ਟੋਕੀਓ : ਜਾਪਾਨ 'ਚ ਚੱਲ ਰਹੇ ਓਲੰਪਿਕ ਟੈਸਟ ਇਵੈਂਟ 'ਚ ਭਾਰਤੀ ਹਾਕੀ ਟੀਮ ਨੂੰ ਨਿਊਜ਼ੀਲੈਂਡ ਹੱਥੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਨੇ ਇਸ ਤੋਂ ਪਹਿਲਾਂ ਮਲੇਸ਼ੀਆ ਨੂੰ 6-0 ਨਾਲ ਹਰਾਇਆ ਸੀ। ਐਤਵਾਰ ਨੂੰ ਟੋਕੀਓ ਦੇ ਓਈ ਹਾਕੀ ਸਟੇਡੀਅਮ ਵਿਚ ਖੇਡੇ ਗਏ ਮੈਚ ਵਿਚ ਭਾਰਤ ਵੱਲੋਂ ਹਰਮਨਪ੍ਰਰੀਤ ਸਿੰਘ ਨੇ ਇਕਲੌਤਾ ਗੋਲ ਕੀਤਾ। ਵਿਸ਼ਵ ਰੈਂਕਿੰਗ ਵਿਚ ਪੰਜਵੇਂ ਨੰਬਰ ਦੀ ਭਾਰਤੀ ਟੀਮ ਨੇ ਮੈਚ ਵਿਚ ਹਮਲਾਵਰ ਸ਼ੁਰੂਆਤ ਕੀਤੀ। ਇਸ ਦਾ ਫ਼ਾਇਦਾ ਵੀ ਭਾਰਤ ਨੂੰ ਮਿਲਿਆ। ਡਰੈਗ ਫਲਿਕਰ ਕਪਤਾਨ ਹਰਮਨਪ੍ਰਰੀਤ ਨੇ ਦੂਜੇ ਮਿੰਟ ਵਿਚ ਹੀ ਮਿਲੇ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਨਿਊਜ਼ੀਲੈਂਡ ਖ਼ਿਲਾਫ਼ 1-0 ਦੀ ਬੜ੍ਹਤ ਦਿਵਾ ਦਿੱਤੀ। ਭਾਰਤ ਨੇ ਆਪਣੀ ਇਸ ਬੜ੍ਹਤ ਨੂੰ ਪਹਿਲੇ ਤਿੰਨ ਕੁਆਰਟਰ ਤਕ ਬਣਾਈ ਰੱਖਿਆ। ਇਸ ਤੋਂ ਬਾਅਦ ਭਾਰਤ ਨੂੰ ਛੇਵੇਂ ਮਿੰਟ ਵਿਚ ਹੀ ਪੈਨਲਟੀ ਕਾਰਨਰ ਮਿਲ ਗਿਆ ਪਰ ਉਹ ਇਸ ਦਾ ਫ਼ਾਇਦਾ ਨਾ ਉਠਾ ਸਕਿਆ। ਇਸ ਤੋਂ ਬਾਅਦ ਦੂਜਾ ਤੇ ਤੀਜਾ ਕੁਆਰਟਰ ਗੋਲ ਰਹਿਤ ਰਿਹਾ। ਚੌਥੇ ਕੁਆਰਟਰ ਵਿਚ ਨਿਊਜ਼ੀਲੈਂਡ ਨੇ ਜ਼ੋਰਦਾਰ ਵਾਪਸੀ ਕੀਤੀ। ਵਿਸ਼ਵ ਵਿਚ ਅੱਠਵੇਂ ਨੰਬਰ ਦੀ ਇਸ ਟੀਮ ਨੇ ਆਖ਼ਰੀ ਕੁਆਰਟ ਵਿਚ ਇਕ ਤੋਂ ਬਾਅਦ ਇਕ ਦੋ ਗੋਲ ਕਰ ਕੇ ਮੈਚ ਨੂੰ ਆਪਣੇ ਨਾਂ ਕਰ ਲਿਆ। ਕੀਵੀ ਟੀਮ ਲਈ ਪਹਿਲਾ ਗੋਲ ਜੈਕਬ ਸਮਿਥ ਨੇ 47ਵੇਂ ਮਿੰਟ ਵਿਚ ਕੀਤਾ ਤੇ ਦੂਜਾ ਤੇ ਆਖ਼ਰੀ ਗੋਲ ਖੇਡ ਦੇ ਆਖ਼ਰੀ ਵਿਚ ਸੈਲ ਲੇਨ ਨੇ ਕੀਤਾ।