ਨਵੀਂ ਦਿੱਲੀ (ਜੇਐੱਨਐੱਨ) : ਪ੍ਰੋ ਕਬੱਡੀ ਲੀਗ (ਪੀਕੇਐੱਲ) ਦੇ ਨੌਵੇਂ ਐਡੀਸ਼ਨ ਦੀ ਸ਼ੁਰੂਆਤ ਸ਼ੁੱਕਰਵਾਰ ਤੋਂ ਹੋਵੇਗੀ ਜਿਸ ਵਿਚ ਮੌਜੂਦਾ ਚੈਂਪੀਅਨ ਦਬੰਗ ਦਿੱਲੀ ਕੇਸੀ ਬੈਂਗਲੁਰੂ ਦੇ ਸ਼੍ਰੀ ਕਾਂਤੀਰਵਾ ਇੰਡੋਰ ਸਟੇਡੀਅਮ ਵਿਚ ਸੀਜ਼ਨ-ਦੋ ਦੇ ਜੇਤੂ ਯੂ ਮੁੰਬਾ ਨਾਲ ਭੜੇਗੀ। ਇਹ ਐਡੀਸ਼ਨ ਤਿੰਨ ਸਥਾਨਾਂ, ਬੈਂਗਲੁਰੂ, ਪੁਣੇ ਤੇ ਹੈਦਰਾਬਾਦ ਵਿਚ ਕਰਵਾਇਆ ਜਾਵੇਗਾ। ਇਸ ਵਾਰ ਲੀਗ ਵਿਚ ਤਿੰਨ ਸਾਲ ਦੇ ਵਕਫ਼ੇ ਤੋਂ ਬਾਅਦ ਸਟੇਡੀਅਮ ਵਿਚ ਪ੍ਰਸ਼ੰਸਕਾਂ ਦੀ ਵਾਪਸੀ ਹੋਵੇਗੀ। ਪ੍ਰੋ ਕਬੱਡੀ ਲੀਗ ਦੇ ਸਪਾਂਸਰ ਮਸ਼ਾਲ ਸਪੋਰਟਸ ਨੇ ਵੀਰਵਾਰ ਨੂੰ ਬੈਂਗਲੁਰੂ ਵਿਚ ਸੀਜ਼ਨ-9 ਲਈ ਇਕ ਖ਼ਾਸ ਪ੍ਰੈੱਸ ਕਾਨਫਰੰਸ ਕਰਵਾਈ। ਇਸ ਕਾਨਫਰੰਸ ਵਿਚ ਸਾਰੀਆਂ 12 ਟੀਮਾਂ ਦਾ ਇਕ-ਇਕ ਨੁਮਾਇੰਦਾ ਸ਼ਾਮਲ ਹੋਇਆ। ਨਵੇਂ ਸੀਜ਼ਨ ਨੂੰ ਲੈ ਕੇ ਆਪਣਾ ਉਤਸ਼ਾਹ ਜ਼ਾਹਰ ਕਰਦੇ ਹੋਏ ਦਬੰਗ ਦਿੱਲੀ ਕੇਸੀ ਦੇ ਕਪਤਾਨ ਨਵੀਨ ਕੁਮਾਰ ਨੇ ਕਿਹਾ ਕਿ ਅਸੀਂ ਮੌਜੂਦਾ ਚੈਂਪੀਅਨ ਹਾਂ ਇਸ ਲਈ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਇਸ ਸੀਜ਼ਨ ਵਿਚ ਵੀ ਚੰਗਾ ਪ੍ਰਦਰਸ਼ਨ ਕਰਾਂਗੇ। ਮੈਂ ਪਹਿਲਾਂ ਇਕ ਖਿਡਾਰੀ ਦੇ ਰੂਪ ਵਿਚ ਟੀਮ ਲਈ ਖੇਡਦਾ ਸੀ ਤੇ ਹੁਣ ਮੈਂ ਕਪਤਾਨ ਦੇ ਰੂਪ ਵਿਚ ਟੀਮ ਲਈ ਖੇਡਾਂਗਾ। ਮੈਂ ਆਪਣੀ ਟੀਮ ਨੂੰ ਅੱਗੇ ਲੈ ਕੇ ਜਾਣਾ ਹੈ। ਇਕ ਵਿਅਕਤੀ ਨਿੱਜੀ ਜ਼ਿੰਮੇਵਾਰੀਆਂ ਨਾਲ ਮਜ਼ਬੂਤ ਹੁੰਦਾ ਹੈ। ਇਸ ਲਈ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਧਿਆਨ ਵਿਚ ਰੱਖਾਂਗਾ ਤੇ ਇਸ ਸੀਜ਼ਨ ਵਿਚ ਚੰਗਾ ਖੇਡਾਂਗਾ। ਟੂਰਨਾਮੈਂਟ ਦੇ ਪਹਿਲੇ ਗੇੜ ਲਈ ਬੈਂਗਲੁਰੂ ਬੁਲਜ਼ ਦੇ ਕਪਤਾਨ ਮਹਿੰਦਰ ਸਿੰਘ ਨੇ ਸਟਾਰ ਰੇਡਰ ਵਿਕਾਸ ਕੰਦੋਲਾ ਨੂੰ ਆਪਣੀ ਟੀਮ ਵਿਚ ਸ਼ਾਮਲ ਕਰਨ ਨੂੰ ਲੈ ਕੇ ਕਿਹਾ ਕਿ ਵਿਕਾਸ ਇਕ ਚੰਗੇ ਰੇਡਰ ਹਨ ਤੇ ਉਨ੍ਹਾਂ ਨੇ ਲੀਗ ਦੇ ਪਿਛਲੇ ਸੀਜ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

Posted By: Gurinder Singh