ਨਵੀਂ ਦਿੱਲੀ (ਪੀਟੀਆਈ) : ਭਾਰਤ ਕੋਵਿਡ-19 ਨਾਲ ਜੁੜੀਆਂ ਚਿੰਤਾਵਾਂ ਤੇ ਦੇਸ਼ ਦੇ ਯਾਤਰੀਆਂ ਪ੍ਰਤੀ ਬਿ੍ਟੇਨ ਦੇ ਪੱਖਪਾਤੀ ਕੁਆਰੰਟਾਈਨ ਨਿਯਮਾਂ ਕਾਰਨ ਅਗਲੇ ਸਾਲ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਦੀ ਹਾਕੀ ਚੈਂਪੀਅਨਸ਼ਿਪ ਤੋਂ ਮੰਗਲਵਾਰ ਨੂੰ ਹਟ ਗਿਆ। ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰੋ ਨਿੰਗੋਬਮ ਨੇ ਮਹਾਸੰਘ ਦੇ ਫ਼ੈਸਲੇ ਤੋਂ ਭਾਰਤੀ ਓਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਨਰਿੰਦਰ ਬੱਤਰਾ ਨੂੰ ਜਾਣੂ ਕਰਵਾ ਦਿੱਤਾ। ਹਾਕੀ ਇੰਡੀਆ ਨੇ ਕਿਹਾ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ (28 ਜੁਲਾਈ ਤੋਂ ਅੱਠ ਅਗਸਤ) ਤੇ ਹਾਂਗਝੂ ਏਸ਼ਿਆਈ ਖੇਡਾਂ (10 ਤੋਂ 25 ਸਤੰਬਰ) ਵਿਚਾਲੇ ਸਿਰਫ਼ 32 ਦਿਨ ਦਾ ਫ਼ਰਕ ਹੈ ਤੇ ਉਹ ਆਪਣੇ ਖਿਡਾਰੀਆਂ ਨੂੰ ਬਿ੍ਟੇਨ ਭੇਜ ਕੇ ਜੋਖ਼ਮ ਨਹੀਂ ਉਠਾਉਣਾ ਚਾਹੁੰਦਾ ਜੋ ਕੋਰੋਨਾ ਵਾਇਰਸ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚ ਸ਼ਾਮਲ ਹੈ। ਬਿ੍ਟੇਨ ਨੇ ਪਿਛਲੇ ਦਿਨੀਂ ਭਾਰਤ ਦੇ ਕੋਵਿਡ-19 ਟੀਕਾਕਰਨ ਪ੍ਰਮਾਣ ਪੱਤਰਾਂ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੇ ਪੂਰਨ ਟੀਕਾਕਰਨ ਦੇ ਬਾਵਜੂਦ ਉਨ੍ਹਾਂ ਲਈ 10 ਦਿਨ ਦਾ ਸਖ਼ਤ ਕੁਆਰੰਟਾਈਨ ਜ਼ਰੂਰੀ ਕੀਤਾ।

ਜੂਨੀਅਰ ਵਿਸ਼ਵ ਕੱਪ ਤੋਂ ਹਟ ਚੁੱਕਾ ਹੈ ਬਰਤਾਨੀਆ

ਇੰਗਲੈਂਡ ਦੇ ਕੋਵਿਡ-19 ਨਾਲ ਜੁੜੀਆਂ ਚਿੰਤਾਵਾਂ ਤੇ ਭਾਰਤ ਸਰਕਾਰ ਦੇ ਬਰਤਾਨੀਆ ਦੇ ਸਾਰੇ ਨਾਗਰਿਕਾਂ ਲਈ 10 ਦਿਨ ਦਾ ਕੁਆਰੰਟਾਈਨ ਜ਼ਰੂਰੀ ਕਰਨ ਦਾ ਹਵਾਲਾ ਦੇ ਕੇ ਭੁਵਨੇਸ਼ਵਰ ਵਿਚ ਅਗਲੇ ਮਹੀਨੇ ਹੋਣ ਵਾਲੇ ਐੱਫਆਈਐੱਚ ਮਰਦ ਜੂਨੀਅਰ ਵਿਸ਼ਵ ਕੱਪ ਤੋਂ ਹਟਣ ਤੋਂ ਇਕ ਦਿਨ ਬਾਅਦ ਹਾਕੀ ਇੰਡੀਆ ਨੇ ਇਹ ਕਦਮ ਉਠਾਇਆ ਹੈ।

Posted By: Jatinder Singh