ਲੰਡਨ (ਏਪੀ) : ਡੇਵੀ ਕਲਾਸੇਨ ਦੇ ਇੱਕੋ ਇਕ ਗੋਲ ਦੀ ਮਦਦ ਨਾਲ ਨੀਦਰਲੈਂਡ ਨੇ ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇੰਗ ਮੈਚ ਵਿਚ ਲਾਤਵੀਆ ਨੂੰ 1-0 ਨਾਲ ਹਰਾ ਦਿੱਤਾ। ਉਥੇ ਜਰਮਨੀ ਵੀ ਰੋਮਾਨੀਆ ਨੂੰ 2-1 ਨਾਲ ਹਰਾਉਣ ਵਿਚ ਕਾਮਯਾਬ ਹੋਇਆ। ਨੀਦਰਲੈਂਡ ਨੂੰ ਇਹ ਜਿੱਤ ਚਾਹੇ ਸੰਘਰਸ਼ਪੂਰਨ ਤਰੀਕੇ ਨਾਲ ਮਿਲੀ ਪਰ ਟੀਮ 2022 ਕਤਰ ਵਿਸ਼ਵ ਕੱਪ ਖੇਡਣ ਲਈ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਨੀਦਰਲੈਂਡ 2018 ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। ਵਿਸ਼ਵ ਦੀ 11ਵੇਂ ਨੰਬਰ ਦੀ ਟੀਮ ਨੀਦਰਲੈਂਡ ਨੇ ਪਿਛਲੇ ਮਹੀਨੇ ਤੁਰਕੀ ਨੂੰ 6-1 ਨਾਲ ਮਾਤ ਦਿੱਤੀ ਸੀ ਪਰ ਇਸ ਮੈਚ ਵਿਚ ਇਹ ਟੀਮ ਕਿਸੇ ਵੀ ਸਮੇਂ ਰੰਗ ਵਿਚ ਨਹੀਂ ਦਿਖਾਈ ਦਿੱਤੀ। ਇਸ ਦੇ ਬਾਵਜੂਦ ਉਹ ਯੂਰਪੀ ਕੁਆਲੀਫਾਇੰਗ ਦੇ ਗਰੁੱਪ-ਜੀ ਵਿਚ ਦੂਜੇ ਸਥਾਨ 'ਤੇ ਕਾਬਜ ਨਾਰਵੇ 'ਤੇ ਦੋ ਅੰਕਾਂ ਦੀ ਬੜ੍ਹਤ ਬਣਾਉਣ ਵਿਚ ਕਾਮਯਾਬ ਰਹੀ ਤੇ ਸਿਖਰ 'ਤੇ ਪੁੱਜ ਗਈ। ਉਥੇ ਨਾਰਵੇ ਨੇ ਜ਼ਖ਼ਮੀ ਸਟ੍ਰਾਈਕਰ ਇਰਲਿੰਗ ਹਾਲੈਂਡ ਦੀ ਗ਼ੈਰਮੌਜੂਦਗੀ ਵਿਚ ਤੁਰਕੀ ਨਾਲ ਮੈਚ 1-1 ਨਾਲ ਡਰਾਅ ਖੇਡਿਆ। ਇਸ ਗਰੁੱਪ ਦੇ ਇਕ ਹੋਰ ਮੈਚ ਵਿਚ ਮੋਂਟੇਗ੍ਰੋ ਨੇ ਜਿ੍ਬਾਲਟਰ ਨੂੰ 3-0 ਨਾਲ ਮਾਤ ਦਿੱਤੀ।