ਡਬਲਿਨ (ਪੀਟੀਆਈ) : ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਦੋ ਗੋਲਾਂ ਨਾਲ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰ ਕੇ ਇੱਥੇ ਚੱਲ ਰਹੇ ਪੰਜ ਦੇਸ਼ਾਂ ਦੇ ਅੰਡਰ-23 ਟੂਰਨਾਮੈਂਟ 'ਚ ਨੀਦਰਲੈਂਡ ਨੂੰ 2-2 ਨਾਲ ਡਰਾਅ 'ਤੇ ਰੋਕਿਆ।

ਭਾਰਤ ਲਈ ਅਨੂ (19ਵੇਂ ਮਿੰਟ) ਤੇ ਬਿਊਟੀ ਡੁੰਗਡੁੰਗ (37ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਨੀਦਰਲੈਂਡ ਵੱਲੋਂ ਬ੍ਰਾਵਰ ਏਂਬਰ (13ਵੇਂ ਮਿੰਟ) ਤੇ ਵੈਨ ਡੇਰ ਬ੍ਰੋਕ ਬੇਲੇਨ (17ਵੇਂ ਮਿੰਟ) ਨੇ ਇਕ ਇਕ ਗੋਲ ਕੀਤਾ। ਭਾਰਤੀ ਟੀਮ ਸ਼ੁਰੂਆਚ ਤੋਂ ਦਬਾਅ ਵਿਚ ਸੀ ਕਿਉਂਕਿ ਨੀਦਰਲੈਂਡ ਨੇ ਸ਼ੁਰੂਆਤੀ ਪੰਜ ਮਿੰਟ ਵਿਚ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ। ਭਾਰਤ ਨੇ ਇਨ੍ਹਾਂ 'ਤੇ ਗੋਲ ਨਹੀਂ ਹੋਣ ਦਿੱਤੇ ਪਰ ਏਂਬਰ ਨੇ 13ਵੇਂ ਮਿੰਟ ਵਿਚ ਗੋਲ ਕਰ ਕੇ ਨੀਦਰਲੈਂਡ ਨੂੰ ਬੜ੍ਹਤ ਦਿਵਾ ਦਿੱਤੀ ਜਿਸ ਨੂੰ ਵਾਨ ਡੇਰ ਬ੍ਰੋਕ ਬੇਲੇਨ ਨੇ 17ਵੇਂ ਮਿੰਟ ਵਿਚ ਦੁੱਗਣਾ ਕਰ ਦਿੱਤਾ।

ਭਾਰਤ ਨੇ ਜਵਾਬੀ ਹਮਲਾ ਕਰ ਕੇ ਪੈਨਲਟੀ ਕਾਰਨਰ ਹਾਸਲ ਕੀਤਾ ਜਿਸ ਨੂੰ 19ਵੇਂ ਮਿੰਟ ਵਿਚ ਅਨੂ ਨੇ ਗੋਲ ਵਿਚ ਬਦਲਿਆ। ਭਾਰਤੀ ਟੀਮ ਨੇ ਇਕ ਗੋਲ ਨਾਲ ਪੱਛੜਨ ਦੇ ਬਾਵਜੂਦ ਤੀਜੇ ਕੁਆਰਟਰ ਵਿਚ ਸ਼ਾਨਦਾਰ ਖੇਡ ਦਿਖਾਈ। ਉੱਪ ਕਪਤਾਨ ਬਿਊਟੀ ਡੁੰਗੁਡੰਗ ਨੇ 37ਵੇਂ ਮਿੰਟ ਵਿਚ ਗੋਲ ਕਰ ਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਨੂੰ ਮੌਕੇ ਮਿਲੇ ਪਰ ਕੋਈ ਵੀ ਉਨ੍ਹਾਂ ਦਾ ਫ਼ਾਇਦਾ ਨਾ ਉਠਾ ਸਕੀ। ਭਾਰਤੀ ਮਹਿਲਾ ਟੀਮ ਬੁੱਧਵਾਰ ਨੂੰ ਟੂਰਨਾਮੈਂਟ ਦੇ ਆਪਣੇ ਤੀਜੇ ਮੈਚ ਵਿਚ ਯੂਕਰੇਨ ਨਾਲ ਭਿੜੇਗੀ।

Posted By: Gurinder Singh