ਨਵੀਂ ਦਿੱਲੀ (ਪੀਟੀਆਈ) : ਭਾਰਤੀ ਮਹਿਲਾ ਫੁੱਟਬਾਲ ਟੀਮ ਅੰਡਰ-17 ਫੀਫਾ ਮਹਿਲਾ ਵਿਸ਼ਵ ਕੱਪ ਦੇ ਆਪਣੇ ਸਾਰੇ ਗਰੁੱਪ ਮੈਚ ਗੁਹਾਟੀ ਦੇ ਇੰਦਰਾ ਗਾਂਧੀ ਸਟੇਡੀਅਮ ਵਿਚ ਖੇਡੇਗੀ। ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਫੀਫਾ ਨੇ ਅਗਲੇ ਸਾਲ 17 ਫਰਵਰੀ ਤੋਂ ਸੱਤ ਮਾਰਚ ਤਕ ਹੋਣ ਵਾਲੇ ਟੂਰਨਾਮੈਂਟ ਦਾ ਸੋਧਿਆ ਹੋਇਆ ਪ੍ਰੋਗਰਾਮ ਜਾਰੀ ਕੀਤਾ। ਟੂਰਨਾਮੈਂਟ ਇਸ ਤੋਂ ਪਹਿਲਾਂ ਇਸ ਸਾਲ ਨਵੰਬਰ ਵਿਚ ਹੋਣਾ ਸੀ ਪਰ ਕੋਰੋਨਾ ਵਾਇਰਸ ਕਾਰਨ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਟੂਰਨਾਮੈਂਟ ਦੇ ਪੰਜ ਮੇਜ਼ਬਾਨ ਸ਼ਹਿਰ ਅਹਿਮਦਾਬਾਦ, ਭੁਬਨੇਸ਼ਵਰ, ਗੁਹਾਟੀ, ਕੋਲਕਾਤਾ ਤੇ ਨਵੀ ਮੁੰਬਈ ਹੋਣਗੇ ਤੇ 165 ਟੀਮਾਂ ਵਿਚਾਲੇ 32 ਮੈਚਾਂ ਦੀ ਮੇਜ਼ਬਾਨੀ ਕਰਨਗੇ। ਕੁਆਰਟਰ ਫਾਈਨਲ ਅਹਿਮਦਾਬਾਦ, ਨਵੀ ਮੁੰਬਈ, ਭੁਬਨੇਸ਼ਵਰ ਤੇ ਕੋਲਕਾਤਾ ਵਿਚ ਹੋਣਗੇ। ਦੋ ਸੈਮੀਫਾਈਨਲ ਤਿੰਨ ਮਾਰਚ ਨੂੰ ਨਵੀ ਮੁੰਬਈ ਤੇ ਭੁਬਨੇਸ਼ਵਰ ਵਿਚ ਇਕੱਠੇ ਹੋਣਗੇ। ਨਵੀ ਮੁੰਬਈ ਨੂੰ ਫਾਈਨਲ ਤੇ ਤੀਜੇ ਸਥਾਨ ਦੇ ਮੈਚ ਦੀ ਮੇਜ਼ਬਾਨੀ ਵੀ ਸੌਂਪੀ ਗਈ ਹੈ। ਟੂਰਨਾਮੈਂਟ ਦੀ ਸ਼ੁਰੂਆਤ ਗੁਹਾਟੀ ਤੇ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਦੋ-ਦੋ ਮੈਚਾਂ ਨਾਲ ਹੋਵੇਗੀ। ਮੇਜ਼ਬਾਨ ਹੋਣ ਵਜੋਂ ਭਾਰਤ ਨੂੰ ਡਰਾਅ ਵਿਚ ਏ-1 ਦਰਜਾ ਮਿਲਿਆ ਹੈ।