ਆਰਹਸ : ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਗਰੁੱਪ-ਸੀ 'ਚ ਨੀਦਰਲੈਂਡਸ ਨੂੰ 5-0 ਨਾਲ ਹਰਾ ਕੇ ਥਾਮਸ ਕੱਪ 'ਚ ਸ਼ਾਨਦਾਰ ਸ਼ੁਰੂਆਤ ਕੀਤੀ। ਐਤਵਾਰ ਦੇਰ ਰਾਤ ਨੂੰ ਖੇਡੇ ਗਏ ਮੁਕਾਬਲੇ 'ਚ ਕਿਦਾਂਬੀ ਸ਼੍ਰੀਕਾਂਤ ਨੇ ਪੁਰਸ਼ ਸਿੰਗਲਜ਼ 'ਚ ਜੋਰਾਨ ਕਵੀਕੇਲ ਨੂੰ ਹਰਾਇਆ। ਇਸ ਤੋਂ ਬਾਅਦ ਸਾਤਵਿਕਸਾਈਰਾਜ ਰੇਂਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਡਬਲਜ਼ ਜੋੜੀ ਨੇ ਰੂਬੇਨ ਜਿਲ ਤੇ ਟਾਈਸ ਵੈਨ ਡੇਰ ਲੇਕ ਨੂੰ ਹਰਾ ਕੇ ਭਾਰਤ ਨੂੰ 2-0 ਨਾਲ ਅੱਗੇ ਕਰ ਦਿੱਤਾ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੇ ਮੈਡਲ ਜੇਤੂ ਬੀ ਸਾਈ ਪ੍ਰਣੀਲ ਨੇ ਦੂਜੇ ਸਿੰਗਲਜ਼ ਮੈਚ 'ਚ ਰੌਬਿਨ ਮੇਸਮੈਨ ਨੂੰ ਹਰਾ ਕੇ ਭਾਰਤ ਨੂੰ ਅਜੇਤੂ 3-0 ਦੀ ਲੀਡ ਦਿਵਾਈ। ਐੱਮਆਰ ਅਰਜੁਨ ਤੇ ਧਰੁਵ ਕਪਿਲਾ ਨੇ ਦੂਸਰੇ ਡਬਲਜ਼ ਮੁਕਾਬਲੇ 'ਚ ਐਂਡੀ ਬਈਸਿਕ ਤੇ ਬ੍ਰਾਇਨ ਵਾਸਿੰਕ ਨੂੰ ਹਰਾਇਆ ਜਦੋਂ ਕਿ ਸਮੀਰ ਵਰਮਾ ਨੇ ਤੀਸਰੇ ਤੇ ਆਖ਼ਰੀ ਸਿੰਗਲਜ਼ ਮੈਚ 'ਚ ਗਿਜ ਡਿਊਜ਼ ਨੂੰ ਹਰਾਇਆ, ਜਿਸ ਨਾਲ ਭਾਰਤ ਕਲੀਨ ਸਵੀਪ ਕਰਨ 'ਚ ਸਫਲ ਰਿਹਾ।

ਸ਼ੁਭੰਕਰ ਤੀਸਰੇ ਸਥਾਨ 'ਤੇ, ਰਾਫਾ ਨੂੰ ਖ਼ਿਤਾਬ

ਮੈਡਿ੍ਡ : ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਆਖ਼ਰੀ ਦੌਰ 'ਚ ਪੰਜ ਅੰਡਰ 66 ਦੇ ਸਕੋਰ ਨਾਲ ਏਸਿਓਨਾ ਓਪਨ ਡਿ ਏਸਪਾਨਾ ਟੂਰਨਾਮੈਂਟ 'ਚ ਸੰਯੁਕਤ ਤੀਸਰੇ ਸਥਾਨ 'ਤੇ ਰਹੇ। ਦੂਜੇ ਪਾਸੇ ਸਪੇਨ ਦੇ ਰਾਫਾ ਕਾਬਰੇਰਾ ਨੇ ਆਪਣੇ ਹਮਵਤਨ ਐਡਿ੍ਆਰਨਾਸ ਨੂੰ ਪਲੇਆਫ 'ਚ ਪਛਾੜ ਕੇ ਯੂਰਪੀ ਟੂਰ ਖ਼ਿਤਾਬ ਜਿੱਤ ਲਿਆ।

ਮਿਕੇਲਸਨ ਨੇ ਜਿੱਤਿਆ ਖ਼ਿਤਾਬ

ਜੈਕਸਨਵਿਲੇ : ਫਿਲ ਮਿਕੇਲਸਨ ਨੇ ਆਖ਼ਰੀ ਦੌਰ 'ਚ ਚਾਰ ਅੰਡਰ 68 ਦਾ ਕਾਰਡ ਖੇਡ ਕੇ ਕਾਂਸਟਲੇਸ਼ਨ ਫਿਊਰੀਕ ਐਂਡ ਫਰੈਂਡਜ਼ ਇਨਵੀਟੇਸ਼ਨਲ ਗੋਲਫ ਟੂਰਨਾਮੈਂਟ 'ਚ ਦੋ ਸ਼ਾਟ ਨਾਲ ਜਿੱਤ ਦਰਜ ਕੀਤੀ ਜੋ ਪੀਜੀਏ ਟੂਰ ਚੈਂਪੀਅਨਜ਼ 'ਚ ਉਨ੍ਹਾਂ ਦਾ ਤੀਸਰਾ ਖ਼ਿਤਾਬ ਹੈ।