡ ਰਤਨ ਲਈ ਵਿਨੇਸ਼ ਫੋਗਾਟ ਦਾ ਨਾਂ ਭੇਜਿਆ ਸੀ। ਡਬਲਯੂਐੱਫਆਈ ਨੇ ਵਰਿੰਦਰ ਕੁਮਾਰ ਤੇ ਰਾਸ਼ਟਰੀ ਮਹਿਲਾ ਟੀਮ ਦੇ ਕੋਚ ਕੁਲਦੀਪ ਮਲਿਕ ਨੂੰ ਦਰੋਣਾਚਾਰਿਆ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਵਰਿੰਦਰ ਨੂੰ ਜੂਨੀਅਰ ਵਿਸ਼ਵ ਚੈਂਪੀਅਨ ਦੀਪਕ ਪੂਨੀਆ ਤੇ ਰਵੀ ਦਹੀਆ ਦੇ ਕਰੀਅਰ ਨੂੰ ਸੰਵਾਰਨ ਦਾ ਮਾਣ ਜਾਂਦਾ ਹੈ ਤੇ ਦੋਵੇਂ ਹੀ ਭਲਵਾਨ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਹਨ। ਕੁਲਦੀਪ ਲੰਬੇ ਸਮੇਂ ਤਕ ਕੋਚਿੰਗ ਦੀ ਸੇਵਾ ਦੇ ਰਹੇ ਹਨ। ਦਰੋਣਾਚਾਰਿਆ ਪੁਰਸਕਾਰ ਲਈ ਓਪੀ ਯਾਦਵ ਤੇ ਸੁਜੀਤ ਮਾਨ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਧਿਆਨਚੰਦ ਪੁਰਸਕਾਰਾਂ ਲਈ ਜੈ ਪ੍ਰਕਾਸ਼, ਅਨਿਲ ਕੁਮਾਰ, ਦੁਸ਼ਯੰਤ ਸ਼ਰਮਾ ਤੇ ਮੁਕੇਸ਼ ਖੱਤਰੀ ਨੂੰ ਨਾਮਜ਼ਦ ਕੀਤਾ ਗਿਆ ਹੈ। ਭਾਰਤ ਦੀ ਟੇਬਲ ਟੈਨਿਸ ਸਟਾਰ ਮਨਿਕਾ ਬੱਤਰਾ ਨੂੰ ਭਾਰਤੀ ਟੇਬਲ ਟੈਨਿਸ ਮਹਾਸੰਘ ਨੇ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਮਹਾਸੰਘ ਨੇ ਉਨ੍ਹਾਂ ਤੋਂ ਇਲਾਵਾ ਮਧੁਰਿਕਾ ਪਾਟਕਰ, ਮਾਨਵ ਠੱਕਰ ਤੇ ਸੁਤੀਰਥ ਮੁਖਰਜੀ ਦੇ ਨਾਵਾਂ ਦੀ ਸਿਫ਼ਾਰਸ਼ ਅਰਜੁਨ ਪੁਰਸਕਾਰ ਲਈ ਕੀਤੀ ਹੈ। ਕੋਚ ਜੈਯੰਤ ਪੁਸ਼ੀਲਾਲ ਤੇ ਐੱਸ ਰਮਨ ਨੂੰ ਦਰੋਣਾਚਾਰਿਆ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਭਾਰਤ ਦੀ ਚੋਟੀ ਦੀ ਮਰਦ ਡਬਲਜ਼ ਬੈਡਮਿੰਟਨ ਜੋੜੀ ਸਾਤਵਿਕਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਤੇ ਸਮੀਰ ਵਰਮਾ ਦਾ ਨਾਂ ਭਾਰਤੀ ਬੈਡਮਿੰਟਨ ਮਹਾਸੰਘ ਨੇ ਅਰਜੁਨ ਪੁਰਸਕਾਰ ਲਈ ਭੇਜਿਆ ਹੈ। ਮਹਾਸੰਘ ਨੇ ਦਰੋਣਾਚਾਰਿਆ ਲਈ ਐੱਸ ਮੁਰਲੀਧਰਨ ਤੇ ਭਾਸਕਰ ਬਾਬੂ ਜਦਕਿ ਧਿਆਨ ਚੰਦ ਪੁਰਸਕਾਰ ਲਈ ਗਾਂਧੇ ਤੇ ਮੰਜੂਸ਼ਾ ਕੰਵਰ ਦੇ ਨਾਂ ਭੇਜੇ ਹਨ।