ਹੋ ਚੀ ਮਿਨ੍ਹ (ਪੀਟੀਆਈ) : ਭਾਰਤੀ ਫੁੱਟਬਾਲ ਟੀਮ ਨੂੰ ਮੰਗਲਵਾਰ ਨੂੰ ਇੱਥੇ ਹੰਗ ਥਿਨ੍ਹ ਦੋਸਤਾਨਾ ਫੁੱਟਬਾਲ ਟੂਰਨਾਮੈਂਟ ਵਿਚ ਵੀਅਤਨਾਮ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਨੂੰ ਪਿਛਲੇ ਸ਼ਨਿਚਰਵਾਰ ਨੂੰ ਉਸ ਤੋਂ ਘੱਟ ਰੈਂਕਿੰਗ ਵਾਲੇ ਸਿੰਗਾਪੁਰ ਨੇ 1-1 ਨਾਲ ਬਰਾਬਰੀ 'ਤੇ ਰੋਕ ਦਿੱਤਾ ਸੀ। ਵੀਅਤਨਾਮ ਦੀ ਟੀਮ ਪਹਿਲੇ ਮੈਚ ਵਿਚ ਸਿੰਗਾਪੁਰ ਨੂੰ 4-0 ਨਾਲ ਹਰਾਉਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਹੈ ਤੇ ਭਾਰਤੀ ਟੀਮ ਨੂੰ ਉਸ ਖ਼ਿਲਾਫ਼ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਪਵੇਗਾ। ਭਾਰਤੀ ਟੀਮ ਦੇ ਮੁੱਖ ਕੋਚ ਇਗੋਰ ਸਟੀਮਕ ਨੇ ਮੈਚ ਤੋਂ ਪਹਿਲਾਂ ਕਿਹਾ ਕਿ ਇਹ ਵੱਧ ਮਜ਼ਬੂਤ ਟੀਮ ਖ਼ਿਲਾਫ਼ ਕਾਫੀ ਵੱਖ ਮੁਕਾਬਲਾ ਹੋਵੇਗਾ ਇਸ ਲਈ ਸਾਡਾ ਵਤੀਰਾ ਵੀ ਇਸੇ ਮੁਤਾਬਕ ਬਦਲੇਗਾ। ਸਾਨੂੰ ਵੱਧ ਇਕਾਗਰ ਹੋਣ ਦੀ ਲੋੜ ਹੈ। ਨਾਲ ਹੀ ਸਾਨੂੰ ਆਪਣੇ ਡਿਫੈਂਸ 'ਤੇ ਵੀ ਧਿਆਨ ਦੇਣਾ ਪਵੇਗਾ। ਲੰਬੀ ਦੂਰੀ ਦੇ ਸ਼ਾਟ ਨਾਲ ਉਹ ਸਖ਼ਤ ਚੁਣੌਤੀ ਪੇਸ਼ ਕਰਦੇ ਹਨ ਤੇ ਸਾਨੂੰ ਉਨ੍ਹਾਂ ਦੇ ਸਟੀਕ ਕ੍ਰਾਸ ਨਾਲ ਵੀ ਨਜਿੱਠਣਾ ਪਵੇਗਾ। ਭਾਰਤ ਦੇ ਮੁੱਖ ਕੋਚ ਨੇ ਵੀਅਤਨਾਮ ਤੇ ਸਿੰਗਾਪੁਰ ਵਿਚਾਲੇ ਮੁਕਾਬਲੇ 'ਤੇ ਵੀ ਨਜ਼ਰ ਰੱਖੀ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਮੰਗਲਵਾਰ ਦਾ ਉਨ੍ਹਾਂ ਦਾ ਵਿਰੋਧੀ ਇਕ ਸੰਗਠਤ ਟੀਮ ਹੈ। ਸਟੀਮਕ ਨੇ ਕਿਹਾ ਕਿ ਮੈਂ ਸਿੰਗਾਪੁਰ ਖ਼ਿਲਾਫ਼ ਉਨ੍ਹਾਂ ਦਾ ਮੈਚ ਦੇਖਿਆ ਤੇ ਉਹ ਕਾਫੀ ਅਨੁਸ਼ਾਸਨ ਵਾਲੀ ਟੀਮ ਹੈ। ਨਾਲ ਹੀ ਉਨ੍ਹਾਂ ਨੂੰ ਪਹਿਲੇ ਮੈਚ ਤੋਂ ਬਾਅਦ ਕਾਫੀ ਸਮਾਂ ਮਿਲਿਆ ਹੈ ਜਦਕਿ ਸਾਨੂੰ ਦੇਖਣਾ ਪਵੇਗਾ ਕਿ ਸਾਡੇ ਕਿੰਨੇ ਖਿਡਾਰੀ ਉਪਲੱਬਧ ਤੇ ਖੇਡਣ ਲਈ ਫਿੱਟ ਹੋਣਗੇ।

Posted By: Gurinder Singh