ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਦੇ ਪੇਸ਼ੇਵਰ ਮੁੱਕੇਬਾਜ਼ੀ ਸਟਾਰ ਵਿਜੇਂਦਰ ਸਿੰਘ ਕੋਵਿਡ-19 ਕਾਰਨ ਇਕ ਸਾਲ ਤੋਂ ਵੱਧ ਸਮੇਂ ਤਕ ਰਿੰਗ ਤੋਂ ਦੂਰ ਰਹਿਣ ਤੋਂ ਬਾਅਦ 19 ਮਾਰਚ ਨੂੰ ਗੋਆ ਦੇ ਪਣਜੀ ਵਿਚ ਰੂਸ ਦੇ ਅਰਤਯਸ਼ ਲੋਪਸਨ ਖ਼ਿਲਾਫ਼ ਮੁਕਾਬਲੇ ਨਾਲ ਵਾਪਸੀ ਕਰਨਗੇ। ਲੋਪਸਨ ਦੇ ਨਾਂ ਦਾ ਐਲਾਨ ਸ਼ੁੱਕਰਵਾਰ ਨੂੰ ਇੱਥੇ ਇਕ ਪ੍ਰੈੱਸ ਕਾਨਫਰੰਸ ਵਿਚ ਕੀਤਾ ਗਿਆ। ਵਿਜੇਂਦਰ ਨੇ ਮੁਕਾਬਲੇ ਦੀ ਤਿਆਰੀ ਰਾਸ਼ਟਰਮੰਡਲ ਖੇਡਾਂ ਦੇ ਕਾਂਸੇ ਦੇ ਮੈਡਲ ਜੇਤੂ ਏਮੇਚਿਓਰ ਮੁੱਕੇਬਾਜ਼ ਜੈ ਭਗਵਾਨ ਨਾਲ ਅਭਿਆਸ ਕਰ ਕੇ ਕੀਤੀ ਹੈ। ਰੂਸ ਦੇ 26 ਸਾਲ ਦੇ ਲੋਪਸਨ ਨੇ ਛੇ ਪੇਸ਼ੇਵਰ ਮੁਕਾਬਲਿਆਂ ਵਿਚ ਹਿੱਸਾ ਲਿਆ ਹੈ ਜਿਸ ਵਿਚੋਂ ਦੋ ਨਾਕਆਊਟ ਸਮੇਤ ਚਾਰ ਜਿੱਤਾਂ ਸ਼ਾਮਲ ਹਨ। ਉਨ੍ਹਾਂ ਨੇ ਦਸੰਬਰ 2020 ਵਿਚ ਆਪਣੇ ਪਿਛਲੇ ਮੁਕਾਬਲੇ ਵਿਚ ਮਾਗੋਮੇਦਵੇਕੋਵ ਖ਼ਿਲਾਫ਼ ਤਕਨੀਕੀ ਆਧਾਰ 'ਤੇ ਜਿੱਤ ਦਰਜ ਕੀਤੀ ਸੀ। ਵਿਜੇਂਦਰ ਨੇ ਪੇਸ਼ੇਵਰ ਕਰੀਅਰ ਵਿਚ 12 ਮੁਕਾਬਲੇ ਖੇਡੇ ਹਨ ਤੇ ਸਾਰਿਆਂ ਵਿਚ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਅੱਠ ਮੁਕਾਬਲੇ ਨਾਕਆਊਟ ਤਰੀਕੇ ਨਾਲ ਆਪਣੇ ਨਾਂ ਕੀਤੇ। ਬੀਜਿੰਗ ਓਲੰਪਿਕ (2008) ਦੇ ਇਸ ਕਾਂਸੇ ਦੇ ਮੈਡਲ ਜੇਤੂ ਨੇ ਨਵੰਬਰ 2019 ਵਿਚ ਖੇਡੇ ਆਪਣੇ ਪਿਛਲੇ ਮੁਕਾਬਲੇ ਵਿਚ ਰਾਸ਼ਟਰਮੰਡਲ ਦੇ ਸਾਬਕਾ ਚੈਂਪੀਅਨ ਚਾਰਲਸ ਏਡਾਮੂ ਨੂੰ ਦੁਬਈ ਵਿਚ ਹਰਾਇਆ ਸੀ।

ਲੀ ਬੀਅਰਡ ਨੇ ਦਿੱਤੀ ਆਨਲਾਈਨ ਟ੍ਰੇਨਿੰਗ

ਇਹ ਸੌਖਾ ਸਾਲ ਨਹੀਂ ਸੀ ਤੇ ਸਰੀਰ ਨੂੰ ਲੈਅ ਹਾਸਲ ਕਰਨ ਵਿਚ ਥੋੜ੍ਹਾ ਸਮਾਂ ਲੱਗਾ ਪਰ ਪਿਛਲੇ ਦੋ ਮਹੀਨੇ ਮੇਰੇ ਲਈ ਚੰਗੇ ਰਹੇ। ਜੈ ਭਗਵਾਨ ਨੇ ਗੁਰੂਗ੍ਰਾਮ ਵਿਚ ਅਭਿਆਸ ਦੌਰਾਨ ਮੇਰੀ ਮਦਦ ਕੀਤੀ। ਇਸ ਦੌਰਾਨ ਮੈਂ ਲੀ ਬੀਅਰਡ (ਉਨ੍ਹਾਂ ਦੇ ਬਰਤਾਨਵੀ ਟ੍ਰੇਨਰ) ਨਾਲ ਆਨਲਾਈਨ ਤਰੀਕੇ ਨਾਲ ਸੰਪਰਕ ਵਿਚ ਸੀ ਤੇ ਉਨ੍ਹਾਂ ਤੋਂ ਵੀ ਮਦਦ ਮਿਲੀ। ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਕਾਰਨ ਲੀ ਇੱਥੇ ਨਹੀਂ ਪੁੱਜ ਸਕੇ ਪਰ ਉਨ੍ਹਾਂ ਨੇ ਆਨਲਾਈਨ ਤਰੀਕੇ ਨਾਲ ਮੇਰੀ ਮਦਦ ਕੀਤੀ। ਜੈ ਨੂੰ ਅਜੇ ਮੈਂ ਆਪਣਾ ਕੋਚ ਕਹਿ ਸਕਦਾ ਹਾਂ।