ਰੋਮ (ਏਪੀ) : ਤੁਰਕੀ ਤੇ ਇਟਲੀ ਦੇ ਮੈਚ ਨਾਲ ਹੀ ਸ਼ੁੱਕਰਵਾਰ ਦੇਰ ਰਾਤ ਨੂੰ ਯੂਰੋ ਕੱਪ ਦਾ ਆਗਾਜ਼ ਹੋ ਜਾਵੇਗਾ। ਫੀਫਾ ਵਿਸ਼ਵ ਕੱਪ ਤੋਂ ਬਾਅਦ ਇਸ ਨੂੰ ਯੂਰਪੀ ਚੈਂਪੀਅਨਸ਼ਿਪ ਜਾਂ ਮਿੰਨੀ ਵਿਸ਼ਵ ਕੱਪ ਕਿਹਾ ਜਾਂਦਾ ਹੈ। ਯੂਰੋ ਕੱਪ ਪਹਿਲੀ ਵਾਰ 1960 ਵਿਚ ਕਰਵਾਇਆ ਗਿਆ ਸੀ। ਹਰੇਕ ਚਾਰ ਸਾਲ ਬਾਅਦ ਇਸ ਨੂੰ ਕਰਵਾਇਆ ਜਾਂਦਾ ਰਿਹਾ ਹੈ। ਯੂਰੋ ਕੱਪ ਪਹਿਲਾਂ 2020 ਵਿਚ ਖੇਡਿਆ ਜਾਣਾ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਨੂੰ 2021 ਵਿਚ ਕਰਵਾਇਆ ਜਾ ਰਿਹਾ ਹੈ। ਯੂਰ ਕੱਪ ਦੇ 16ਵੇਂ ਐਡੀਸ਼ਨ ਵਿਚ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਟੀਮ ਪੁਰਤਗਾਲ ਖ਼ਿਤਾਬ ਬਚਾਉਣ ਲਈ ਉਤਰੇਗੀ। ਰੋਮ ਦੇ ਓਲੰਪਿਕ ਸਟੇਡੀਅਮ ਵਿਚ ਇਟਲੀ ਤੇ ਤੁਰਕੀ ਦੀਆਂ ਟੀਮਾਂ ਮੁਕਾਬਲੇ ਵਿਚ ਭਿੜਨਗੀਆਂ। ਇਸ ਸਟੇਡੀਅਮ ਵਿਚ 25 ਫ਼ੀਸਦੀ ਦਰਸ਼ਕ ਵੀ ਆਪਣੀ ਟੀਮ ਦਾ ਸਮਰਥਨ ਕਰਦੇ ਨਜ਼ਰ ਆਉਣਗੇ। ਇਟਲੀ ਦੀ ਟੀਮ ਨੇ ਯੂਰੋ ਕੱਪ ਕੁਆਲੀਫਾਇਰ ਵਿਚ 27 ਲਗਾਤਾਰ ਮੈਚਾਂ ਨੂੰ ਜਿੱਤਦੇ ਹੋਏ ਇਸ ਮਿੰਨੀ ਵਿਸ਼ਵ ਕੱਪ ਵਿਚ ਥਾਂ ਬਣਾਈ ਹੈ ਜਦਕਿ ਤੁਰਕੀ ਦੀ ਟੀਮ ਵੀ ਕੁਆਲੀਫਾਇਰ ਵਿਚ ਸਿਰਫ਼ ਇਕ ਮੈਚ ਹਾਰੀ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਅਜੇ ਤਕ ਪੰਜ ਮੈਚ ਖੇਡੇ ਜਾ ਚੁੱਕੇ ਹਨ ਜਿਸ ਵਿਚ ਤਿੰਨ ਮੈਚ ਇਟਲੀ ਨੇ ਜਿੱਤੇ ਜਦਕਿ ਤੁਰਕੀ ਨੂੰ ਅਜੇ ਤਕ ਇਟਲੀ 'ਤੇ ਪਹਿਲੀ ਜਿੱਤ ਦੀ ਉਡੀਕ ਹੈ। ਉਥੇ ਦੋ ਮੈਚ ਡਰਾਅ ਰਹੇ।

ਯੂਰੋ ਕੱਪ ਦਾ ਫਾਰਮੈਟ :

ਯੂਰੋ ਕੱਪ ਵਿਚ ਦੋ ਤਰ੍ਹਾਂ ਦੇ ਮੁਕਾਬਲੇ ਹੁੰਦੇ ਹਨ। ਪਹਿਲੇ ਕੁਆਲੀਫਾਇਰਜ਼ ਤੇ ਦੂਜਾ ਫਾਈਨਲਜ਼, ਮੇਜ਼ਬਾਨ ਦੇਸ਼ ਨੂੰ ਹਾਲਾਂਕਿ ਫਾਈਨਲਜ਼ ਲਈ ਆਪਣੇ ਆਪ ਪ੍ਰਵੇਸ਼ ਮਿਲ ਜਾਂਦਾ ਹੈ। ਇਸ ਸਾਲ 24 ਟੀਮਾਂ ਨੇ ਕੁਆਲੀਫਾਈ ਕੀਤਾ ਹੈ ਜਿਨ੍ਹਾਂ ਨੂੰ ਚਾਰ-ਚਾਰ ਟੀਮਾਂ ਦੇ ਛੇ ਗਰੁੱਪਾਂ ਵਿਚ ਵੰਡਿਆ ਗਿਆ ਹੈ। ਜਿਸ ਤੋਂ ਬਾਅਦ ਪ੍ਰਰੀ-ਕੁਆਰਟਰ ਫਾਈਨਲ, ਕੁਆਰਟਰ ਫਾਈਨਲ, ਸੈਮੀਫਾਈਨਲ ਤੇ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਸੈਮੀਫਾਈਨਲ ਤੇ ਫਾਈਨਲ ਇੰਗਲੈਂਡ ਦੇ ਲੰਡਨ ਵਿਚ ਹੋਵੇਗਾ।

ਵੱਖ-ਵੱਖ ਗਰੁੱਪਾਂ ਵਿਚ ਸ਼ਾਮਲ ਟੀਮਾਂ :

ਗਰੁੱਪ ਏ ਵਿਚ ਤੁਰਕੀ, ਇਟਲੀ, ਵੇਲਜ਼ ਤੇ ਸਵਿਟਜ਼ਰਲੈਂਡ, ਗਰੁੱਪ ਬੀ 'ਚ ਡੈਨਮਾਰਕ, ਫਿਨਲੈਂਡ, ਬੈਲਜੀਅਮ ਤੇ ਰੂਸ, ਗਰੁੱਪ ਸੀ 'ਚ ਨੀਦਰਲੈਂਡ, ਯੂਕਰੇਨ, ਆਸਟ੍ਰੀਆ ਤੇ ਨਾਰਦਰਨ ਮੈਸੀਡੋਨੀਆ, ਗਰੁੱਪ ਡੀ 'ਚ ਇੰਗਲੈਂਡ, ਕ੍ਰੋਏਸ਼ੀਆ, ਸਕਾਟਲੈਂਡ ਤੇ ਚੈੱਕ ਰਿਪਬਲਿਕ, ਗਰੁੱਪ ਈ 'ਚ ਸਪੇਨ, ਸਵੀਡਨ, ਪੋਲੈਂਡ ਤੇ ਸਲੋਵਾਕੀਆ, ਗਰੁੱਪ ਐੱਫ 'ਚ ਹੰਗਰੀ, ਪੁਰਤਗਾਲ, ਫਰਾਂਸ ਤੇ ਜਰਮਨੀ ਸ਼ਾਮਲ ਹਨ। ਗਰੁੱਪ ਏ ਦੇ ਮੈਚ ਰੋਮ-ਬਾਕੂ, ਬੀ ਦੇ ਮੈਚ ਸੇਂਟ ਪੀਟਰਜ਼ਬਰਗ-ਕੋਪਨਹੇਗਨ, ਗਰੁੱਪ ਸੀ ਦੇ ਮੈਚ ਐਮਸਟਰਡਮ-ਬੁਡਾਪੇਸਟ, ਗਰੁੱਪ ਡੀ ਦੇ ਮਚ ਲੰਡਨ-ਗਲਾਸਗੋ, ਗਰੁੱਪ ਈ ਦੇ ਮੈਚ ਸੇਵੀਆ-ਸੇਂਟ ਪੀਟਰਜ਼ਬਰਗ ਤੇ ਗਰੁੱਪ ਐੱਫ ਦੇ ਮੈਚ ਮਿਊਨਿਖ-ਬੁਡਾਪੇਸਟ 'ਚ ਖੇਡੇ ਜਾਣਗੇ।