ਖੇਡਾਂ ਵਿਚ ਤਾਂ ਇਤਿਹਾਸ ਨਿੱਤ ਰਚਿਆ ਜਾਂਦਾ। ਰਿਕਾਰਡ ਟੁੱਟਦੇ ਨੇ ਬਣਦੇ ਨੇ। ਪਰ ਇਹ ਪਹਿਲੀ ਵਾਰ ਹੈ ਉਲੰਪਿਕ ਖੇਡਾਂ ਅੱਗੇ ਪਾ ਦਿੱਤੀਆਂ ਗਈਆਂ ਕਿਉਂਕਿ ਕੋਰੋਨਾ ਮਹਾਮਾਰੀ ਮਨੁੱਖਤਾ ਦੀ ਦੁਸ਼ਮਣ ਬਣ ਆਣ ਖੜੋਤੀ ਹੈ। ਹੁਣ ਅੱਗੇ ਪਾਈਆਂ ਖੇਡਾਂ ਨੂੰ ਕਰਵਾਉਣ ਦਾ ਸਮਾਂ ਆ ਗਿਆ ਹੈ। ਮੇਜ਼ਬਾਨ ਜਾਪਾਨ ਨੇ ਸੰਕਟਕਾਲੀਨ ਸਥਿਤੀ ਦਾ ਐਲਾਨ ਕਰ ਦਿੱਤਾ ਹੈ। ਜਿਸ ਦਾ ਮਤਲਬ ਹੈ ਬਾਹਰ ਤੋਂ ਆਉਣ ਵਾਲੇ ਦਰਸ਼ਕ ਟੋਕੀਉ ਦੇ ਅੱਡ-ਅੱਡ ਹਿੱਸਿਆਂ ਵਿਚ ਬਣਾਏ ਗਏ ਵਿਸ਼ੇਸ਼ ਸਟੇਡੀਅਮਾਂ ਵਿਚ ਬੈਠ ਕੇ ਖੇਡਾਂ ਦਾ ਆਨੰਦ ਨਹੀਂ ਮਾਣ ਸਕਣਗੇ। ਮੁਕਾਬਲੇ ਦਰਸ਼ਕ ਰਹਿਤ ਸਟੇਡੀਅਮਾਂ ਵਿਚ ਹੀ ਹੋਣਗੇ। ਸਿਰਫ਼ ਸੋਸ਼ਲ ਮੀਡੀਆ ਚੈਨਲਾਂ ਜਾਂ ਟੈਲੀਵਿਜ਼ਨ ਸਕਰੀਨਾਂ ’ਤੇ ਹੀ ਇਨ੍ਹਾਂ ਸਿਖ਼ਰ ਖੇਡ ਮੁਕਾਬਲਿਆਂ ਦਾ ਆਨੰਦ ਮਾਣ ਸਕਣਗੇ।

23 ਜੁਲਾਈ ਤੋਂ ਹੋਣ ਵਾਲੀਆਂ ਇਹ ਓਲੰਪਿਕਸ ਏਸ ਲਈ ਵੀ ਇਤਿਹਾਸਕ ਹੋ ਜਾਣਗੀਆਂ ਕਿ ਸ਼ੁਰੂਆਤੀ ਰਵਾਇਤੀ ਰਸਮ ਵੇਲੇ ਜਦ ਵੱਖ-ਵੱਖ ਮੁਲਕਾਂ ਦੇ ਨੁਮਾਇੰਦੇ ਮਾਰਚ ਪਾਸਟ ਵਿਚ ਹਿੱਸਾ ਲੈਂਦੇ ਸਟੇਡੀਅਮ ਅੰਦਰ ਦਾਖ਼ਲ ਹੋਣਗੇ ਤਾਂ ਹਰ ਦੇਸ਼ ਦੀ ਟੀਮ ਦੀ ਅਗਵਾਈ ਇਕ ਮਰਦ ਤੇ ਇਕ ਔਰਤ ਖਿਡਾਰਨ ਕਰ ਰਹੇ ਹੋਣਗੇ। ਔਰਤਾਂ ਨੂੰ ਖੇਡਾਂ ਵਿਚ ਬਰਾਬਰਤਾ ਦੇਣ ਵੱਲ ਇਹ ਇਕ ਪਹਿਲ ਹੈ ਜੋ ਕੌਮਾਂਤਰੀ ਓਲੰਪਿਕ ਸੰਘ ਵੱਲੋਂ ਆਰੰਭੀ ਗਈ ਹੈ।

2018 ਦੀਆਂ ਜੋ ਯੂਥ ਓਲੰਪਿਕਸ ਹੋਈਆਂ ਸਨ ਅਰਜਨਟੀਨਾ ਦੀ ਰਾਜਧਾਨੀ ਬਿਉਨਸ ਆਇਰਸ ਵਿਚ ਉੱਥੇ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਵਿਚ ਔਰਤਾਂ ਤੇ ਮਰਦਾਂ ਦੀ ਅਨੁਪਾਤ 50:50 ਸੀ। 2024 ਦੀਆਂ ਪੈਰਿਸ ਵਿਚ ਹੋਣ ਵਾਲੀਆਂ ਅਗਲੀਆਂ ਓਲੰਪਿਕ ਖੇਡਾਂ ਵਿਚ ਇਹ ਬਰਾਬਰਤਾ ਬਣਾ ਦਿੱਤੀ ਜਾਵੇਗੀ। 1964 ਤੋਂ ਬਾਦ ਇਹ ਦੂਜੀ ਵਾਰ ਹੈ ਕਿ ਖੇਡਾਂ ਟੋਕੀਓ ਵਿਚ ਹੋਣਗੀਆਂ। ਜੇ ਦੂਜੇ ਸੰਸਾਰ ਯੁੱਧ ਕਾਰਨ 1940 ਤੇ 1944 ਦੀਆਂ ਖੇਡਾਂ ਰੱਦ ਨਾ ਹੁੰਦੀਆਂ ਤਾਂ ਇਹ ਤੀਜੀ ਵਾਰ ਹੋਣਾ ਸੀ ਕਿ ਜਾਪਾਨ ਮੇਜ਼ਬਾਨ ਹੁੰਦਾ।

ਓਲੰਪਿਕਸ ਖੇਡਾਂ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਕਿ ਖੇਡਾਂ ਅਗਾਂਹ ਪਾਈਆਂ ਗਈਆਂ ਹੋਣ। ਪਹਿਲੇ ਤੇ ਦੂਜੇ ਸੰਸਾਰ ਯੁੱਧਾਂ ਕਾਰਨ ਖੇਡਾਂ ਰੱਦ ਜ਼ਰੂਰ ਹੋਈਆਂ। 2016 ਦੀਆਂ ਪਹਿਲੀਆਂ ਖੇਡਾਂ ਸਨ ਜੋ ਦੱਖਣੀ ਅਮਰੀਕਾ ਦੇ ਕਿਸੇ ਸ਼ਹਿਰ ਵਿਚ ਹੋਈਆਂ। ਇਤਿਹਾਸ ਗਵਾਹ ਹੈ ਕਿ ਬਹੁਤ ਸਾਰੇ ਦੇਸ਼ ਇਹ ਖੇਡਾਂ ਕਰਵਾ ਕੇ ਲੰਬੇ ਸਮੇਂ ਤਕ ਆਰਥਿਕ ਮੰਦਹਾਲੀ ਨਾਲ ਜੂਝਦੇ ਰਹਿੰਦੇ ਹਨ। ਯੂਨਾਨ ਦੀ ਉਦਾਹਰਣ ਸਭ ਦੇ ਸਾਹਮਣੇ ਹੈ। ਸ਼ਾਇਦ ਇਹੀ ਇਕ ਕਾਰਨ ਹੈ ਕਿ ਖੇਡਾਂ ਅਫਰੀਕਾ ਨਹੀਂ ਪਹੁੰਚ ਸਕੀਆਂ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਹ ਖੇਡਾਂ ਹੀ ਇਕ ਵਸੀਲਾ ਹਨ ਜੋ ਸਾਰੀ ਦੁਨੀਆ ਨੂੰ ਇਕ ਛੱਤ ਥੱਲੇ ਲਿਆ ਖੜ੍ਹਾ ਕਰਦੀਆਂ ਹਨ। ਓਲੰਪਿਕ ਖੇਡਾਂ ਵਿਚ ਬੇਸ਼ਕ ਔਰਤਾਂ ਤੇ ਮਰਦਾਂ ਨੂੰ ਬਰਾਬਰ ਦਾ ਦਰਜਾ ਦੇਣ ਦੀ ਕੋਸ਼ਿਸ਼ ਆਰੰਭੀ ਗਈ ਹੈ ਲੇਕਿਨ ਜੋ ਮੁੱਦਾ ਇਸ ਵਕਤ ਸੰਸਾਰ ਨੂੰ ਦਰਪੇਸ਼ ਹੈ ਉਹ ਹਾਲੇ ਵੀ ਕੌਮਾਂਤਰੀ ਓਲੰਪਿਕ ਸੰਘ ਦੇ ਖ਼ਿਆਲਾਂ ਵਿਚ ਵੀ ਨਹੀਂ। ਇਹ ਮੁੱਦਾ ਹੈ ਗ਼ਰੀਬ ਤੇ ਅਮੀਰ ਮੁਲਕਾਂ ਵਿਚਾਲੇ ਵਧਦੀ ਦੂਰੀ ਦਾ। 125 ਵਰੇ੍ਹ ਪਹਿਲਾਂ ਸ਼ੁਰੂ ਹੋਇਆ ਓਲੰਪਿਕ ਖੇਡਾਂ ਦਾ ਇਤਿਹਾਸ ਬਹੁਤ ਸਾਰੇ ਅਮੀਰ ਜਾਂ ਵਿਕਸਤ ਮੁਲਕਾਂ ਲਈ ਸਲਾਹੁਣਯੋਗ ਹੋਵੇਗਾ। ਬਹੁਤ ਕੀਰਤੀਮਾਨ ਸਥਾਪਿਤ ਹੋਏ। ਯੂਐੱਸਏ ਨੇ ਤਾਂ ਇਨ੍ਹਾਂ ਖੇਡਾਂ ਵਿਚ 1000 ਤੋਂ ਵੀ ਵੱਧ ਸੋਨ ਤਗਮੇ ਜਿੱਤ ਆਪਣੇ ਹੱਕ ਵਿਚ ਕੀਤੇ। ਪਰ ਅੱਜ ਵੀ ਬਹੁਤ ਸਾਰੇ ਮੁਲਕ ਜਿਨ੍ਹਾਂ ਦੀ ਗਿਣਤੀ 70 ਤੋਂ ਵੀ ਵੱਧ ਹੋਵੇਗੀ ਹਾਲੇ ਵੀ ਪਹਿਲੇ ਮੈਡਲ ਦੀ ਇੰਤਜ਼ਾਰ ਵਿਚ ਹਨ। ਕੀ ਇਹ ਮੁਲਕ ਕਦੇ ਵੀ ਤਗਮਾ ਸੂਚੀ ਦਾ ਹਿੱਸਾ ਬਣ ਸਕਣਗੇ ਕਹਿਣਾ ਮੁਸ਼ਕਲ ਨਹੀਂ। ਜੀ ਹਾਂ ਜਵਾਬ ਨਾਂਹ ਵਿਚ ਹੈ। ਐਥਲੈਟਿਕਸ ਤੇ ਫੁਟਬਾਲ ਛੱਡ ਬਾਕੀ ਖੇਡਾਂ ਵਿਚ ਇਹ ਵਿਕਸਿਤ ਦੇਸ਼ਾਂ ਦੇ ਮੀਲਾਂ- ਮੀਲਾਂ ਨੇੜੇ ਵੀ ਨਹੀਂ ਖੜ੍ਹੇ ਹੋ ਸਕਦੇ। ਜਦ ਤਕ ਖੇਡਾਂ “ ” ਹੁੰਦੀਆਂ ਰਹਿਣਗੀਆਂ। ਇਹ ਤੇਜ਼ੀ ਨਾਲ ਪਿੱਛੜਦੇ ਦੇਸ਼ ਹੋਰ ਪਿੱਛੇ ਚਲੇ ਜਾਣਗੇ।

ਸੱਚਾਈ ਤਾਂ ਇਹ ਹੈ ਕਿ ਹਰ ਚਾਰ ਵਰ੍ਹਿਆਂ ਨੂੰ ਰਚਿਆ ਜਾਂਦਾ ਇਹ ਖੇਡਾਂ ਦਾ ਮਹਾਂਕੁੰਭ ਅਮੀਰ ਦੇਸ਼ਾਂ ਦੇ ਖਿਡਾਰੀਆਂ ਤੇ ਅਧਿਕਾਰੀਆਂ, ਪ੍ਰਸ਼ਾਸਕਾਂ ਸਮੇਤ ਇਕ ਵੱਡੀ ਪਿਕਨਿਕ ਤੋਂ ਵੱਧ ਹੋਰ ਕੁਝ ਵੀ ਨਹੀਂ। ਗ਼ਰੀਬ ਤੇ ਤਰੱਕੀ ਕਰ ਰਹੇ ਮੁਲਕਾਂ ਦੇ ਸਿਰ ਚੜ੍ਹ ਕੇ ਖੇਡਾਂ ਬੋਲਦੀਆਂ ਹਨ ਤੇ ਚਿੜਾਉਂਦੀਆਂ ਨੇ ਕਿ ਆਉ ਸਾਡਾ ਮੁਕਾਬਲਾ ਕਰੋ। ਸਿਉਂਕੇ ਬਾਂਸ ਨਾਲ ਏ.ਕੇ.47 ਦਾ ਮੁਕਾਬਲਾ ਤਾਂ ਨਹੀਂ ਹੋ ਸਕਦਾ। ਕੌਮਾਂਤਰੀ ਖੇਡ ਸੰਘ ਨੂੰ ਕਦੇ ਤਾਂ ਇਸ ਬਾਰੇ ਸੋਚਣਾ ਪਵੇਗਾ।

ਓਲੰਪਿਕ ਖੇਡਾਂ ’ਤੇ ਜੇ ਨਜ਼ਰ ਮਾਰੀਏ ਤਾਂ ਲੱਗਦਾ ਹੈ ਕਿ ਮੈਡਲਾਂ ਦੀ ਦੌੜ ਵਿਚ ਭਾਰਤ ਬਹੁਤ ਪਿੱਛੇ ਰਹਿ ਗਿਆ ਹੈ। ਜੇਕਰ 1900 ਦੀਆਂ ਪੈਰਿਸ ਖੇਡਾਂ ਛੱਡ ਦੇਈਏ ਜਿੱਥੇ ਨਾਰਮਨ ਪਿ੍ਰਚਰਡ ਨੇ 200 ਮੀਟਰ ਦੌੜ ਤੇ 200 ਮੀਟਰ ਹਰਡਲਜ਼ ਵਿਚ ਚਾਂਦੀ ਦੇ ਤਗਮੇ ਜਿੱਤੇ ਸਨ। ਨਾਰਮਨ ਕਿਸੇ ਭਾਰਤੀ ਟੀਮ ਦਾ ਖਿਡਾਰੀ ਬਣ ਕੇ ਪੈਰਿਸ ਨਹੀਂ ਸੀ ਗਿਆ ਬਲਕਿ ਇਕ ਦਰਸ਼ਕ ਵਜੋਂ ਖੇਡਾਂ ਦੇਖਣ ਗਿਆ। ਭਾਰਤ ਦਾ ਓਲੰਪਿਕ ਖੇਡਾਂ ਵਿਚ ਰਸਮੀ ਤੌਰ ’ਤੇ ਦਾਖ਼ਲਾ ਤਾਂ 1928 ਵਿਚ ਹੋਇਆ ਸੀ ਤੇ ਭਾਰਤੀ ਹਾਕੀ ਟੀਮ ਬਰਤਾਨੀਆ ਦੀ ਇਕ ਕਾਲੋਨੀ ਵਜੋਂ ਖੇਡੀ ਸੀ। 1932 ਤੇ 1936 ਦੀਆਂ ਖੇਡਾਂ ’ਚ ਵੀ ਹਾਕੀ ਦੀ ਟੀਮ ਸੋਨੇ ਦਾ ਤਗਮਾ ਜਿੱਤੀ ਸੀ ਤੇ ਉਨ੍ਹਾਂ ਸਮਿਆਂ ’ਚ ਵੀ ਭਾਰਤੀ ਟੀਮ ਨੂੰ ਸਨਮਾਨ ਨਹੀਂ ਸੀ ਮਿਲਿਆ ਕਿਉਂ ਦੇਸ਼ ਗ਼ੁਲਾਮ ਸੀ। 1948 ’ਚ ਪਹਿਲੀ ਵਾਰ ਭਾਰਤੀ ਤਿਰੰਗਾ ਫਹਿਰਾਇਆ ਗਿਆ ਸੀ ਜਦ ਆਜ਼ਾਦ ਭਾਰਤ ਨੇ ਇਕ ਵਾਰ ਫਿਰ ਹਾਕੀ ਵਿਚ ਸੋਨੇ ਦਾ ਤਗਮਾ ਜਿੱਤਿਆ। 1952 ਵਿਚ ਹਾਕੀ ਟੀਮ ਨੇ ਫਿਰ ਭਾਰਤ ਮਾਂ ਦੀ ਝੋਲੀ ਵਿਚ ਸੋਨੇ ਦਾ ਤਗਮਾ ਪਾਇਆ। ਇਹ 1952 ਦੀਆਂ ਹੇਲਸਿੰਕੀ ਦੀਆਂ ਖੇਡਾਂ ਸਨ ਜਿੱਥੇ ਭਾਰਤ ਨੂੰ ਪਹਿਲੀ ਵਾਰ ਕਿਸੇ ਖਿਡਾਰੀ ਨੂੰ ਨਿੱਜੀ ਰੂਪ ਵਿਚ ਮੈਡਲ ਮਿਲਿਆ ਹੋਵੇ। ਇਹ ਸਨਮਾਨ ਹਾਸਲ ਕੀਤਾ ਸੀ ਪਹਿਲਵਾਨ ਕੇ ਡੀ ਜਾਦਵ ਠੇ। ਉਸ ਤੋਂ ਬਾਦ 44 ਵਰ੍ਹਿਆਂ ਦੇ ਇੰਤਜ਼ਾਰ ਮਗਰੋਂ 1996 ਦੀਆਂ ਐਟਲਾਂਟਾ ਖੇਡਾਂ ਵਿਚ ਲਿਆਂਡਰ ਪੇਸ ਨੂੰ ਟੈਨਿਸ ਵਿਚ ਨਿੱਜੀ ਮੈਡਲ ਹਾਸਲ ਹੋਇਆ। ਕਾਂਸੀ ਦਾ ਤਗਮਾ ਮਿਲਿਆ ਸੀ।

ਇਸ ਦੌਰਾਨ 1952 ਤੇ 1956 ਵਿਚ ਭਾਰਤੀ ਹਾਕੀ ਨੇ ਫਿਰ ਸੋਨੇ ਦੇ ਤਗਮੇ ਫੁੰਡੇ। 1960 ਦੀਆਂ ਰੋਮ ਵਿਚ ਹੋਈਆਂ ਖੇਡਾਂ ਵਿਚ ਭਾਰਤ ਨੂੰ ਹਾਕੀ ਵਿਚ ਚਾਂਦੀ ਦੇ ਤਗਮੇ ਨਾਲ ਹੀ ਸੰਤੁਸ਼ਟੀ ਕਰਨੀ ਪਈ ਸੀ। 1964 ਦੀਆਂ ਟੋਕੀਓ ਓਲੰਪਿਕ ਖੇਡਾਂ ’ਚ ਪਿ੍ਰਥੀਪਾਲ ਸਿੰਘ ਸਦਕਾ ਭਾਰਤ ਨੇ ਹਾਕੀ ’ਚ ਮੁੜ ਝੰਡਾ ਲਹਿਰਾ ਦਿੱਤਾ ਸੀ। 1968 ਤੇ 1972 ਵਿਚ ਭਾਰਤੀ ਹਾਕੀ ਟੀਮ ਦੇ ਹੱਥ ਆਏ ਸਨ ਕਾਂਸੀ ਦੇ ਤਗਮੇ। ਮਾਸਕੋ 1980 ਨੇ ਭਾਰਤ ਦੀ ਕਿਸਮਤ ਮੋੜੀ ਤੇ ਮੁੜ ਇਸ ਦੀ ਝੋਲੀ ਪਿਆ ਹਾਕੀ ਦਾ ਸੋਨ ਤਗਮਾ।

2000 ਦੀਆਂ ਸਿਡਨੀ ਦੀਆਂ ਖੇਡਾਂ ਵਿਚ ਕਰਨਾ ਮਲੇਸ਼ਵਰੀ ਨੇ ਕਾਂਸੀ ਦਾ ਤਗਮਾ ਜਿੱਤਿਆ ਭਾਰ-ਤੋਲਣ ਵਿਚ ਤੇ ਇਤਿਹਾਸ ਸਿਰਜਿਆ। ਉਹ ਪਹਿਲੀ ਭਾਰਤੀ ਖਿਡਾਰਨ ਬਣੀ ਜਿਸ ਨੇ ਓਲੰਪਿਕ ਵਿਚ ਮੈਡਲ ਜਿੱਤਿਆ ਹੋਵੇ। 2004 ਵਿਚ ਸ਼ੂਟਰ ਰਾਜਯੇਵਰਧਨ ਸਿੰਘ ਨੇ ਫੁੰਡਿਆ ਸ਼ੂਟਿੰਗ ਵਿਚ ਪਹਿਲਾ ਚਾਂਦੀ ਦਾ ਤਗਮਾ। ਚਾਰ ਵਰੇ੍ਹ ਮਗਰੋਂ ਬੀਜਿੰਗ ਵਿਚ ਅਭਿਨਵ ਬਿੰਦਰਾ ਨੇ ਸ਼ੂਟਿੰਗ ਵਿਚ ਸੋਨ ਤਗਮਾ ਜਿੱਤ ਭਾਰਤ ਨੂੰ ਉਸ ਕਤਾਰ ਵਿਚ ਆਣ ਖੜ੍ਹਾ ਕੀਤਾ। 2008 ਦੀਆਂ ਖੇਡਾਂ ਵਿਚ ਹੀ ਪਹਿਲਵਾਨ ਸੁਸ਼ੀਲ ਕੁਮਾਰ ਤੇ ਮੁੱਕੇਬਾਜ਼ ਵਜਿੰਦਰ ਸਿੰਘ ਵੀ ਕਾਂਸੀ ਦੇ ਤਗਮੇ ਜਿੱਤੇ। ਲੰਡਨ 2012 ’ ਭਾਰਤ ਨੇ ਚਾਂਦੀ ਦੇ ਦੋ- ਸ਼ੂਟਿੰਗ ਵਿਚ ਵਿਜੇ ਕੁਮਾਰ ਤੇ ਕੁਸ਼ਤੀਆਂ ਵਿਚ ਸੁਸ਼ੀਲ ਕੁਮਾਰ-ਤੇ ਕਾਂਸੀ ਦੇ ਤਿੰਨ- ਕੁਸ਼ਤੀਆਂ ਵਿਚ ਯੋਗੇਸ਼ਵਰ ਦੱਤ, ਮੁੱਕੇਬਾਜ਼ੀ ਵਿਚ ਮੈਰੀ ਕਾਮ, ਬੈਡਮਿੰਟਨ ਵਿਚ ਸਾਇਨਾ ਨੇਹਵਾਲ, ਤੇ ਸ਼ੂਟਿੰਗ ਵਿਚ ਗਗਨ ਨਾਰੰਗ। ਤੇ 2016 ਦੀਆਂ ਰੀਉ ਖੇਡਾਂ ਵਿਚ ਪੀ ਵੀ ਸਿੰਧੂ ਨੇ ਬੈਡਮਿੰਟਨ ਵਿਚ ਚਾਂਦੀ ਦਾ ਤੇ ਸਾਕਸ਼ੀ ਮਲਿਕ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਟੋਕੀਓ ਵਿਚ ਜੇਤੂਆਂ ਦਾ ਇੰਤਜ਼ਾਰ ਸ਼ੁਰੂ ਹੈ।

ਹਰ ਚੌਥਾ ਖਿਡਾਰੀ ਹਰਿਆਣੇ ਤੋਂ

ਪੰਜਾਬ ਦੀ ਖੇਡਾਂ ਵਿਚ ਸਰਦਾਰੀ ਲਗਾਤਾਰ ਲੜਖੜਾ ਰਹੀ ਹੈ। ਬੇਸ਼ੱਕ ਮਰਦਾਂ ਦੀ ਹਾਕੀ ਟੀਮ ਵਿਚ ਪੰਜਾਬ ਦੀ ਸਰਦਾਰੀ ਕਾਇਮ ਹੈ ਪਰ ਅੱਜ ਝੰਡੀ ਹਰਿਆਣੇ ਦੀ ਹੈ। ਲਗਪਗ ਹਰ ਚੌਥਾ ਖਿਡਾਰੀ ਹਰਿਆਣੇ ਤੋਂ ਹੈ। 126 ਮੈਂਬਰੀ ਭਾਰਤੀ ਓਲੰਪਿਕ ਦਲ ਵਿਚ 30 ਖਿਡਾਰੀ ਹਰਿਆਣੇ ਦੇ ਹਨ। ਪਿਛਲੀਆਂ ਉਲੰਪਿਕਸ ਵਿਚ ਭਾਰਤ ਨੂੰ ਜੋ 2 ਤਗਮੇ ਮਿਲੇ ਸਨ ਉਨ੍ਹਾਂ ਵਿੱਚੋਂ ਇਕ ਹਰਿਆਣੇ ਦਾ ਸੀ ਪਹਿਲਵਾਨ ਸਾਕਸ਼ੀ ਮਲਿਕ ਦਾ ਤੇ ਦੂਜਾ ਸੀ ਬੈਡਮਿੰਟਨ ਵਿਚ ਪੀ ਵੀ ਸਿੰਧੂ ਦਾ ਚਾਂਦੀ ਵਾਲਾ ਤਗਮਾ। ਇਸ ਵਾਰ ਹਰਿਆਣਾ ਦੀ ਜੋ ਨੁਮਾਇੰਦਗੀ ਕਰਨਗੇ ਉਹ ਹਨ।

ਵਿਦੇਸ਼ਾਂ ਵਿਚ ਭਾਰਤੀ ਮੂਲ ਦੇ ਖਿਡਾਰੀ

ਵਿਦੇਸ਼ਾਂ ਵਿਚ ਭਾਰਤੀ ਮੂਲ ਦੇ ਖਿਡਾਰੀ ਆਪਣਾ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਵਾਰ ਬਿ੍ਰਟਿਸ਼ ਕੋਲੰਬੀਆ ਦੀ ਵਾਟਰ ਪੋਲੋ ਦੀ ਖਿਡਾਰਨ ਗੁਰਪ੍ਰੀਤ ਸੋਹੀ ਇਤਿਹਾਸ ਸਿਰਜਣ ਜਾ ਰਹੀ ਹੈ। ਉਹ ਭਾਰਤੀ ਮੂਲ ਦੀ ਪਹਿਲੀ ਖਿਡਾਰਨ ਹੈ ਜੋ ਕੈਨੇਡਾ ਦੀ ਓਲੰਪਿਕਸ ਵਿਚ ਨੁਮਾਇੰਦਗੀ ਕਰੇਗੀ। ਉਸ ਦੇ ਨਾਲ-ਨਾਲ ਭਾਰਤੀ ਮੂਲ ਦਾ ਇਕ ਪਹਿਲਵਾਨ ਅਮਰ ਢੇਰੀ ਵੀ ਕੈਨੇਡਾ ਵੱਲੋਂ ਘੁਲੇਗਾ। ਇਨ੍ਹਾਂ ਤਿੰਨਾਂ ਤੋਂ ਬਿਨਾਂ ਸੁਖਪਾਲ ਪਨੇਸਰ ਤੇ ਕੀਗਨ ਪ੍ਰੇਰੇਰਾ ਕੈਨੇਡਾ ਦੀ ਹਾਕੀ ਟੀਮ ਲਈ ਖੇਡਣਗੇ। ਟੇਬਲ ਟੈਨਿਸ ਵਿਚ ਕਨਕ ਝਾ ਤੇ ਨਿਖਿਲ ਕੁਮਾਰ ਯੂ. ਐੱਸ. ਏ. ਵੱਲੋਂ ਓਲੰਪਿਕਸ ਖੇਡਣਗੇ।

ਹਾਕੀ ਤੋਂ ਹਮੇਸ਼ਾ ਵਾਂਗ ਬਹੁਤ ਉਮੀਦਾਂ

ਰਵਾਇਤੀ ਸ਼ੁਰੂਆਤੀ ਰਸਮ ਵੇਲੇ ਭਾਰਤੀ ਦਲ ਦੇ ਖੰਡੇਧਾਰ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਤੇ ਮੁੱਕੇਬਾਜ਼ ਮੈਰੀ ਕਾਮ ਹੋਣਗੇ। ਆਖ਼ਰੀ ਰਸਮੀ ਸਮਾਗਮ ਸਮੇਂ ਭਾਰਤੀ ਤਿਰੰਗਾ ਹੋਵੇਗਾ ਪਹਿਲਵਾਨ ਬਜਰੰਗ ਦੇ ਹੱਥ। ਇਹ ਤੀਜੀ ਵਾਰ ਹੋਵੇਗਾ ਕਿ ਭਾਰਤ ਦੀਆਂ ਮਰਦਾਂ ਤੇ ਔਰਤਾਂ ਦੀਆਂ ਹਾਕੀ ਟੀਮਾਂ ਖੇਡਾਂ ਵਿਚ ਹਿੱਸਾ ਲੈ ਰਹੀਆਂ ਹੋਣਗੀਆਂ। 1980 ਪਹਿਲੀ ਵਾਰ ਸੀ ਤੇ 2016 ਬ੍ਰਾਜ਼ੀਲ ਦੂਜੀ ਵਾਰ। ਕਿਉਂਕਿ ਹਾਕੀ ਤੋਂ ਹਮੇਸ਼ਾ ਵਾਂਗ ਬਹੁਤ ਉਮੀਦਾਂ ਹਨ। ਸਭ ਦੀ ਨਜ਼ਰ ਹਾਕੀ ਮੈਦਾਨ ’ਤੇ ਲੱਗੀ ਰਹੇਗੀ। ਮਰਦਾਂ ਦੇ ਵਰਗ ਵਿਚ 8 ਸੋਨ 1 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤ ਚੁੱਕੀ ਭਾਰਤੀ ਟੀਮ ਇਸ ਵਾਰ ਹਾਕੀ ਪ੍ਰੇਮੀਆਂ ਦੀਆਂ ਉਮੀਦਾਂ ’ਤੇ ਪੂਰਾ ਉਤਰੇਗੀ ਸਭ ਨੂੰ ਯਕੀਨ ਹੈ।

- ਪ੍ਰਭਜੋਤ ਸਿੰਘ

Posted By: Harjinder Sodhi