ਬਿਊਨਸ ਆਇਰਸ (ਪੀਟੀਆਈ) : ਭਾਰਤੀ ਮਰਦ ਹਾਕੀ ਟੀਮ ਨੇ ਅਰਜਨਟੀਨਾ ਦੌਰੇ ਦੀ ਸਕਾਰਾਤਮਕ ਸ਼ੁਰੂਆਤ ਕਰਦੇ ਹੋਏ ਪਿਛਲੀ ਵਾਰ ਦੀ ਓਲੰਪਿਕ ਚੈਂਪੀਅਨ ਨੂੰ ਇੱਥੇ ਪਹਿਲੇ ਅਭਿਆਸ ਮੈਚ ਵਿਚ 4-3 ਨਾਲ ਹਰਾਇਆ। ਨੀਲਾਕਾਂਤ ਸ਼ਰਮਾ (16ਵੇਂ ਮਿੰਟ), ਹਰਮਨਪ੍ਰਰੀਤ ਸਿੰਘ (28ਵੇਂ ਮਿੰਟ), ਰੁਪਿੰਦਰ ਪਾਲ ਸਿੰਘ (33ਵੇਂ ਮਿੰਟ) ਤੇ ਵਰੁਣ ਕੁਮਾਰ (47ਵੇਂ ਮਿੰਟ) ਨੇ ਮੰਗਲਵਾਰ ਦੇਰ ਰਾਤ ਹੋਏ ਮੁਕਾਬਲੇ ਵਿਚ ਭਾਰਤ ਵੱਲੋਂ ਗੋਲ ਕੀਤੇ। ਮੇਜ਼ਬਾਨ ਟੀਮ ਵੱਲੋਂ ਡਰੈਗ ਫਲਿੱਕਰ ਲਿਏਂਡਰ ਤੋਲੀਨੀ (35 ਤੇ 53ਵੇਂ ਮਿੰਟ) ਨੇ ਦੋ ਜਦਕਿ ਮਾਸੀਓ ਕਾਸੇਲਾ (41ਵੇਂ ਮਿੰਟ) ਨੇ ਇਕ ਗੋਲ ਕੀਤਾ। ਦੋਵਾਂ ਹੀ ਟੀਮਾਂ ਨੇ ਪਹਿਲੇ ਕੁਆਰਟਰ ਵਿਚ ਹੌਲੀ ਸ਼ੁਰੂਆਤ ਕੀਤੀ ਪਰ ਭਾਰਤੀ ਟੀਮ ਨੇ ਦੂਜੇ ਕੁਆਰਟਰ ਵਿਚ ਤੇਜ਼ੀ ਦਿਖਾਈ। ਸ਼ਿਲਾਨੰਦ ਲਾਕੜਾ ਨੇ ਭਾਰਤ ਦੇ ਪਹਿਲੇ ਗੋਲ ਦੀ ਨੀਂਹ ਰੱਖੀ। ਉਨ੍ਹਾਂ ਦੇ ਸਟੀਕ ਪਾਸ 'ਤੇ ਸਰਕਲ ਦੇ ਅੰਦਰ ਮੌਜੂਦ ਨੀਲਾਕਾਂਤ ਨੇ ਅਰਜਨਟੀਨਾ ਦੇ ਗੋਲਕੀਪਰ ਨੂੰ ਪਛਾੜਦੇ ਹੋਏ ਭਾਰਤ ਨੂੰ ਬੜ੍ਹਤ ਦਿਵਾਈ। ਭਾਰਤ ਨੇ ਇਸ ਤੋਂ ਬਾਅਦ ਲਗਾਤਾਰ ਹਮਲੇ ਕਰ ਕੇ ਵਿਰੋਧੀ ਟੀਮ ਨੂੰ ਬੈਕਫੁੱਟ 'ਤੇ ਰੱਖਿਆ। ਅਰਜਨਟੀਨਾ ਨੇ ਭਾਰਤ ਦੇ ਹਮਲਾਵਰ ਪ੍ਰਦਰਸ਼ਨ ਦਾ ਜਵਾਬ ਦਿੰਦੇ ਹੋਏ ਜਲਦ ਹੀ ਪੈਨਲਟੀ ਕਾਰਨਰ ਹਾਸਲ ਕੀਤਾ ਪਰ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਮੇਜ਼ਬਾਨ ਟੀਮ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਦਿਲਪ੍ਰਰੀਤ ਸਿੰਘ ਦੀ ਬਦੌਲਤ ਭਾਰਤ ਨੇ 28ਵੇਂ ਮਿੰਟ ਵਿਚ ਪੈਨਲਟੀ ਕਾਰਨਰ ਹਾਸਲ ਕੀਤਾ ਤੇ ਹਰਮਨਪ੍ਰਰੀਤ ਨੇ ਦਮਦਾਰ ਸ਼ਾਟ ਦੀ ਬਦੌਲਤ ਮਹਿਮਾਨ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਅਰਜਨਟੀਨਾ ਨੇ ਤੀਜੇ ਕੁਆਰਟਰ ਵਿਚ ਮਜ਼ਬੂਤ ਵਾਪਸੀ ਕੀਤੀ ਜਦ ਤੋਲੀਨੀ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ। ਭਾਰਤ ਨੇ ਵੀ ਇਸ ਤੋਂ ਤੁਰੰਤ ਬਾਅਦ ਪੈਨਲਟੀ ਕਾਰਨਰ ਹਾਸਲ ਕੀਤਾ ਤੇ ਤਜਰਬੇਕਾਰ ਰੁਪਿੰਦਰ ਨੇ ਗੋਲ ਕਰ ਕੇ ਭਾਰਤ ਨੂੰ 3-1 ਨਾਲ ਅੱਗੇ ਕਰ ਦਿੱਤਾ। ਅਰਜਨਟੀਨਾ ਨੇ ਹਾਲਾਂਕਿ 42ਵੇਂ ਮਿੰਟ ਵਿਚ ਕਾਸੇਲਾ ਦੀ ਬਦੌਲਤ ਇਕ ਹੋਰ ਗੋਲ ਕਰ ਕੇ ਭਾਰਤ ਦੀ ਬੜ੍ਹਤ ਨੂੰ ਘੱਟ ਕੀਤਾ। ਅਰਜਨਟੀਨਾ ਨੂੰ ਇਸ ਤੋਂ ਬਾਅਦ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਪਰ ਨੌਜਵਾਨ ਭਾਰਤੀ ਗੋਲਕੀਪਰ ਕ੍ਰਿਸ਼ਣ ਬਹਾਦੁਰ ਪਾਠਕ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਭਾਰਤ ਨੇ ਆਖ਼ਰੀ ਕੁਆਰਟਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਬੜ੍ਹਤ ਕਾਇਮ ਰੱਖੀ। ਦਿਲਪ੍ਰਰੀਤ ਨੇ 47ਵੇਂ ਮਿੰਟ ਵਿਚ ਭਾਰਤ ਲਈ ਇਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ ਤੇ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਤੋਂ ਬਾਅਦ ਟੀਮ ਵਿਚ ਵਾਪਸੀ ਕਰ ਰਹੇ ਵਰੁਣ ਨੇ ਗੋਲ ਕਰਨ ਵਿਚ ਕੋਈ ਗ਼ਲਤੀ ਨਹੀਂ ਕੀਤੀ। ਤੋਲਿਨੀ ਨੇ 53ਵੇਂ ਮਿੰਟ ਵਿਚ ਅਰਜਨਟੀਨਾ ਵੱਲੋਂ ਇਕ ਹੋਰ ਗੋਲ ਕਰ ਕੇ ਸਕੋਰ 3-4 ਕਰ ਦਿੱਤਾ ਪਰ ਇਸ ਤੋਂ ਬਾਅਦ ਭਾਰਤ ਦੇ ਡਿਫੈਂਸ ਨੇ ਮੇਜ਼ਬਾਨ ਟੀਮ ਨੂੰ ਹੋਰ ਗੋਲ ਨਹੀਂ ਕਰਨ ਦਿੱਤਾ ਤੇ ਭਾਰਤ ਨੇ ਜਿੱਤ ਦਰਜ ਕੀਤੀ।
ਭਾਰਤੀ ਮਰਦ ਹਾਕੀ ਟੀਮ ਨੇ ਅਰਜਨਟੀਨਾ ਨੂੰ 4-3 ਨਾਲ ਦਿੱਤੀ ਮਾਤ
Publish Date:Thu, 08 Apr 2021 09:21 AM (IST)

- # The Indian men's hockey team
- # defeated Argentina 4-3
- # Indian hockey team
- # Punjabi news
- # national news
