ਖੇਡਾਂ ਦੀ ਰਾਣੀ ਮੰਨੀ ਜਾਂਦੀ ਅਥਲੈਟਿਕਸ ਦੇ ਫ਼ੀਲਡ ਈਵੈੈਂਟ, ਲੌਂਗ ਜੰਪ ਜਾਂ ਲੰਬੀ ਛਾਲ ਦਾ ਸਫ਼ਰ ਪ੍ਰਾਚੀਨ ਓਲੰਪਿਕ ਖੇਡਾਂ (ਯੂਨਾਨ) ਤੋਂ ਸ਼ੁਰੂ ਹੋਇਆ। ਇਸ ਈਵੈਂਟ ਨੂੰ ਯੂਨਾਨੀ ਭਾਸ਼ਾ ਵਿਚ ‘ਹਲਮਾ’ ਕਿਹਾ ਜਾਂਦਾ ਸੀ। ਇਨ੍ਹਾਂ ਖੇਡਾਂ ਪ੍ਰਤੀ ਖੋਜ ਕਰਨ ਵਾਲੇ ਖੋਜੀ ਹਿਊਗ ਲੀ ਨੇ ਉਥੋਂ ਮਿਲੇ ਇਕ ਫੁੱਲਦਾਨ ’ਤੇ ਛਪੀ ਪੇਂਟਿੰਗ ਤੋਂ ਵਿਸ਼ਲੇਸ਼ਣ ਕਰ ਅੰਦਾਜ਼ਾ ਲਗਾਇਆ ਕਿ ਓਲੰਪਿਕ ਖੇਡਾਂ ਵਿਚ ਲੰਬੀ ਛਾਲ ਲਗਾਉਣ ਵਾਲੇ ਪੁਰਸ਼ ਖਿਡਾਰੀ, ਆਪਣੇ ਸਰੀਰ ਦਾ ਸੰਤੁਲਨ ਬਣਾਉਣ ਲਈ ਆਪਣੇ ਦੋਵੇਂ ਹੱਥਾਂ ਵਿਚ, ਇਕ ਤੋਂ ਸਾਢੇ ਚਾਰ ਕਿਲੋਗ੍ਰਾਮ ਭਾਰੇ, ਗੋਲ ਅਤੇ ਲੰਬੇ ਆਕਾਰ ਦੇ ਦੋ ਪੱਥਰਾਂ ਨੂੰ ਫੜ ਕੇ ਬਹੁਤ ਛੋਟੀ ਦੌੜ ਦੌੜਦਿਆਂ ਛੜੱਪੇ ਵਰਗੀ ਲੰਬੀ ਛਾਲ ਲਗਾਉਂਦੇ ਸਨ ਤੇ ਛਾਲ ਲਾਉਣ ਤੋਂ ਤੁਰੰੰਤ ਬਾਅਦ ਉਹ ਪੱਥਰਾਂ ਨੂੰ ਪਿੱਛੇ ਵੱਲ ਸੁੱਟਦੇ ਹੋਏ ਲੈਂਡਿੰਗ ਲਈ ਪੁੱਟੇ ਡੂੰਘੇ ਅਤੇ ਲੰਬੇ ਟੋਏ (ਯੂਨਾਨੀ ਭਾਸ਼ਾ ਵਿਚ ਸਕੰਮਾ) ਵਿਚ ਜਾ ਡਿੱਗਦੇ ਸਨ। ਇਸ ਮੁਕਾਬਲੇ ਦੌਰਾਨ ਰਿਦਮ ਵਿਚ ਹਲਕਾ ਸੰਗੀਤ ਵੀ ਵਜਾਇਆ ਜਾਂਦਾ ਸੀ। ਚਿਓਨਿਸ ਓਫ ਸਪਾਰਟਾ ਨਾਮ ਦਾ ਖਿਡਾਰੀ ਤਿੰਨ ਵਾਰੀ ਛੜੱਪੇ ਵਰਗੀ ਲੰਬੀ ਛਾਲ ’ਚ ਓਲੰਪਿਕ ਜੇਤੂ ਰਿਹਾ ਹੈ ਜਿਸ ਨੇ 7.05 ਮੀਟਰ ਲੰਬੀ ਛਾਲ ਮਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਸੰਨ 708 ਈਸਾ ਪੂਰਵ ਦੀਆਂ 18 ਵੀਆਂ ਪ੍ਰਾਚੀਨ ਓਲੰਪਿਕਸ ਵਿਚ ਪੈਂਟਾਥਲੋਂਨ ਦੀ ਇੱਕ ਮਿਸ਼ਰਤ ਖੇਡ ਜਿਸ ਵਿਚ ਲੰਬੀ ਛਾਲ/ ਛੜੱਪੇ ਤੋਂ ਇਲਾਵਾ ਕੁਸ਼ਤੀ , ਡਿਸਕਸ ਥਰੋ, ਇੱਕ ਛੋਟੀ ਦੌੜ ਅਤੇ ਨੇਜ਼ਾ ਸੁੱਟਣਾ ਮੁਕਾਬਲੇ ਕਰਵਾਏ ਜਾਂਦੇ ਸਨ। ਇਸ ਮਿਸ਼ਰਿਤ ਖੇਡ ਦੇ ਸਾਰੇ ਈਵੈਂਟ ਇਕੋ ਦਿਨ ਕਰਵਾਏ ਜਾਂਦੇ ਸੀ ਤੇ ਇਹ ਖੇਡ ਕੁਸ਼ਤੀ ਮੁਕਾਬਲੇ ਨਾਲ ਸਮਾਪਤ ਹੁੰਦੀ ਸੀ। ਇਸ ਖੇਡ ਵਿਚ ‘ਐਕਸਨੋਟੋਨ’ ਨਾਂ ਦੇ ਖਿਡਾਰੀ ਦਾ ਪ੍ਰਦਰਸ਼ਨ ਦੇਖਣਯੋਗ ਹੁੰਦਾ ਸੀ। ਸੰਨ 1896 ਦੀਆਂ ਪਹਿਲੀਆਂ ਨਵੀਨ ਓਲੰਪਿਕ ਖੇਡਾਂ ਜੋ ਯੂਨਾਨ ਦੇ ਸ਼ਹਿਰ ਏਥਨਜ਼ ਤੋਂ ਸ਼ੁਰੂ ਹੋਈਆਂ,ਜਿਨ੍ਹਾਂ ਵਿਚ ਸਿਰਫ਼ ਪੁਰਸ਼ਾਂ ਲਈ ਲੰਬੀ ਛਾਲ ਦਾ ਮੁਕਾਬਲਾ ਸੀ ਤੇ ਇਹ ਮੁਕਾਬਲਾ ਅਮਰੀਕਾ ਦੇ ਗੋਰੇ ਅਥਲੀਟ ਐਲਰੀ ਹਾਰਡਿੰਗ ਕਲਾਰਕ ਨੇ 6.35 ਮੀਟਰ ਛਾਲ ਮਾਰ ਕੇ ਜਿੱਤਿਆ ਤੇ ਨਵੀਨ ਓਲੰਪਿਕ ਖੇਡਾਂ ’ਚੋਂ ਲੰਬੀ ਛਾਲ ਦੇ ਪਹਿਲੇ ਜੇਤੂ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਕੀਤਾ। ਸੰਨ 1900 ਦੀਆਂ ਦੂਜੀਆਂ ਓਲੰਪਿਕ ਖੇਡਾਂ (ਪੈਰਿਸ ) ਵਿਚ ਅਮਰੀਕਾ ਦੇ ਅਥਲੀਟ ਐਲਵਿਨ ਕਰੇਂਜ਼ਲੀਨ, ਜੋ ਇਕ ਇੰਜੀਨੀਅਰ ਵੀ ਸੀ, ਨੇ 7.18 ਮੀਟਰ ਲੰਬੀ ਛਾਲ ਮਾਰ ਕੇ ਸਭ ਨੂੰ ਹੈਰਾਨ ਕਰ ਸੋਨ ਤਗਮਾ ਪ੍ਰਾਪਤ ਕੀਤਾ। ਆਇਰਲੈਂਡ ਦੇ ਲੌਂਗ ਜੰਪਰ ਪੀਟਰ ਓ ਕੌਂਨਰ ਨੇ 5 ਅਗਸਤ 1901 ਨੂੰ ਡਬ੍ਲਿਨ ਵਿਖੇ 7.54 ਮੀਟਰ ਲੰਬੀ ਛਾਲ ਮਾਰੀ।ਉਸ ਤੋਂ ਬਾਅਦ ਅਮਰੀਕਾ ਦੇ ਸ਼ਹਿਰ ਸੇਂਟ ਲੂਈ ਵਿਚ ਹੋਈਆਂ 1904 ਦੀਆਂ ਅਤੇ 1908 ਦੀਆਂ (ਲੰਡਨ) ਓਲੰਪਿਕ ਖੇਡਾਂ ਅਮਰੀਕਾ ਦੇ, ਕਾਂਟਵੇ ਸਰੀਰ ਦੇ ਖਿਡਾਰੀ ਰੇ ਇਵਰੀ ਜਿਸ ਨੂੰ ‘ਰਬੜ ਦਾ ਬੰਦਾ’ ਵੀ ਕਿਹਾ ਜਾਂਦਾ ਸੀ, ਦੀਆਂ ਹੋ ਨਿਬੜੀਆਂ। ਬਚਪਨ ਵਿਚ ਪੋਲੀਓ ਦੀ ਬਿਮਾਰੀ ਨੇ ਇਸ ਦੀਆਂ ਲੱਤਾਂ ਕਮਜ਼ੋਰ ਕਰ ਦਿੱਤੀਆਂ ਸੀ ਪਰ ਇਸ ਨੇ ਮਾਲਿਸ਼ ਅਤੇ ਕਸਰਤਾਂ ਨਾਲ ਆਪਣੀਆਂ ਲੱਤਾਂ ਠੀਕ ਕੀਤੀਆਂ ਤੇ ਖੜ੍ਹੇ ਹੋ ਛਾਲ ਮਾਰਨ ਦਾ ਵਲ ਸਿੱਖਿਆ। ਇਸ ਨੇ ਉੱਚੀ ਛਾਲ, ਤੀਹਰੀ ਛਾਲ ਤੇ ਲੰਬੀ ਛਾਲ( ਸਿਰਫ 3.7 ਮੀਟਰ) ਮਾਰ ਕੇ ਤਿੰਨੇ ਗੋਲਡ ਮੈਡਲ ਆਪਣੇ ਨਾਮ ਕੀਤੇ। ਕੌਮਾਂਤਰੀ ਅਥਲੈਟਿਕਸ ਫੈਡਰੇਸ਼ਨ ਨੇ ਸੰਨ 1912 ਤੋਂ ਅਥਲੈਟਿਕਸ ਦੇ ਰਿਕਾਰਡ ਸੰੰਭਾਲਣ ਤੇ ਉਸਦੀ ਪੁਸ਼ਟੀ ਕਰਨ ਦਾ ਕੰਮ ਸ਼ੁਰੂ ਕੀਤਾ। ਆਇਰਲੈਂਡੀ ਜੰਪਰ ਪੀਟਰ ਕੌਂਨਰ ਨੇ 1912 ਵਿਚ 7.61 ਮੀਟਰ ਲੰਬੀ ਛਾਲ ਮਾਰ ਕੇ ਨਵਾਂ ਰਿਕਾਰਡ ਬਣਾਉਣ ਦਾ ਮੁੱਢ ਬੰਨਿਆ ਤੇ 1901 ਵਿਚ ਆਪਣੀ ਬਣਾਈ ਲੰਬੀ ਛਾਲ ਦੀ ਹੱਦ 7.54 ਮੀਟਰ ਨੂੰ 11ਸਾਲ ਬਾਅਦ ਭੰਨਿਆ। ਇਹ ਰਿਕਾਰਡ ਤੇਈ ਸਾਲ ਖੜ੍ਹਾ ਰਿਹਾ ਤੇ ਇਸ ਨੂੰ ਅਮਰੀਕਾ ਦੇ ਸਿਆਹਫਾਮ ਅਥਲੀਟ ਜੈਸੀ ਓਵੇਂਸ ਨੇ ਮਿਸ਼ੀਗਨ ਵਿਖੇ ਸੰਨ 1935 ਵਿਚ ਹੋਈ ਬਿਗ ਟੈਂਨ ਟਰੈਕ ਮੀਟ ਵਿਚ 8.13 ਮੀਟਰ ਲੰਬੀ ਛਾਲ ਮਾਰ ਕੇ ਤੋੜਿਆ ਤੇ ਚਾਰੇ ਪਾਸੇ ਜੈਸੀ ਓਵੇਂਸ ਚੜ੍ਹ ਮੱਚੀ ਰਹੀ।

ਇਸ ਹੱਦ ਨੂੰ 25 ਸਾਲ ਕੋਈ ਮਾਈ ਦਾ ਲਾਲ ਪਾਰ ਨਾ ਕਰ ਸਕਿਆ। 1961 ਵਿਚ ਅਮਰੀਕਾ ਦੇ ਹੀ ਇਕ ਹੋਰ ਸਿਆਹਫਾਮ ਜੰਪਰ ਬੋਸਟਨ ਨੇ 8.24 ਮੀਟਰ ਛਾਲ ਮਾਰ ਇਕ ਨਵੀਂ ਹੱਦ ਬੰਨ ਦਿੱਤੀ। ਬੋਸਟਨ ਨੇ ਕਈ ਵਾਰੀ ਆਪਣੇ ਰਿਕਾਰਡ ਨੂੰ ਸੁਧਾਰਿਆ ਤੇ 8.35 ਮੀਟਰ ਨਾਲ ਇਕ ਨਵਾਂ ਵਿਸ਼ਵ ਰਿਕਾਰਡ ਰੱਖਿਆ। ਜਿਸ ਦੀ ਬਰਾਬਰੀ 6 ਸਾਲ ਦੇ ਵਕਫ਼ੇ ਬਾਅਦ ਸੋਵੀਅਤ ਯੂਨੀਅਨ ਦੇ ਅਥਲੀਟ ਆਈਟੀ. ਓਵਨੇਸਯਨ ਨੇ 19 ਅਕਤੂਬਰ 1967 ਨੂੰ ਮੈਕਸੀਕੋ ’ਚ ਹੋਏ ਅਥਲੈਟਿਕਸ ਮੁਕਾਬਲੇ ’ਚ ਕੀਤੀ। 8.35 ਮੀਟਰ ਦੀ ਇਹ ਚੁਣੌਤੀ ਬਾਹਲੀ ਦੇਰ ਨਾਲ ਚੱਲੀ। ਅਮਰੀਕਾ ਦੇ ਇਕ ਹੋਰ ਸਿਆਹਫਾਮ ਖਿਡਾਰੀ ਬੌਬ ਬੀਮੋਨ ਨੇ 1968 ਦੀਆਂ ਗਰਮ ਰੁੱਤ ਓਲੰਪਿਕ ਵਿਚ 8.90 ਮੀਟਰ ਛਾਲ ਮਾਰ ਕੇ ਕੁਲ ਲੋਕਾਈ ਨੂੰ ਹੈਰਾਨ ਕਰ ਦਿੱਤਾ। ਬੌਬ ਬੀਮੋਨ ਦੇ ਬੰਨੇ ਇਸ ਰਿਕਾਰਡ ਨੂੰ 1991 ਵਿਚ ਟੋਕੀਓ ਅਥਲੈਟਿਕਸ ਮੀਟ ਵਿਚ ਤੋੜ ਕੇ 8.95 ਮੀਟਰ ਦੀ ਨਵੀਂ ਚੁਣੋਤੀ ਰੱਖੀ। ਅਮਰੀਕੀ ਖਿਡਾਰੀ ਮਾਈਕ ਪਾਵੇਲ ਨੇ ਪਾਵੇਲ ਦੁਆਰਾ 31 ਸਾਲ ਪਹਿਲਾਂ ਬਣਾਇਆ ਪੁਰਸ਼ਾਂ ਦਾ ਲੰਮੀ ਛਾਲ ’ਚ ਇਹ ਰਿਕਾਰਡ ਅਜੇ ਤੀਕ ਸਟੈਂਡ ਕਰ ਰਿਹਾ ਹੈ। ਔਰਤਾਂ ਲਈ ਲੰਬੀ ਛਾਲ ਦਾ ਮੁਕਾਬਲਾ 1948 ਓਲੰਪਿਕ ਖੇਡਾਂ ਤੋਂ ਸ਼ੁਰੂ ਹੋਇਆ ਪਰ ਔਰਤਾਂ ਦੇ ਵਰਗ ’ਚ ਲੰਬੀ ਛਾਲ ਦਾ ਰਿਕਾਰਡ ਸੋਵੀਅਤ ਯੂਨੀਅਨ ਦੀ ਖਿਡਾਰਨ ਗੈਲੀਨਾ ਚਿਸਤਯਾਕੋਵਾ ਨੇ 1988 ਵਿਚ ਲੈਨਿੰਗਰਾਦ ਵਿਖੇ 7.52 ਮੀਟਰ ਦੀ ਲੰਬੀ ਛਾਲ ਮਾਰ ਕੇ ਬਣਾਇਆ ਜਿਸ ਨੂੰ ਪਿਛਲੇ 34 ਸਾਲਾਂ ਤੋਂ ਕੋਈ ਨਹੀਂ ਤੋੜ ਸਕਿਆ।

ਅੰਜੂ ਬੋਬੀ ਜਾਰਜ ਨੇ ਜਿੱਤਿਆ ਸੀ ਤਗ਼ਮਾ

ਭਾਰਤ ਦੀ ਖਿਡਾਰਨ ਅੰਜੂ ਬੋਬੀ ਜਾਰਜ ਨੇ 2004 ਦੀਆਂ ਯੂਨਾਨ ਹੋਈਆਂ ਓਲੰਪਿਕ ਖੇਡਾਂ ਵਿਚ 6.83 ਮੀਟਰ ਲੰਬੀ ਛਾਲ ਮਾਰ ਕੇ ਤਾਂਬੇ ਦਾ ਤਗ਼ਮਾ ਜਿੱਤਿਆ ਤੇ ਨਵਾਂ ਰਾਸ਼ਟਰੀ ਰਿਕਾਰਡ ਰੱਖਿਆ। ਇਸ ਤੋਂ ਇਲਾਵਾ ਪੁਰਸ਼ਾਂ ਵਿਚ ਭਾਰਤੀ ਖਿਡਾਰੀ ਸ਼ੰਕਰ ਮੁਰਲੀ ਨੇ ਇਸੇ ਸਾਲ ਅਪ੍ਰੈਲ 2022 ਵਿਚ ਕੇਰਲਾ ਹੋਏ ਫੈਡਰੇਸ਼ਨ ਕੱਪ ਮੁਕਾਬਲੇ ਵਿਚ 8.36 ਮੀਟਰ ਛਾਲ ਮਾਰੀ ਤੇ ਨੈਸ਼ਨਲ ਰਿਕਾਰਡ ਰੱਖ ਦਿੱਤਾ। ਸੋ ਲੰਬੀ ਛਾਲ ਦੇ ਮੁਕਾਬਲੇ ਦਾ ਇਹ ਸਫ਼ਰ ਨਵੇਂ ਕੀਰਤੀਮਾਨ ਸਥਾਪਿਤ ਕਰਦਾ, ਦੁਨੀਆ ਦੇ ਖੇਡ ਜਗਤ ਵਿਚ ਓਨਾਂ ਚਿਰ ਰੋਮਾਂਚ ਪੈਦਾ ਕਰਦਾ ਰਹੇਗਾ ਜਦੋਂ ਤੀਕ ਖਿਡਾਰੀ ਰਿਕਾਰਡ ਦੀਆਂ ਪੁਰਾਣੀਆ ਹੱਦਾਂ ਭੰਨ ਨਵੀਆਂ ਬੰਨ੍ਹਦੇ ਰਹਿਣਗੇ।

- ਪ੍ਰੋ. ਹਰਦੀਪ ਸਿੰਘ ਸੰਗਰੂਰ

Posted By: Harjinder Sodhi