ਯਰੂਸਲਮ (ਪੀਟੀਆਈ) : ਭਾਰਤ ਨੂੰ ਸ਼ਨਿਚਰਵਾਰ ਨੂੰ ਇੱਥੇ ਫਿਡੇ ਵਿਸ਼ਵ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਦੋ ਗੇੜ ਦੇ ਕਾਂਸੇ ਦੇ ਮੈਡਲ ਦੇ ਪਲੇਆਫ ਦੇ ਟਾਈ ਰਹਿਣ ਤੋਂ ਬਾਅਦ ਸਪੇਨ ਹੱਥੋਂ ਟਾਈਬ੍ਰੇਕ ਵਿਚ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੋਵਾਂ ਗੇੜ ਵਿਚ ਟੀਮਾਂ ਨੇ 2-2 ਨਾਲ ਡਰਾਅ ਖੇਡਿਆ ਪਰ ਜੇਮੀ ਸਾਂਤੋਸ ਲਾਤਾਸਾ ਤੇ ਡੇਵਿਡ ਏਂਟਨ ਗੁਈਜਾਰੇ ਨੇ ਕ੍ਰਮਵਾਰ ਵਿਦਿਤ ਸੰਤੋਸ਼ ਗੁਜਰਾਤੀ ਤੇ ਨਿਹਾਲ ਸਰੀਨ ਨੂੰ ਬਲਿਟਜ ਟਾਈਬ੍ਰੇਕਰ ਵਿਚ ਹਰਾ ਕੇ ਸਪੇਨ ਨੂੰ ਬੜ੍ਹਤ ਦਿਵਾਈ। ਹੋਰ ਬਾਜ਼ੀਆਂ ਵਿਚ ਐੱਸਐੱਲ ਨਾਰਾਇਣਨ ਨੇ ਐਲੇਕਸੇਈ ਸ਼ਿਰੋਵ ਨਾਲ ਡਰਾਅ ਖੇਡਿਆ ਤੇ ਅਭਿਜੀਤ ਗੁਪਤਾ ਨੇ ਮਿਗੁਏਲ ਸਾਂਤੋਜ ਰੂਈਜ ਨਾਲ ਅੰਕ ਵੰਡੇ। ਇਸ ਨਾਲ ਸਪੇਨ ਨੇ ਸ਼ਨਿਚਰਵਾਰ ਨੂੰ 3-1 ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਪਹਿਲੇ ਗੇੜ ਵਿਚ ਗੁਜਰਾਤੀ ਨੇ ਸਾਂਤੋਸ ਲਾਤਾਸਾ ਨਾਲ ਜਦਕਿ ਸਰੀਨ ਨੇ ਗੁਈਜਾਰੋ ਨਾਲ ਅੰਕ ਵੰਡੇ। ਨਾਰਾਇਣਨ ਤੇ ਦਾਨਿਲ ਯੁਫਾ ਤੇ ਗੁਪਤਾ ਤੇ ਸਾਂਤੋਸ਼ ਰੂਈਜ ਦੇ ਵਿਚਾਲੇ ਮੁਕਾਬਲੇ ਵੀ ਡਰਾਅ ਰਹੇ। ਦੂਜੇ ਗੇੜ ਵਿਚ ਇਹੀ ਨਤੀਜਾ ਰਿਹਾ, ਸਾਰੇ ਚਾਰ ਬੋਰਡ 'ਤੇ ਇਨ੍ਹਾਂ ਖਿਡਾਰੀਆਂ ਨੇ ਡਰਾਅ ਖੇਡੇ।

Posted By: Gurinder Singh