ਨਵੀਂ ਦਿੱਲੀ (ਪੀਟੀਆਈ) : ਭਾਰਤ ਦੀ 16 ਮੈਂਬਰੀ ਜੂਡੋ ਟੀਮ ਨੂੰ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਚੱਲ ਰਹੇ ਏਸ਼ੀਆ-ਓਸੀਆਨਾ ਓਲੰਪਿਕ ਕੁਆਲੀਫਾਇਰ ਤੋਂ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ ਜਦ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਇਕ ਖਿਡਾਰੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ। ਇਹ ਜੂਡੋ ਖਿਡਾਰੀ ਕਿਰਗਿਸਤਾਨ ਪੁੱਜਣ ਤੋਂ ਬਾਅਦ ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ। ਭਾਰਤੀ ਜੂਡੋ ਮਹਾਸੰਘ (ਜੇਐੱਫਆਈ) ਦੇ ਇਕ ਸੂਤਰ ਨੇ ਕਿਹਾ ਕਿ ਬਿਸ਼ਕੇਕ ਪੁੱਜਣ ਤੋਂ ਬਾਅਦ ਪੰਜ ਅਪ੍ਰਰੈਲ ਨੂੰ ਅਧਿਕਾਰਕ ਭਾਰ ਤੋਂ ਠੀਕ ਪਹਿਲਾਂ ਟੀਮ ਦਾ ਇਕ ਖਿਡਾਰੀ ਪਾਜ਼ੇਟਿਵ ਪਾਇਆ ਗਿਆ ਤੇ ਅੰਤਰਰਾਸ਼ਟਰੀ ਜੂਡੋ ਮਹਾਸੰਘ ਦੇ ਦਿਸ਼ਾ ਨਿਰਦੇਸ਼ਾਂ ਕਾਰਨ ਪੂਰੀ ਟੀਮ ਨੂੰ ਬਾਹਰ ਹੋਣ ਲਈ ਮਜਬੂਰ ਹੋਣਾ ਪਿਆ। ਟੀਮ ਵਿਚ 12 ਖਿਡਾਰੀ ਤੇ ਚਾਰ ਕੋਚ ਸਨ। ਏਸ਼ੀਆ ਓਸੀਆਨਾ ਚੈਂਪੀਅਨਸ਼ਿਪ ਬਿਸ਼ਕੇਕ ਵਿਚ ਮੰਗਲਵਾਰ ਨੂੰ ਸ਼ੁਰੂ ਹੋਈ ਤੇ ਸ਼ਨਿਚਰਵਾਰ ਨੂੰ ਖ਼ਤਮ ਹੋਵੇਗੀ। ਟੀਮ ਵਿਚ ਸੁਸ਼ੀਲਾ ਦੇਵੀ (48 ਕਿਲੋਗ੍ਰਾਮ), ਜਸਲੀਨ ਸਿੰਘ ਸੈਣੀ (66 ਕਿਲੋਗ੍ਰਾਮ), ਤੁਲਿਕਾ ਮਾਨ (78 ਕਿਲੋਗ੍ਰਾਮ) ਤੇ ਅਵਤਾਰ ਸਿੰਘ (100 ਕਿਲੋਗ੍ਰਾਮ) ਵਰਗੇ ਖਿਡਾਰੀ ਸ਼ਾਮਲ ਸਨ। ਇਹ ਖਿਡਾਰੀ ਇਕ ਮਹਾਦੀਪੀ ਕੋਟੇ ਦੀ ਦੌੜ ਵਿਚ ਸਨ। ਪੂਰੀ ਟੀਮ ਹੁਣ ਬਿਸ਼ਕੇਕ ਵਿਚ 14 ਦਿਨ ਕੁਆਰੰਟਾਈਨ 'ਚ ਰਹੇਗੀ।

ਦੇਸ਼ ਦੀਆਂ ਉਮੀਦਾਂ ਨੂੰ ਪੁੱਜਾ ਹੈ ਨੁਕਸਾਨ :

ਇਕ ਸੂਤਰ ਨੇ ਇਸ ਸਾਰੀ ਮੁਸ਼ਕਲ ਲਈ ਜੇਐੱਫਆਈ ਦੀ ਮਾੜੀ ਮੈਨੇਜਮੈਂਟ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਮਹਾਸੰਘ ਨੇ ਪੂਰੀ ਟੀਮ ਨੂੰ ਇਕੱਠੇ ਯਾਤਰਾ ਕਰਵਾ ਕੇ ਦੇਸ਼ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ। ਇਕ ਖਿਡਾਰੀ ਪਾਜ਼ੇਟਿਵ ਆਇਆ ਤੇ ਇਸ ਨਾਲ ਹੋਰ ਖਿਡਾਰੀਆਂ ਦੀਆਂ ਉਮੀਦਾਂ ਵੀ ਟੁੱਟ ਗਈਆਂ।