ਨਿਊਯਾਰਕ (ਏਪੀ) : ਲੈਲਾ ਫਰਨਾਂਡੀਜ਼ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਆਪਣੇ 19ਵੇਂ ਜਨਮ ਦਿਨ ਦੇ ਕੁਝ ਦਿਨ ਬਾਅਦ ਹੀ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਕੈਨੇਡਾ ਦੀ ਗੈਰ ਦਰਜਾ ਹਾਸਲ ਫਰਨਾਂਡੀਜ਼ ਨੇ ਸੈਮੀਫਾਈਨਲ ਵਿਚ ਦੂਜਾ ਦਰਜਾ ਹਾਸਲ ਆਰਿਅਨਾ ਸਬਾਲੇਂਕਾ ਨੂੰ ਇਕ ਰੋਮਾਂਚਕ ਮੁਕਾਬਲੇ ਵਿਚ 7-6 (7-3), 4-6, 6-4 ਨਾਲ ਹਰਾਇਆ। ਉਹ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੀ ਹੈ। ਫਾਈਨਲ ਵਿਚ ਉਨ੍ਹਾਂ ਦਾ ਮੁਕਾਬਲਾ ਬਿ੍ਟੇਨ ਦੀ 18 ਸਾਲਾ ਐਮਾ ਰਾਡੂਕਾਨੂ ਨਾਲ ਹੋਵੇਗਾ ਜਿਨ੍ਹਾਂ ਨੇ ਯੂਨਾਨ ਦੀ 17ਵਾਂ ਦਰਜਾ ਹਾਸਲ ਮਾਰੀਆ ਸਕਾਰੀ ਨੂੰ ਸਿੱਧੇ ਸੈੱਟਾਂ ਵਿਚ 6-1, 6-4 ਨਾਲ ਮਾਤ ਦਿੱਤੀ। ਰਾਡੂਕਾਨੂ ਵੀ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਦੇ ਫਾਈਨਲ ਵਿਚ ਪੁੱਜੀ ਹੈ। ਲੈਲਾ ਨੇ ਸ਼ੁਰੂ ਵਿਚ ਤਿੰਨ ਗੇਮਾਂ ਗੁਆ ਦਿੱਤੀਆਂ ਸਨ ਪਰ ਉਨ੍ਹਾਂ ਨੇ ਵਾਪਸੀ ਕਰ ਕੇ ਟਾਈਬ੍ਰੇਕਰ ਵਿਚ ਇਹ ਸੈੱਟ ਜਿੱਤਿਆ। ਸਬਾਲੇਂਕਾ ਨੇ ਦੂਜਾ ਸੈੱਟ ਜਿੱਤ ਕੇ ਮੈਚ ਰੋਮਾਂਚਕ ਬਣਾ ਦਿੱਤਾ ਪਰ ਇਸ ਨਾਲ ਲੈਲਾ 'ਤੇ ਵੱਧ ਅਸਰ ਨਹੀਂ ਪਿਆ ਤੇ ਇਸ ਕੈਨੇਡਾ ਦੀ ਖਿਡਾਰਨ ਨੇ ਤੀਜਾ ਸੈੱਟ ਜਿੱਤ ਕੇ ਖ਼ਿਤਾਬ ਵੱਲ ਮਜ਼ਬੂਤ ਕਦਮ ਵਧਾਏ।

ਚੋਟੀ ਦੀਆਂ ਖਿਡਾਰਨਾਂ ਨੂੰ ਹਰਾ ਕੇ ਬਣਾਈ ਫਾਈਨਲ 'ਚ ਥਾਂ :

ਵਿਸ਼ਵ ਵਿਚ 73ਵੀਂ ਰੈਂਕਿੰਗ ਦੀ ਲੈਲਾ ਨੇ ਸਿਖਰਲਾ ਦਰਜਾ ਹਾਸਲ ਖਿਡਾਰਨਾਂ ਖ਼ਿਲਾਫ਼ ਲਗਾਤਾਰ ਚੌਥੇ ਮੈਚ ਵਿਚ ਤਿੰਨ ਸੈੱਟ ਵਿਚ ਜਿੱਤ ਦਰਜ ਕੀਤੀ। ਉਨ੍ਹਾਂ ਨੇ ਫਾਈਨਲ ਦੇ ਰਾਹ ਵਿਚ 2018 ਤੇ 2020 ਦੀ ਚੈਂਪੀਅਨ ਤੀਜਾ ਦਰਜਾ ਨਾਓਮੀ ਓਸਾਕਾ, 2016 ਦੀ ਚੈਂਪੀਅਨ 16ਵਾਂ ਦਰਜਾ ਹਾਸਲ ਏਂਜੇਲਿਕ ਕਰਬਰ ਤੇ ਫਿਰ ਪੰਜਵਾਂ ਦਰਜਾ ਹਾਸਲ ਏਲਿਨਾ ਸਵੀਤੋਲੀਨਾ ਤੇ ਹੁਣ ਸਬਾਲੇਂਕਾ ਨੂੰ ਹਰਾਇਆ।

ਕਈ ਸਮਾਨਤਾਵਾਂ ਨੇ ਦੋਵਾਂ ਖਿਡਾਰਨਾਂ 'ਚ

ਬਿ੍ਟੇਨ ਦੀ 18 ਸਾਲਾ ਕੁਆਲੀਫਾਇਰ ਰਾਡੂਕਾਨੂ ਤੇ ਕੈਨੇਡਾ ਦੀ 19 ਸਾਲਾ ਗ਼ੈਰ ਦਰਜਾ ਹਾਸਲ ਲੈਲਾ ਵਿਚ ਕਈ ਸਮਾਨਤਾਵਾਂ ਹਨ। ਦੋਵੇਂ ਤੇਜ਼ ਤੇ ਚਲਾਕ ਹਨ। ਉਹ ਮੁਸ਼ਕਲ ਸ਼ਾਟ ਨੂੰ ਵੀ ਆਸਾਨੀ ਨਾਲ ਦੂਜੇ ਪਾਸੇ ਪਹੁੰਚਾਉਣ ਦੇ ਸਮਰੱਥ ਹਨ। ਦੋਵੇਂ ਆਪਣੇ ਤੋਂ ਵੱਧ ਮਸ਼ਹੂਰ ਤੇ ਤਜਰਬੇਕਾਰ ਵਿਰੋਧੀਆਂ ਦੀ ਪਰਵਾਹ ਨਹੀਂ ਕਰਦੀਆਂ ਹਨ ਤੇ ਯੂਐੱਸ ਓਪਨ ਵਿਚ ਗ਼ੈਰ ਦਰਜਾ ਹਾਸਲ ਹਨ। ਇਹੀ ਕਾਰਨ ਹੈ ਕਿ ਇਸ ਗਰੈਂਡ ਸਲੈਮ ਵਿਚ ਉਨ੍ਹਾਂ ਨੂੰ ਦਰਸ਼ਕਾਂ ਦਾ ਬਹੁਤ ਸਾਰਾ ਸਮਰਥਨ ਮਿਲ ਰਿਹਾ ਹੈ ਤੇ ਦੋਵੇਂ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਦੇ ਫਾਈਨਲ ਵਿਚ ਪੁੱਜੀਆਂ ਹਨ। ਇਹ ਦੇਵੋਂ ਹੁਣ ਸ਼ਨਿਚਰਵਾਰ ਨੂੰ ਆਰਥਰ ਏਸ਼ ਸਟੇਡੀਅਮ ਵਿਚ ਖ਼ਿਤਾਬ ਲਈ ਆਹਮੋ-ਸਾਹਮਣੇ ਹੋਣਗੀਆਂ। ਬਿ੍ਟੇਨ ਦੀ ਰਾਡੂਕਾਨੂ ਦੀ ਵਿਸ਼ਵ ਰੈਂਕਿੰਗ 150 ਤੇ ਫਰਾਂਡੀਜ਼ ਦੀ 73 ਹੈ। ਰਾਡੂਕਾਨੂ ਪੇਸ਼ੇਵਰ ਯੁਗ ਵਿਚ ਗਰੈਂਡ ਸਲੈਮ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਕੁਆਲੀਫਾਇਰ ਹੈ। ਆਪਣੇ ਦੂਜੇ ਗਰੈਂਡ ਸਲੈਮ ਟੂਰਨਾਮੈਂਟ ਵਿਚ ਖੇਡ ਰਹੀ ਰਾਡੂਕਾਨੂ ਨੇ ਯੂਐੱਸ ਓਪਨ ਵਿਚ ਅਜੇ ਤਕ ਆਪਣੇ ਸਾਰੇ 18 ਸੈੱਟ ਜਿੱਤੇ ਹਨ। ਇਸ ਵਿਚ ਕੁਆਲੀਫਾਇੰਗ ਗੇੜ ਦੇ ਤਿੰਨ ਤੇ ਮੁੱਖ ਡਰਾਅ ਦੇ ਛੇ ਮੈਚ ਸ਼ਾਮਲ ਹਨ।