ਪੰਜਾਬੀਆਂ ਦੇ ਖ਼ੂਨ 'ਚ ਰਚੀ ਕਬੱਡੀ ਖੇਡ ਅੱਜ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚ ਚੁੱਕੀ ਹੈ। ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਕਰਵਾਏ ਗਏ ਵਿਸ਼ਵ ਕਬੱਡੀ ਕੱਪ ਤੇ ਵਰਲਡ ਕਬੱਡੀ ਲੀਗ ਵਰਗੇ ਵੱਡੇ ਟੂਰਨਾਮੈਂਟਾਂ ਨੇ ਕਬੱਡੀ ਦਾ ਘੇਰਾ ਵਿਸ਼ਾਲ ਕੀਤਾ ਹੈ। ਪਹਿਲਾਂ ਕਬੱਡੀ ਭਾਰਤ-ਪਾਕਿਸਤਾਨ ਤੋਂ ਇਲਾਵਾ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਯੂਰਪ ਦੇ ਕੁਝ ਮੁਲਕਾਂ 'ਚ ਹੀ ਖੇਡੀ ਜਾਂਦੀ ਸੀ। ਵਿਸ਼ਵ ਕੱਪ ਤੋਂ ਬਾਆਦ ਅਫਰੀਕੀ ਤੇ ਲਾਤੀਨੀ ਮੁਲਕਾਂ ਅਰਜਨਟੀਨਾ, ਸਾਇਰਾਲਾਓਨ, ਏਸ਼ੀਅਨ ਮੁਲਕਾਂ ਸ਼੍ਰੀਲੰਕਾ, ਨੇਪਾਲ ਤੇ ਈਰਾਨ 'ਚ ਵੀ ਇਹ ਖੇਡ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

ਛੇਵਂੇ ਵਿਸ਼ਵ ਕੱਪ ਵਿਚ ਈਰਾਨ ਦੇ ਖਿਡਾਰੀਆਂ ਦੇ ਸੈਮੀ ਫਾਈਨਲ ਤਕ ਦੇ ਸਫ਼ਰ ਨੇ ਇਸ ਦੇਸ਼ ਦੇ ਕਬੱਡੀ ਵਿਚ ਇਕ ਵੱਡੀ ਤਾਕਤ ਵਜੋਂ ਉਭਰਨ ਦਾ ਸੰਕੇਤ ਦਿੱਤਾ।ਹੈ। ਜੇ ਈਰਾਨੀ ਖਿਡਾਰੀ ਕਬੱਡੀ ਨੂੰ ਪੰਜਾਬੀਆਂ ਵਾਂਗ ਅਪਣਾਉਂਦੇ ਹਨ ਤਾਂ ਲਾਜ਼ਮੀ ਤੌਰ 'ਤੇ ਇਹ ਜਲਦੀ ਹੀ ਸਾਡੇ ਖਿਡਾਰੀਆਂ ਨੂੰ ਹਰ ਮੰਚ 'ਤੇ ਵੱਡੀ ਟੱਕਰ ਦੇਣਗੇ। ਆਉਣ ਵਾਲੇ ਸਮੇਂ ਵਿਚ ਵਿਸ਼ਵ ਮੰਚ 'ਤੇ ਕਬੱਡੀ ਦੇ ਤਕੜੇ ਭੇੜ ਵੇਖਣ ਨੂੰ ਮਿਲਣਗੇ। ਆਸਟ੍ਰੇਲੀਆ ਵਿਸ਼ਵ ਕੱਪ ਵਿਚ ਬੀਤੇ ਵਰ੍ਹੇ ਭਾਰਤ, ਪਾਕਿਸਤਾਨ, ਈਰਾਨ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੀਆਂ ਟੀਮਾਂ ਦਾ ਭੇੜ ਇਸ ਖੇਡ ਦੇ ਸੁਨਹਿਰੇ ਭਵਿੱਖ ਦੀ ਚੰਗੀ ਪੇਸ਼ਕਾਰੀ ਬਣਿਆ।

ਸੁਧਾਰਾਂ ਦੀ ਆੜ 'ਚ ਮੌਕਾਪ੍ਰਸਤੀ

ਪਿਛਲੇ ਸੀਜ਼ਨ ਵਿਚ ਕਬੱਡੀ 'ਚ ਡੋਪ ਅਤੇ ਡਰੱਗਜ਼ ਦੇ ਮਸਲੇ ਨੂੰ ਲੈ ਕੇ ਕਬੱਡੀ ਦੇ ਸੰਚਾਲਕ ਤੇ ਖਿਡਾਰੀ ਆਹਮੋ-ਸਾਹਮਣੇ ਹੋ ਗਏ ਸਨ। ਇਸ ਦੇ ਫਲਸਰੂਪ ਦੇਸ਼ ਵਿਚ ਕਬੱਡੀ ਵਾਲਿਆਂ 'ਚ ਪਾੜਾ ਹੋਰ ਗਹਿਰਾ ਹੋ ਗਿਆ। ਇਸ ਦੇ ਚੱਲਦਿਆ ਕਬੱਡੀ ਵਿਚ ਸੁਧਾਰਾਂ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਕਬੱਡੀ ਪ੍ਰਤੀ ਸੁਹਿਰਦ ਲੋਕਾਂ ਨੂੰ ਲਾਂਭੇ ਰੱਖ ਕੇ ਕੁਝ ਲੋਕ ਇਸ ਗ੍ਰਹਿ ਯੁੱਧ ਦਾ ਫ਼ਾਇਦਾ ਲੈਣਾ ਚਾਹੁੰਦੇ ਹਨ। ਇਸ ਸੰਕਟ ਵਿਚ ਜਿੱਥੇ ਦੇਸ਼-ਵਿਦੇਸ਼ ਦੇ ਕੁਝ ਖੇਡ ਪ੍ਰਬੰਧਕ ਕਬੱਡੀ ਦੇ ਸੁਧਾਰਾਂ ਲਈ ਵਿਸ਼ਵ ਪੱਧਰੀ ਮੰਚ ਸਿਰਜਣ ਲਈ ਯਤਨਸ਼ੀਲ ਹਨ ਉੱਥੇ ਕੁਝ ਵਿਅਕਤੀ ਆਪਣਾ ਕਾਰੋਬਾਰ ਬਚਾਉਣ ਲਈ ਵਗਦੀ ਗੰਗਾ 'ਚ ਹੱਥ ਧੋਣ ਲਈ ਤਿਆਰ ਬੈਠੇ ਹਨ।

ਸਾਂਝੀ ਨਿਯਮਾਵਲੀ ਦੀ ਲੋੜ

ਕਬੱਡੀ ਵਿਚ ਧੜੇਬੰਦੀ ਕੋਈ ਨਵੀਂ ਗੱਲ ਨਹੀਂ ਹੈ।।ਪੰਜਾਬੀ ਆਪਣੇ ਅੜਬ ਸੁਭਾਅ ਕਾਰਨ ਇਕੱਠੇ ਨਹੀਂ ਬੈਠ ਸਕਦੇ।ਪ੍ਰੰਤੂ ਇਸ ਸੱਭ ਦੇ ਚੱਲਦਿਆ ਕਬੱਡੀ ਖੇਡ ਦੇ ਉੱਜਲ ਭਵਿੱਖ ਲਈ ਕੁਝ ਫ਼ੈਸਲੇ ਸਾਂਝੇ ਹੋਣੇ ਸਮੇਂ ਦੀ ਲੋੜ ਹੈ। ਇਕ ਨਿਯਮਾਵਲੀ ਪੁਸਤਕ ਸਾਂਝੇ ਰੂਪ 'ਚ ਪ੍ਰਕਾਸ਼ਿਤ ਕਰ ਕੇ ਪੂਰੇ ਵਿਸ਼ਵ 'ਚ ਜਾਰੀ ਕੀਤੀ ਜਾਣੀ ਚਾਹੀਦੀ ਹੈ।।

ਦੇਸ਼ ਵਿਦੇਸ਼ ਵਿਚ ਸਰਕਲ ਸਟਾਈਲ ਕਬੱਡੀ ਦਾ ਇਕ ਹੀ ਨਿਯਮ ਤੇ ਕਾਨੂੰਨ ਹੋਣਾ ਚਾਹੀਦਾ ਹੈ। ਕਬੱਡੀ ਦਾ ਮੁੱਲ ਕਰੋੜਾਂ 'ਚ ਪਹੁੰਚਣ ਤੋਂ ਬਾਅਦ ਪੰਜਾਬ ਦੀ ਕਬੱਡੀ ਪੂਰੀ ਤਰ੍ਹਾਂ ਪੇਸ਼ੇਵਰ ਹੋ ਗਈ ਹੈ। ਪੈਸੇ ਦੇ ਯੁੱਗ ਵਿਚ ਇਸ ਖੇਡ ਦੀਆਂ ਜੜ੍ਹਾਂ ਨੂੰ ਘੁਣ ਲੱਗਣਾ ਸ਼ੁਰੂ ਹੋ ਚੁੱਕਾ ਹੈ। ਗਲੈਮਰ ਦੇ ਦੌਰ 'ਚ ਪੰਜਾਬ ਵਿਚ ਹੋਣ ਵਾਲੇ ਕਬੱਡੀ ਟੂਰਨਾਮੈਂਟਾਂ 'ਤੇ ਖੇਡ ਰਹੀਆਂ ਟੀਮਾਂ ਦੀ ਡੋਰ ਪੈਸੇ ਵਾਲੇ ਲੋਕਾਂ ਦੇ ਹੱਥਾਂ 'ਚ ਆ ਜਾਣ ਕਾਰਨ ਕਬੱਡੀ ਦੀ ਪਨੀਰੀ ਤਿਆਰ ਕਰਨ ਵਾਲੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਸਾਲਾਂ ਬੱਧੀ ਅਭਿਆਸ ਕਰਵਾਉਣ ਵਾਲੇ ਕੋਚ ਅੱਜ ਮਾਯੂਸੀ ਦੇ ਆਲਮ 'ਚ ਹਨ ਕਿਉਂਕਿ ਉਨ੍ਹਾਂ ਦੁਆਰਾ ਤਿਆਰ ਕੀਤਾ ਕੋਈ ਵੀ ਖਿਡਾਰੀ ਜਦ ਖ਼ਰੀਦਦਾਰਾਂ ਦੇ ਹੱਥੇ ਚੜ੍ਹ ਜਾਂਦਾ ਹੈ ਤਾਂ ਉਹ ਆਪਣੀ ਟੀਮ ਲਈ ਖੇਡਣਾ ਛੱਡ ਦਿੰਦਾ ਹੈ। ਪੰਜਾਬ ਦੀ ਕਬੱਡੀ 'ਤੇ ਸਰਦਾਰੀ ਕਾਇਮ ਕਰਨ ਵਾਲੇ ਵਧੇਰੇ ਖਿਡਾਰੀ ਅਜੋਕੇ ਸਿਸਟਮ ਤੋਂ ਨਿਰਾਸ ਹਨ।

ਖੇਡ ਪ੍ਰਬੰਧਾਂ 'ਚ ਘਾਟਾਂ

ਕਬੱਡੀ 'ਚ ਨਿਯਮਾਵਲੀ ਦੀ ਘਾਟ ਹਮੇਸ਼ਾ ਰੜਕਦੀ ਰਹੀ ਹੈ, ਜਿਸ ਦੀ ਸ਼ਿਕਾਇਤ ਪ੍ਰਬੰਧਕਾਂ ਤੋਂ ਲੈ ਕੇ ਆਮ ਦਰਸ਼ਕ ਵੀ ਕਰਦੇ ਹਨ। ਖਿਡਾਰੀਆਂ 'ਤੇ ਡੋਪ ਵਰਗੇ ਗੰਭੀਰ ਦੋਸ਼ ਵੀ ਇਸ ਦੌਰ 'ਚ ਲੱਗਣ ਲੱਗੇ। ਆਲਮੀ ਕੱਪਾਂ ਦੀ ਦੇਖਾ-ਦੇਖੀ ਆਮ ਲੋਕ ਵੀ ਫਲੱਡ ਲਾਈਟਸ ਲਾ ਕੇ ਮੈਚ ਕਰਵਾਉਣ ਲੱਗੇ, ਜਿਸ ਦਾ ਕਬੱਡੀ ਨੂੰ ਨੁਕਸਾਨ ਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਫ਼ਾਇਦਾ ਹੋਇਆ।

ਵੱਡੀਆਂ ਇਨਾਮੀ ਰਾਸ਼ੀਆਂ ਵਾਲੇ ਟੂਰਨਾਮੈਂਟਾਂ 'ਤੇ ਟੀਮ ਦੇ ਨਾਲ-ਨਾਲ ਸਟਾਰ ਖਿਡਾਰੀਆਂ ਦਾ ਵੱਖਰਾ ਭਾਅ ਤੈਅ ਹੋਣ ਲੱਗਾ ਹੈ। ਅਜੋਕੇ ਦੌਰ ਦੇ ਕਈ ਸਟਾਰ ਪਿੰਡਾਂ ਚ ਓਪਨ ਦਾ ਮੈਚ ਖੇਡਣ ਦਾ 30 ਤੋਂ 60 ਹਜ਼ਾਰ ਰੁਪਏ ਤਕ ਮੰਗਦੇ ਹਨ, ਜੋ ਲੋਕਾਂ ਦੀ ਕਿਰਤ ਕਮਾਈ ਨਾਲ ਸਜੋਏ ਖੇਡ ਪ੍ਰਬੰਧਾਂ 'ਤੇ ਡਾਕਾ ਹੈ।।ਅਜਿਹੇ ਟੂਰਨਾਮੈਂਟਾਂ 'ਤੇ ਕਈ ਨਵੀਆਂ ਟੀਮਾਂ ਨੂੰ ਕਿਰਾਇਆ ਵੀ ਨਹੀਂ ਦਿੱਤਾ ਜਾਂਦਾ। ਪੰਜਾਬ ਦੀ ਕਬੱਡੀ 20 ਕੁ ਖਿਡਾਰੀਆਂ ਤੇ ਕੁਝ ਅਖੌਤੀ ਅਲੰਬਰਦਾਰਾਂ ਦੇ ਹੱਥਾਂ ਦੀ ਕਠਪੁਤਲੀ ਬਣਦੀ ਜਾ ਰਹੀ ਹੈ, ਜਿਸ ਦੇ ਘਾਤਕ ਨਤੀਜੇ ਸਾਹਮਣੇ ਆ ਰਹੇ ਹਨ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਅਖੌਤੀ ਲੋਕਾਂ ਦਾ ਬਾਈਕਾਟ ਕਰ ਕੇ ਘੱਟ ਵਜ਼ਨ ਤੋਂ ਲੈ ਕੇ ਵੱਡੇ ਵਜ਼ਨ ਦੇ ਖਿਡਾਰੀਆਂ ਨੂੰ ਬਰਾਬਰ ਮੌਕਾ ਦੇ ਕੇ ਵਧੀਆ ਖੇਡ ਸੱਭਿਆਚਾਰ ਸਿਰਜਣ ਵੱਲ ਧਿਆਨ ਦੇਣ।।ਵੱਡੇ ਸਟਾਰਾਂ ਨੂੰ ਘੱਟ ਬਜਟ ਵਾਲੇ ਟੂਰਨਾਮੈਂਟ 'ਤੇ ਖਿਡਾਉਣ ਦੀ ਜ਼ਿਦ ਨੇ ਕਈਆਂ ਦਾ ਝੁੱਗਾ ਚੌੜ ਕੀਤਾ ਹੈ।

ਸਟਾਰ ਬਣਨ ਲਈ ਸਮਝੌਤੇ

ਨਵੇਂ ਖਿਡਾਰੀਆਂ ਨੂੰ ਜਿੱਥੇ ਪੇਂਡੂ ਮੁਕਾਬਲਿਆਂ ਵਿਚ ਕਿਰਾਇਆ ਤਕ ਨਹੀਂ ਮਿਲਦਾ ਉੱਥੇ ਮੌਜੂਦਾ ਦੌਰ ਦੇ ਸਟਾਰ ਖਿਡਾਰੀਆਂ ਨੂੰ ਸੱਦਣ ਦੇ ਚੱਕਰ 'ਚ ਕਬੱਡੀ ਦੇ ਉਭਰਦੇ ਸਿਤਾਰਿਆਂ ਤੇ ਵੈਟਰਨ ਖਿਡਾਰੀਆਂ ਨੂੰ ਲੋਕ ਪੈਸੇ ਪੱਖੋਂ ਵਿਸਾਰਨ ਲੱਗੇ ਹਨ। ਅੱਜ ਬੇਰੁਜ਼ਗਾਰੀ ਦਾ ਸ਼ਿਕਾਰ ਹੋਏ ਖਿਡਾਰੀ ਜਲਦੀ ਸਟਾਰ ਬਣਨ ਦੇ ਚੱਕਰ 'ਚ ਹਰ ਤਰ੍ਹਾਂ ਦਾ ਸਮਝੌਤਾ ਕਰਨ ਨੂੰ ਤਿਆਰ ਹੋ ਰਹੇ ਹਨ। ਸਿੱਟਾ ਇਹ ਨਿਕਲਿਆ ਕਿ ਕਬੱਡੀ ਅਨੁਸਾਸ਼ਨਹੀਣਤਾ ਦਾ ਸ਼ਿਕਾਰ ਹੋ ਗਈ ਤੇ ਇਸ ਦੀਆਂ ਜੜ੍ਹਾਂ ਖੋਖਲੀਆਂ ਹੋਣ ਲੱਗੀਆਂ ਹਨ। ਪੰਜਾਬ 'ਚ ਕੰਮ ਕਰ ਰਹੇ ਕਬੱਡੀ ਦੇ ਸੰਚਾਲਕਾਂ ਨੂੰ ਇਸ ਖੇਡ ਨੂੰ ਜਾਬਤੇ 'ਚ ਲਿਆਉਣ ਲਈ ਸਮੇਂ-ਸਮੇਂ ਸੈਮੀਨਾਰ ਕਰਵਾਉਣੇ ਚਾਹੀਦੇ ਹਨ।

ਸਾਂਝੇ ਯਤਨਾਂ ਦੀ ਲੋੜ

ਕਬੱਡੀ ਦੀਆਂ ਅੰਦਰੂਨੀ ਸਮੱਸਿਆਵਾਂ ਦੇ ਹੱਲ ਲਈ ਸਭ ਨੂੰ ਇੱਕਮੁੱਠ ਹੋ ਕੇ ਕੰਮ ਕਰਨਾ ਚਾਹੀਦਾ ਹੈ। ਪਿੰਡਾਂ 'ਚ ਕਬੱਡੀ ਦੀ ਆਤਮਾ ਧੜਕਦੀ ਹੈ। ਸਰਕਾਰ ਅਤੇ ਫੈਡਰੇਸ਼ਨਾਂ ਨੂੰ ਕਬੱਡੀ ਦੀ ਨਰਸਰੀ ਨੂੰ ਮਜ਼ਬੂਤ ਕਰਨ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਅਜੋਕੇ ਦੌਰ 'ਚ ਸਿਰਫ਼ ਅੰਤਰਰਾਸ਼ਟਰੀ ਕਬੱਡੀ ਦਾ ਮੰਚ ਤਾਂ ਸੁਰੱਖਿਅਤ ਹੈ ਪਰ ਹੇਠਲੇ ਪੱਧਰ 'ਤੇ ਖੋਖਲਾਪਣ ਆ ਰਿਹਾ ਹੈ। ਜੇ ਖੇਡ ਨਾਲ ਜੁੜੇ ਬਾਲ ਖਿਡਾਰੀਆਂ ਨੂੰ ਸੰਭਾਲਿਆ ਨਾ ਗਿਆ ਤਾਂ ਕੌਮਾਂਤਰੀ ਮੰਚ ਵੀ ਬਹੁਤਾ ਸਮਾਂ ਸਥਿਰ ਨਹੀਂ ਰਹਿ ਸਕੇਗਾ। ਕਬੱਡੀ ਨੂੰ ਹਰ ਪੱਖੋਂ ਮਿਆਰੀ ਬਣਾਉਣ ਲਈ ਸਮੁੱਚੇ ਸੁਹਿਰਦ ਕਬੱਡੀ ਸੰਚਾਲਕਾਂ ਨੂੰ ਇਕ ਮੰਚ 'ਤੇ ਇਕੱਠੇ ਹੋਣਾ ਚਾਹੀਦਾ ਹੈ।

ਮਕਸਦ ਤੋਂ ਭਟਕੇ ਕਬੱਡੀ ਦੇ ਰਹਿਬਰ

ਕਬੱਡੀ ਅਕੈਡਮੀਆਂ ਦੇ ਮੈਚਾਂ ਦੀ ਸ਼ੁਰੂਆਤ ਛੇ ਟੀਮਾਂ ਨਾਲ ਹੋਈ ਸੀ। ਸਵਰਗੀ ਹਰਜੀਤ ਸਿੰਘ ਬਰਾੜ ਦੀ ਮੌਤ ਤੋਂ ਬਾਅਦ ਲੱਖਾਂ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟਾਂ ਦਾ ਦੌਰ ਸ਼ੁਰੂ ਹੋਇਆ। ਅਨੇਕਾਂ ਖੇਡ ਮੇਲੇ ਸਵਰਗੀ ਹਰਜੀਤ ਬਰਾੜ ਦੀ ਯਾਦ 'ਚ ਹੋਏ। ਸੰਨ 2003 ਵਿਚ ਪੰਜਾਬ 'ਚ ਦੋ ਫੈਡਰੇਸ਼ਨਾਂ ਸਥਾਪਤ ਹੋ ਗਈਆਂ, ਫਿਰ ਇਹ ਤਿੰਨ ਹੋ ਗਈਆਂ ਤੇ ਇਹ ਸਿਲਸਿਲਾ ਵਿਦੇਸ਼ਾਂ 'ਚ ਅੱਜ ਵੀ ਬਾਦਸਤੂਰ ਜਾਰੀ ਹੈ। ਕਬੱਡੀ ਦੇ ਟੂਰਨਾਮੈਂਟਾਂ ਦੀ ਗਿਣਤੀ ਹਜ਼ਾਰਾਂ ਨੂੰ ਪਾਰ ਕਰ ਗਈ ਪਰ ਇਸ ਪਸਾਰ ਦੇ ਨਾਲ ਹੀ ਕਬੱਡੀ ਦੇ ਮਿਆਰ ਅਤੇ ਨਿਯਮਾਂ ਨੂੰ ਢਾਅ ਲੱਗਣ ਲੱਗੀ। ਪੰਜਾਬ ਦੇ ਕੋਚ ਜੋ ਖਿਡਾਰੀ ਤਿਆਰ ਕਰਨ ਨੂੰ ਆਪਣਾ ਮਾਣ ਤੇ ਫਰਜ਼ ਸਮਝਦੇ ਸਨ।ਪਰ ਇਹ ਖੇਡ ਪੈਸੇ ਦੀ ਮੰਡੀ 'ਚ ਚਲੀ ਜਾਣ ਕਰਕੇ ਉਨ੍ਹਾਂ ਹੱਥੋਂ ਕਬੱਡੀ ਦੀ ਕਮਾਂਡ ਖੁੱਸਦੀ ਗਈ। ਇਕ ਦੂਜੇ ਨੂੰ ਠਿੱਬੀ ਲਾ ਕੇ ਅੱਗੇ ਵਧਣ ਦੀ ਦੌੜ ਨੇ ਕਬੱਡੀ ਦੇ ਰਹਿਬਰਾਂ ਨੂੰ ਅਸਲ ਮਕਸਦ ਤੋਂ ਭਟਕਾ ਦਿੱਤਾ, ਜੋ ਇਸ ਦੇ ਨਿਯਮ ਬਣਾਉਂਦੇ ਤਾਂ ਰਹੇ ਪਰ ਅਮਲੀ ਰੂਪ ਦੇਣ 'ਚ ਅਸਫਲ ਰਹੇ।

- ਸਤਪਾਲ ਮਾਹੀ ਖਡਿਆਲ

98724-59691

Posted By: Harjinder Sodhi