ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਮਰਦ ਹਾਕੀ ਟੀਮ ਇਸ ਮਹੀਨੇ ਜਰਮਨੀ ਤੇ ਬੈਲਜੀਅਮ ਦੇ ਦੌਰੇ ਨਾਲ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਸ਼ੁਰੂ ਕਰੇਗੀ ਜੋ ਪਿਛਲੇ ਸਾਲ ਮਾਰਚ ਵਿਚ ਕੋਰੋਨਾ ਮਹਾਮਾਰੀ ਤੋਂ ਬਾਅਦ ਤੋਂ ਉਸ ਦਾ ਪਹਿਲਾ ਅੰਤਰਰਾਸ਼ਟਰੀ ਦੌਰਾ ਹੋਵੇਗਾ। ਭਾਰਤੀ ਟੀਮ ਦੇ 22 ਖਿਡਾਰੀਆਂ ਤੇ ਛੇ ਸਹਿਯੋਗੀ ਸਟਾਫ ਦੀ ਟੀਮ ਐਤਵਾਰ ਨੂੰ ਬੈਂਗਲੁਰੂ ਤੋਂ ਜਰਮਨੀ ਦੇ ਕ੍ਰੇਫੇਲਡ ਲਈ ਰਵਾਨਾ ਹੋਵੇਗੀ ਜਿੱਥੇ ਉਹ ਮੇਜ਼ਬਾਨ ਟੀਮ ਨਾਲ 28 ਫਰਵਰੀ ਨੂੰ ਦੋ ਮਾਰਚ ਨੂੰ ਖੇਡਣਗੇ। ਇਸ ਤੋਂ ਬਾਅਦ ਭਾਰਤੀ ਟੀਮ ਏਂਟਵਰਪ ਜਾਵੇਗੀ ਜਿੱਥੇ ਉਸ ਨੇ ਬਰਤਾਨੀਆ ਨਾਲ ਛੇ ਤੇ ਅੱਠ ਮਾਰਚ ਨੂੰ ਖੇਡਣਾ ਹੈ। ਭਾਰਤੀ ਟੀਮ ਦੀ ਕਪਤਾਨੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੂੰ ਸੌਂਪੀ ਗਈ ਹੈ ਜਦਕਿ ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਉੱਪ ਕਪਤਾਨ ਹੋਣਗੇ। ਰੈਗੂਲਰ ਕਪਤਾਨ ਮਨਪ੍ਰੀਤ ਸਿੰਘ, ਡਰੈਗ ਫਲਕਿਰ ਰੁਪਿੰਦਰ ਪਾਲ ਸਿੰਘ, ਤਜਰਬੇਕਾਰ ਫਾਰਵਰਡ ਐੱਸ ਵੀ ਸੁਨੀਲ ਤੇ ਵਰੁਣ ਕੁਮਾਰ ਟੀਮ ਵਿਚ ਨਹੀਂ ਹਨ। ਮਨਪ੍ਰੀਤ ਨਿੱਜੀ ਕਾਰਨਾਂ ਨਾਲ ਟੀਮ 'ਚੋਂ ਬਾਹਰ ਹਨ ਜਦਕਿ ਰੁਪਿੰਦਰ ਤੇ ਵਰੁਣ ਜ਼ਖ਼ਮੀ ਹਨ। ਭਾਰਤੀ ਟੀਮ ਨੇ ਆਖ਼ਰੀ ਅੰਤਰਰਾਸ਼ਟਰੀ ਟੂਰਨਾਮੈਂਟ ਪਿਛਲੇ ਸਾਲ ਫਰਵਰੀ ਵਿਚ ਭੁਵਨੇਸ਼ਵਰ ਵਿਚ ਐੱਫਆਈਐੱਚ ਹਾਕੀ ਪ੍ਰਰੋ ਲੀਗ ਖੇਡਿਆ ਸੀ। ਆਸਟ੍ਰੇਲੀਆ ਖ਼ਿਲਾਫ਼ ਆਪਣੇ ਚੰਗੇ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਟੀਮ ਐੱਫਆਈਐੱਚ ਵਿਸ਼ਵ ਰੈਂਕਿੰਗ ਵਿਚ ਚੌਥੇ ਸਥਾਨ 'ਤੇ ਪੁੱਜ ਗਈ ਜੋ ਹੁਣ ਤਕ ਦਾ ਉਸ ਦਾ ਸਰਬੋਤਮ ਪ੍ਰਦਰਸ਼ਨ ਹੈ। ਭਾਰਤੀ ਟੀਮ ਜਨਵਰੀ ਤੋਂ ਬੈਂਗਲੁਰੂ ਵਿਚ ਅਭਿਆਸ ਕਰ ਰਹੀ ਹੈ। ਮਹਿਲਾ ਟੀਮ ਨੇ ਪਿਛਲੇ ਮਹੀਨੇ ਅਰਜਨਟੀਨਾ ਦਾ ਦੌਰਾ ਕੀਤਾ ਸੀ ਜਦਕਿ ਜੂਨੀਅਰ ਮਹਿਲਾ ਟੀਮ ਚਿਲੀ ਦੌਰੇ 'ਤੇ ਗਈ ਸੀ। ਹਾਕੀ ਇੰਡੀਆ ਤੇ ਮੇਜ਼ਬਾਨ ਹਾਕੀ ਸੰਘਾਂ ਨੇ ਬਾਇਓ ਬਬਲ (ਕੋਰੋਨਾ ਤੋਂ ਬਚਾਅ ਲਈ ਤਿਆਰ ਕੀਤਾ ਗਿਆ ਸੁਰੱਖਿਅਤ ਮਾਹੌਲ) ਤਿਆਰ ਕੀਤਾ ਹੈ। ਭਾਰਤੀ ਟੀਮ ਅਜਿਹੇ ਹੋਟਲ ਵਿਚ ਰੁਕੇਗੀ ਜਿੱਥੇ ਖਿਡਾਰੀਆਂ ਲਈ ਵੱਖ ਕਮਰੇ, ਖਾਣੇ ਤੇ ਟੀਮ ਮੀਟਿੰਗਾਂ ਲਈ ਵੱਖ ਕਮਰੇ ਹੋਣਗੇ। ਟੀਮ ਬੱਸ ਵਿਚ ਵੀ ਬੈਠਣ ਦਾ ਖ਼ਾਸ ਇੰਤਜ਼ਾਮ ਹੋਵੇਗਾ। ਟੀਮ ਦੇ ਮੈਂਬਰ ਬਾਇਓ ਬਬਲ ਤੋਂ ਬਾਹਰ ਨਹੀਂ ਜਾ ਸਕਣਗੇ ਤੇ ਕਿਸੇ ਬਾਹਰੀ ਵਿਅਕਤੀ ਨੂੰ ਨਹੀਂ ਮਿਲ ਸਕਣਗੇ। ਜਾਣ ਤੋਂ ਪਹਿਲਾਂ ਪੂਰੀ ਟੀਮ ਦਾ ਕੋਰੋਨਾ ਟੈਸਟ ਹੋਵੇਗਾ। ਜਰਮਨੀ ਵਿਚ ਕੁਆਰੰਟਾਈਨ ਦੀ ਲੋੜ ਨਹੀਂ ਹੈ ਪਰ ਟੀਮ ਭਾਰਤ, ਜਰਮਨੀ ਤੇ ਬੈਲਜੀਅਮ ਦੇ ਸਾਰੇ ਸਿਹਤ ਸਬੰਧੀ ਪ੍ਰਰੋਟੋਕਾਲ ਦਾ ਪਾਲਣ ਕਰੇਗੀ।

Posted By: Susheel Khanna