ਸੰਗਰੂਰ ਤੋਂ ਭਵਾਨੀਗੜ੍ਹ ਮੁੱਖ ਮਾਰਗ ’ਤੇ ਵਸੇ ਪਿੰਡ ਭਿੰਡਰਾਂ ਦਾ ਨਿੱਕਾ ਸਿੰਘ ਖੇਡ ਜਗਤ ਦਾ ਉਹ ਕੋਹਿਨੂਰ ਹੀਰਾ ਸੀ, ਜਿਸ ਨੇ ਏਸ਼ਿਆਈ ਖੇਡਾਂ ’ਚ ਸੋਨ ਤਮਗਾ ਜਿੱਤ ਕੇ ਦੇਸ਼ ਦਾ ਨਾਂ ਉੱਚਾ ਕੀਤਾ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਉਸ ਦਾ ਓਨਾ ਮੁੱਲ ਨਹੀਂ ਪਾਇਆ, ਜਿਸ ਦਾ ਉਹ ਹੱਕਦਾਰ ਸੀ।ਨਿੱਕਾ ਸਿੰਘ ਪੰਡਤਾਂ ਦਾ ਮੁੰਡਾ ਸੀ। ਸੰਨ 1919 ਨੂੰ ਉਸ ਦਾ ਜਨਮ ਪਿਤਾ ਆਸ਼ਾ ਰਾਮ ਦੇ ਘਰ ਭਿੰਡਰਾਂ (ਸੰਗਰੂਰ) ’ਚ ਇਕ ਪੇਂਡੂ ਵਾਤਾਵਰਨ ਵਾਲੇ ਮਾਹੌਲ ’ਚ ਹੋਇਆ। ਨਿੱਕਾ ਸਿੰਘ ਹੋਰੀਂ ਚਾਰ ਭਰਾ ਸਨ, ਜਿਨ੍ਹਾਂ ’ਚ ਵੱਡਾ ਹਰੀ ਸਿੰਘ, ਛੋਟੇ ਸਾਲਗ ਰਾਮ ਤੇ ਕਪੂਰੀ ਰਾਮ ਸਨ। ਪੜ੍ਹਾਈ ਪੱਖੋਂ ਉਹ ਵਿੰਗੇ-ਟੇਢੇ ਆਪਣੇ ਦਸਤਖ਼ਤ ਹੀ ਕਰਨੇ ਜਾਣਦਾ ਸੀ। ਉਹ ਸੰਨ 1939 ਨੂੰ ਫ਼ੌਜ ’ਚ ਬਤੌਰ ਸਿਪਾਹੀ ਭਰਤੀ ਹੋ ਗਿਆ।

ਕੱਦ ਉਸ ਦਾ ਪੰਜ ਫੁੱਟ ਅੱਠ ਇੰਚ ਦੇ ਨੇੜੇ ਸੀ। ਉਸ ਦੇ ਭਰਤੀ ਹੋਣ ’ਤੇ ਪਿੰਡ ’ਚ ਗੱਲਾਂ ਤੁਰੀਆਂ “ਲੈ ਪੰਡਤਾਂ ਦਾ ਨਿੱਕਾ ਸਿਹੁੰ ਫ਼ੌਜ ’ਚ ਭਰਤੀ ਹੋ ਗਿਆ। ਕਿੰਨੇ ਕੁ ਦਿਨ ਕੱਟੂ। ਫ਼ੌਜ ਦੀ ਨੌਕਰੀ ਬਾਹਲੀ ਸਖ਼ਤ ਐ।’’ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਗੱਭਰੂ ਅੱਗ ਦੀ ਲਾਟ ਵਰਗਾ ਨਿਕਲੇਗਾ।

ਨਿੱਕਾ ਸਿੰਘ 13 ਪੰਜਾਬ ਜੀਂਦ ਰੈਜੀਮੈਂਟ ’ਚ ਉਸ ਵੇਲੇ ਕੋਹਿਨੂਰ ਹੀਰੇ ਵਾਂਗੂੰ ਚਮਕਿਆ, ਜਦੋਂ ਉਸ ਨੇ 1940 ’ਚ ਭਾਰਤ ਦੀਆਂ ਸਾਰੀਆਂ ਫ਼ੌਜੀ ਰੈਜੀਮੈਂਟਾਂ ਦੇ ਖੇਡ ਮੁਕਾਬਲਿਆਂ ’ਚ 800 ਮੀਟਰ ਤੇ 1500 ਮੀਟਰ ਦੀ ਦੌੜ ਦਾ ਰਿਕਾਰਡ ਤੋੜ ਦਿੱਤਾ ਤੇ 1941 ’ਚ ਪਟਿਆਲਾ ਵਿਖੇ ਹੋਈਆਂ ਕੌਮੀ ਖੇਡਾਂ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਕੌਮੀ ਪੱਧਰ ਦੀਆਂ ਖੇਡਾਂ ’ਚ ਨਿੱਕਾ ਸਿੰਘ 800 ਮੀਟਰ ਤੇ 1500 ਮੀਟਰ ਦੀਆਂ ਦੌੜਾਂ ਦੌੜਦਾ ਰਿਹਾ ਤੇ ਉਸ ਨੇ ਢੇਰ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆ। ਇਨ੍ਹਾਂ ਜਿੱਤਾਂ ਦੇ ਇੱਕਾ-ਦੁੱਕਾ ਸਰਟੀਫਿਕੇਟ ਪਰਿਵਾਰ ਕੋਲ ਖ਼ਸਤਾ ਹਾਲਤ ’ਚ ਪਏ ਹਨ।

ਸੰਨ 1951 ’ਚ ਪਹਿਲੀਆਂ ਏਸ਼ਿਆਈ ਖੇਡਾਂ ਦਿੱਲੀ ਵਿੱਚ ਹੋਈਆਂ, ਜਿਸ ਵਿੱਚ ਨਿੱਕਾ ਸਿੰਘ ਨੇ 1500 ਮੀਟਰ ’ਚ ਭਾਰਤ ਲਈ ਸੋਨੇ ਦਾ ਤਮਗਾ ਜਿੱਤਿਆ ਸੀ। ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਸੀ। ਪਰਿਵਾਰ ਵਾਲੇ ਦੱਸਦੇ ਹਨ ਕਿ ਜਦੋਂ ਉਹ ਦੂਜੀਆਂ ਏਸ਼ਿਆਈ ਖੇਡਾਂ ਖੇਡਣ ਲਈ ਜਾਪਾਨ ਗਿਆ ਤਾਂ ਉਸ ਨੂੰ ਮੀਟ ਤੇ ਆਂਡੇ ਖਾਣ ਲਈ ਕਿਹਾ ਗਿਆ ਪਰ ਉਸ ਨੇ ਕਿਹਾ, ‘ਮੈਂ ਬ੍ਰਾਹਮਣ (ਹਿੰਦੂ) ਪਰਿਵਾਰ ਨਾਲ ਸਬੰਧ ਰੱਖਦਾ ਹਾਂ। ਮੈਂ ਇਹ ਨਹੀਂ ਖਾ ਸਕਦਾ।’’ ਜਾਪਾਨ ’ਚ ਉਸ ਨੇ ਛੋਲੇ ਖਾ ਕੇ ਗੁਜ਼ਾਰਾ ਕੀਤਾ।

ਨਿੱਕਾ ਸਿੰਘ ਦੇ ਤਿੰਨ ਬੇਟੇ ਕੈਪਟਨ ਕਰਮ ਚੰਦ, ਰਤਨ ਸਿੰਘ, ਸਵ: ਪਿਆਰਾ ਰਾਮ ਤੇ ਤਿੰਨ ਬੇਟੀਆ ਹਨ, ਜੋ ਧੂਰੀ ਨੇੜੇ ਮੱਲੂ ਮਾਜਰਾ ਵਿਆਹੀਆਂ ਹੋਈਆਂ ਹਨ। ਜਦੋਂ ਪੰਜਾਬ ’ਚ ਅਕਾਲੀ ਵਜ਼ਾਰਤ ਵੇਲੇ ਸੁਖਦੇਵ ਸਿੰਘ ਢੀਂਡਸਾ ਖੇਡ ਮੰਤਰੀ ਸਨ ਤਾਂ ਨਿੱਕਾ ਸਿੰਘ ਦੀ ਪਤਨੀ ਗੌਰਾ ਦੇਵੀ ਨੂੰ 600 ਰੁਪਏ ਪੈਨਸ਼ਨ ਮਿਲਦੀ ਹੁੰਦੀ ਸੀ ਤੇ ਬਾਅਦ ’ਚ ਉਹ ਵੀ ਬੰਦ ਹੋ ਗਈ।

ਦੇਸ਼ ਲਈ ਮਾਣਮੱਤੀਆਂ ਪ੍ਰਾਪਤ ਕਰਨ ਵਾਲਾ ਇਹ ਮਹਾਨ ਅਥਲੀਟ ਫ਼ੌਜ ’ਚੋਂ ਹੌਲਦਾਰ ਸੇਵਾ ਮੁਕਤ ਹੋ ਕੇ ਆਪਣੇ ਪਿੰਡ ਆ ਗਿਆ ਤੇ ਥੋੜ੍ਹੀ-ਮੋਟੀ ਜ਼ਮੀਨ ਨਾਲ ਘਰ ਦਾ ਗੁਜ਼ਾਰਾ ਚਲਾੳੁਂਦਾ ਰਿਹਾ। ਆਖ਼ਰਕਾਰ 74 ਵਰ੍ਹਿਆਂ ਦੀ ਉਮਰ ’ਚ ਉਹ 30 ਨਵੰਬਰ 1993 ਨੂੰ ਸਦਾ ਲਈ ਵਿਛੋੜਾ ਦੇ ਗਿਆ।

ਉਸ ਦੇ ਪਰਿਵਾਰ ਵਾਲਿਆ ਨੂੰ ਰੋਸਾ ਹੈ ਕਿ ਸਰਕਾਰਾਂ ਨੇ ਉਸ ਦੀ ਕਦਰ ਨਹੀਂ ਪਾਈ ਅਤੇ ਉਸ ਦੇ ਜਿੱਤੇ ਮੈਡਲ ਵੀ ਸਾਨੂੰ ਨਹੀਂ ਦਿੱਤੇ ਗਏ। ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਅਰਜੁਨ ਐਵਾਰਡ ਜਾਂ ਪਦਮਸ੍ਰੀ ਪੁਰਸਕਾਰ ਤਾਂ ਕੀ ਦੇਣਾ ਸੀ, ਕੋਈ ਛੋਟਾ-ਮੋਟਾ ਸਨਮਾਨ ਵੀ ਨਹੀਂ ਦਿੱਤਾ। ਉਸ ਦੀ ਮੌਤ ਤੋਂ ਬਾਅਦ ਪਿੰਡ ਨੂੰ ਜਾਣ ਵਾਲੀ ਸੜਕ ਉੱਪਰ ਸਾਬਕਾ ਵਿਧਾਇਕ ਜਸਵੀਰ ਸਿੰਘ ਸੰਗਰੂਰ ਨੇ ਇਕ ਗੇਟ ਬਣਵਾਇਆ ਸੀ, ਜਿਸ ਨੂੰ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਪੂਰਾ ਕੀਤਾ ਹੈ।

- ਮੇਜਰ ਸਿੰਘ ਜਖੇਪਲ

Posted By: Harjinder Sodhi