ਨਵੀਂ ਦਿੱਲੀ (ਪੀਟੀਆਈ) : ਏਸ਼ੀਆਈ ਚੈਂਪੀਅਨ ਵਿੰਕਾ ਤੇ ਅਲਫੀਆ ਪਠਾਨ ਉਨ੍ਹਾਂ ਚਾਰ ਭਾਰਤੀ ਮੁੱਕੇਬਾਜ਼ਾਂ 'ਚ ਸ਼ਾਮਲ ਹਨ ਜਿਨ੍ਹਾਂ ਨੇ ਪੋਲੈਂਡ ਦੇ ਕਿਲਸੇ 'ਚ ਚੱਲ ਰਹੀ ਪੁਰਸ਼ ਤੇ ਮਹਿਲਾ ਯੁਵਾ ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ। ਗੀਤਿਕਾ ਅਤੇ ਪੂਨਮ ਦੋ ਹੋਰ ਮੁੱਕੇਬਾਜ਼ ਹਨ ਜਿਨ੍ਹਾਂ ਨੇ ਅੰਤਿਮ ਚਾਰ ਪੜਾਆਂ 'ਚ ਜਗ੍ਹਾ ਬਣਾਈ ਤੇ ਉਨ੍ਹਾਂ ਨੇ ਦੇਸ਼ ਲਈ ਘਟੋ-ਘੱਟ ਕਾਂਸੇ ਮੈਡਲ ਪੱਕੇ ਕਰ ਲਏ ਹਨ। ਸਾਰੇ ਚਾਰੇ ਮੁੱਕੇਬਾਜ਼ਾਂ ਨੇ ਆਪਣੇ ਕੁਆਰਟਰ ਫਾਈਨਲ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਪਾਣੀਪਤ ਦੀ ਮੁੱਕੇਬਾਜ਼ ਵਿੰਕਾ ਨੇ 60 ਕਿਲੋਗ੍ਰਾਮ ਭਾਰ ਵਰਗ 'ਚ ਕੋਲੰਬੀਆ ਦੀ ਕੈਮਿਲੋ ਕੈਮੇਲਾ ਨੂੰ 5-0 ਨਾਲ ਹਰਾਇਆ ਜਦੋਂ ਕਿ 2019 ਏਸ਼ੀਆਈ ਜੂਨੀਅਰ ਚੈਂਪੀਅਨ ਅਲਫੀਆ (81 ਕਿਲੋਗ੍ਰਾਮ ਤੋਂ ਵੱਧ) ਨੇ ਵੀ ਇਸੇ ਫਰਕ ਨਾਲ ਹੰਗਰੀ ਦੀ ਮੁੱਕੇਬਾਜ਼ ਰੇਕਾ ਹਾਫਮੈਨ ਨੂੰ ਮਾਤ ਦਿੱਤੀ। ਪੂਨਮ ਨੇ 57 ਕਿਲੋਗਰਾਮ ਭਾਰ ਵਰਗ 'ਚ ਕਜ਼ਾਖਸਤਾਨ ਦੀ ਨਾਜੇਰਕੇ ਸੇਰਿਕ ਖ਼ਿਲਾਫ਼ 5-0 ਨਾਲ ਆਸਾਨ ਜਿੱਤ ਨਾਲ ਸੈਮੀਫਾਈਨਲ 'ਚ ਜਗ੍ਹਾ ਬਣਾਈ।

ਗੀਤਿਕਾਾ (48 ਕਿਲੋਗਰਾਮ ਭਾਰ ਵਰਗ) ਨੇ ਮੁੜ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰੋਮਾਨੀਆ ਦੀ ਐਲਿਜ਼ਾਬੈੱਥ ਓਸਤਾਨ 'ਤੇ ਸ਼ੁਰੂ ਤੋਂ ਹੀ ਮੁੱਕਿਆਂ ਦੀ ਬਰਸਾਤ ਕਰ ਦਿੱਤੀ ਜਿਸ ਨਾਲ ਰੈਫਰੀ ਨੂੰ ਪਹਿਲੇ ਰਾਊਂਡ 'ਚ ਹੀ ਮੁਕਾਬਲਾ ਰੋਕਣ ਲਈ ਮਜਬੂਰ ਹੋਣਾ ਪਿਆ ਤੇ ਹਰਿਆਣਾ ਦੀ ਇਸ ਮੁੱਕੇਬਾਜ਼ ਨੂੰ ਜੇਤੂ ਐਲਾਨ ਦਿੱਤਾ। ਉਧਰ, ਇਕ ਹੋਰ ਮਹਿਲਾ ਮੁੱਕੇਬਾਜ਼ ਖ਼ੁਸ਼ੀ (81 ਕਿਲੋਗ੍ਰਾਮ ਭਾਰ ਵਰਗ) ਨੂੰ ਕੁਆਰਟਰ ਫਾਈਨਲ 'ਚ ਤੁਰਕੀ ਦੀ ਬੁਸਰਾ ਇਸਿਲਦਾਰ ਤੋਂ ਹਾਰ ਮਿਲੀ।

ਪੁਰਸ਼ਾਂ ਦੇ ਵਰਗ 'ਚ ਮਨੀਸ਼ (75 ਕਿਲੋਗ੍ਰਾਮ) ਤੇ ਸੁਮਿਤ (69 ਕਿਲੋਗ੍ਰਾਮ) ਨੇ ਕ੍ਰਮਵਾਰ ਜਾਰਡਨ ਦੇ ਅਬਦੁੱਲਾ ਅਲਾਰਾਗ ਅਤੇ ਸਲੋਵਾਕੀਆ ਲਾਡਿਸਵਾਲ ਹੋਰਵਾਥ ਖ਼ਿਲਾਫ਼ 5-0 ਨਾਲ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਇਸ ਦੌਰਾਨ ਆਕਾਸ਼ ਗੋਰਖਾ (60 ਕਿਲੋਗ੍ਰਾਮ) ਅਤੇ ਵਿਨੀਤ (81 ਕਿਲੋਗ੍ਰਾਮ) ਅੱਗੇ ਨਹੀਂ ਵੱਧ ਸਕੇ ਜਿਨ੍ਹਾਂ ਨੂੰ ਅੰਤਿਮ-16 ਦੇ ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ।