''ਇਹ ਮੇਰੇ ਲਈ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ।'' ਇਹ ਲਫ਼ਜ਼ ਏਸ਼ਿਆਈ ਖੇਡਾਂ ਦੀ ਸੋਨ ਤਗਮਾ ਜੇਤੂ ਸਵਪਨਾ ਬਰਮਨ ਨੇ ਕੌਮੀ ਖੇਡ ਦਿਵਸ ਮੌਕੇ ਅਰਜੁਨਾ ਐਵਾਰਡ ਮਿਲਣ 'ਤੇ ਕਹੇ। ਸਵਪਨਾ ਦੇ ਸੁਪਨੇ ਦੇ ਸੱਚ ਹੋਣ ਦੀ ਕਹਾਣੀ ਲੰਬੇ ਸੰਘਰਸ਼ ਦੀ ਮੁਕੰਮਲ ਦਾਸਤਾਨ ਹੈ। ਖੇਡਾਂ 'ਚ ਕਾਮਯਾਬੀ ਹਾਸਲ ਕਰ ਲਈ ਮਿਹਨਤ, ਸਖ਼ਤ ਅਭਿਆਸ ਤੇ ਚੁਣੌਤੀਆਂ ਨਾਲ ਜੂਝਣਾ ਪੈਂਦਾ ਹੈ ਪਰ ਕੁਝ ਖਿਡਾਰੀ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਸਰੀਰਕ ਵਿਕਾਰਾਂ ਕਾਰਨ ਕਾਮਯਾਬੀ ਲਈ ਜੱਦੋਜ਼ਹਿਦ ਕਰਨੀ ਪੈਂਦੀ ਹੈ।

ਚੁਣੌਤੀਆਂ ਵੀ ਹਾਰੀਆਂ

ਜਲਪਾਈਗੁੜੀ, ਬੰਗਾਲ 'ਚ 29 ਅਕਤੂਬਰ 1996 ਨੂੰ ਜਨਮੀ ਇਕ ਗ਼ਰੀਬ ਰਿਕਸ਼ੇ ਵਾਲੇ ਦੀ ਬੇਟੀ ਸਵਪਨਾ ਦੇ ਜਨਮ ਤੋਂ ਹੀ ਪੈਰਾਂ ਦੀਆਂ ਛੇ-ਛੇ ਉਂਗਲੀਆਂ ਸਨ। ਇਕ ਅਥਲੀਟ ਲਈ ਜ਼ਿਆਦਾ ਉਂਗਲੀਆਂ ਕਿੰਨੀਆਂ ਕਸ਼ਟਦਾਇਕ ਹੁੰਦੀਆਂ ਹਨ, ਇਹ ਉਸ ਤੋਂ ਬਿਹਤਰ ਕੋਈ ਨਹੀਂ ਜਾਣਦਾ। ਜਦੋਂ ਉਹ ਹੈਪਟਾਥਲਿਨ ਜਿਹੀ ਸੱਤ ਮੁਕਾਬਲਿਆਂ ਵਾਲੀ ਖੇਡ ਨਾਲ ਜੁੜੀ ਹੋਵੇ ਤਾਂ ਇਮਤਿਹਾਨ ਹੋਰ ਵੀ ਚੁਣੌਤੀਆਂ ਭਰਿਆ ਹੋ ਜਾਂਦਾ ਹੈ, ਪਰ ਸਵਪਨਾ ਅਜਿਹੇ ਕੁਦਰਤੀ ਵਰਤਾਰੇ ਦੇ ਬਾਵਜੂਦ ਜ਼ਿਦ ਤੇ ਜਨੂੰਨ ਨਾਲ ਮੰਜ਼ਿਲ ਵੱਲ ਵਧਦੀ ਰਹੀ। ਅਥਲੈਟਿਕਸ ਦੇ ਇਸ ਵੱਡੇ ਮੁਕਾਬਲੇ 'ਚ ਉਸ ਨੂੰ ਹਰ ਸਮੇਂ ਇਕ ਨਵੀਂ ਚੁਣੌਤੀ ਨਾਲ ਜੂਝਣਾ ਪਿਆ। ਸਭ ਤੋਂ ਵੱਡੀ ਚੁਣੌਤੀ ਉਸ ਦੇ ਪੈਰਾਂ ਮੁਤਾਬਿਕ ਬੂਟ ਨਾ ਮਿਲਣਾ ਸੀ। ਅਜਿਹੀਆਂ ਜੁੱਤੀ ਪੂਰੇ ਬੰਗਾਲ 'ਚੋ ਨਾ ਮਿਲਣ ਕਾਰਨ ਸਵਪਨਾ ਨੂੰ ਇਹ ਜੁੱਤੀਆਂ ਵਿਸ਼ੇਸ਼ ਆਰਡਰ 'ਤੇ ਅਮਰੀਕਾ ਤੋਂ ਮੰਗਵਾਉਣੀਆਂ ਪੈਂਦੀਆਂ ਸਨ।

ਇਰਾਦੇ ਦੀ ਧਨੀ ਹੈ ਸਵਪਨਾ

ਖੇਡ ਜਗਤ ਦੀ ਸਨਹਿਰੀ ਪਟਕਥਾ ਲਿਖਣ ਵਾਲੀ ਸਵਪਨਾ ਬਰਮਨ ਨੇ ਪਿਛਲੇ ਸਾਲ ਜੈਕਾਰਤਾ ਵਿਖੇ ਏਸ਼ਿਆਈ ਖੇਡਾਂ 'ਚ ਵਿਪਰੀਤ ਪ੍ਰਸਥਿਤੀਆਂ 'ਚ ਵੀ ਸੰਘਰਸ਼ ਦਾ ਨਮੂਨਾ ਪੇਸ਼ ਕਰਦਿਆਂ ਹੈਪਟਾਥਲੀਨ ਮੁਕਾਬਲੇ 'ਚ ਸੋਨੇ ਦਾ ਤਗਮਾ ਦਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਊਸ ਦੀ ਇਹ ਸਫ਼ਲਤਾ ਸਿਰਫ਼ ਇਸ ਲਈ ਚਰਚਿਤ ਨਹੀਂ ਹੈ ਕਿ ਉਹ ਏਸ਼ਿਆਈ ਖੇਡਾਂ 'ਚ ਹੈਪਟਾਥਲਿਨ ਮੁਕਾਬਲੇ 'ਚ ਭਾਰਤ ਲਈ ਪਹਿਲੀ ਸੋਨ ਤਗਮਾ ਜੇਤੂ ਹੈ, ਬਲਕਿ ਇਸ ਮੁਕਾਮ ਤਕ ਪਹੁੰਚਣ ਲਈ ਉਸ ਦਾ ਦ੍ਰਿੜ ਇਰਾਦਾ ਲਾਜਵਾਬ ਤੇ ਬੇਮਿਸਾਲ ਹੈ।

ਖੇਡ ਪ੍ਰਾਪਤੀਆਂ

ਬਹੁਤ ਸਾਰੀਆਂ ਔਕੜਾਂ ਦੇ ਬਾਵਜੂਦ ਸਵਪਨਾ ਨੇ ਹੈਪਟਾਥਲੀਨ ਦੇ ਸੱਤ ਮੁਕਾਬਲਿਆਂ ਵਿਚ ਉੱਚੀ ਛਾਲ (1003 ਅੰਕ), ਜੈਵਲੀਅਨ ਥਰੋਅ (872 ਅੰਕ) 'ਚ ਪਹਿਲਾ ਸਥਾਨ, ਲੰਬੀ ਛਾਲ (865 ਅੰਕ), ਗੋਲਾ ਸੁੱਟਣ (707 ਅੰਕ) 'ਚ ਦੂਸਰਾ ਸਥਾਨ, 100 ਮੀਟਰ ਦੌੜ (808 ਅੰਕ) 'ਚ ਚੌਥਾ ਸਥਾਨ ਹਾਸਲ ਕਰ ਕੇ ਕੁੱਲ 6026 ਅੰਕ ਪ੍ਰਾਪਤ ਕੀਤੇ ਤੇ ਏਸ਼ਿਆਈ ਖੇਡਾਂ 'ਚ ਸੁਨਹਿਰੀ ਕਾਮਯਾਬੀ ਆਪਣੇ ਨਾਂ ਲਿਖੀ। ਇਸ ਤੋਂ ਪਹਿਲਾਂ ਏਸ਼ਿਆਈ ਖੇਡਾਂ 'ਚ ਸੋਮਾ ਵਿਸ਼ਵਾਸ 2002 'ਚ ਚਾਂਦੀ, ਜੇ.ਜੇ. ਸ਼ੋਭਾ 2006 'ਚ ਕਾਂਸੀ ਤੇ ਪ੍ਰੋਮਿਲਾ ਇਯੱਪਾ ਨੇ 2010 'ਚ ਹੈਪਟਾਥਲੀਨ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ।

ਸਿਦਕ ਨੂੰ ਸਲਾਮ

ਗ਼ੁਰਬਤ ਭਰੀ ਜ਼ਿੰਦਗੀ ਨਾਲ ਆਢਾ ਲੈਂਦਿਆਂ ਕਦੇ ਹਾਰ ਨਾ ਮੰਨਣ ਵਾਲੀ ਸਵਪਨਾ ਦੇ ਏਸ਼ੀਅਨ ਖੇਡਾਂ 'ਚ ਗੋਲਡ ਮੈਡਲਿਸਟ ਬਣਨ ਤੋਂ ਬਾਅਦ ਉਸ ਦੀ ਇਸ ਵਿਸ਼ੇਸ਼ ਜ਼ਰੂਰਤ ਵੱਲ ਸਰਕਾਰ ਨੇ ਵੀ ਧਿਆਨ ਦਿੱਤਾ ਹੈ ਤੇ ਹੁਣ ਖੇਡਾਂ ਦਾ ਸਮਾਨ ਬਣਾਉਣ ਵਾਲੀ ਇਕ ਕੰਪਨੀ ਨੇ 22 ਵਰ੍ਹਿਆਂ ਦੀ ਇਸ ਅਥਲੀਟ ਲਈ ਬੂਟ ਬਣਾਉਣ ਦੀ ਹਾਮੀ ਭਰੀ ਹੈ। 2017 'ਚ ਭੁਵਨੇਸ਼ਵਰ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ 'ਚ ਉਸ ਨੇ ਸੋਨੇ ਦਾ ਤਗਮਾ ਤੇ 2019 ਵਿਚ ਦੋਹਾ ਵਿਖੇ ਏਸ਼ੀਅਨ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਹਾਸਲ ਕੀਤਾ। ਸਵਪਨਾ ਬਰਮਨ ਨੂੰ ਉਸ ਦੀਆਂ ਪ੍ਰਾਪਤੀਆਂ ਲਈ ਅਰਜੁਨਾ ਐਵਾਰਡ ਨਾਲ ਨਿਵਾਜਿਆ ਜਾਣਾ ਉਸ ਦੇ ਸਿਦਕ, ਸਿਰੜ ਅਤੇ ਜਨੂੰਨ ਨੂੰ ਸਲਾਮ ਕਰਨਾ ਹੈ।

- ਸੀਤਲ ਸਿੰਘ ਪਲਾਹੀ

94636-12204

Posted By: Harjinder Sodhi