ਅਨਿਲ ਭਾਰਦਵਾਜ, ਗੁਰੂਗ੍ਰਾਮ : ਕੋਰੋਨਾ ਮਹਾਮਾਰੀ ਕਾਰਨ ਟੋਕੀਓ ਓਲੰਪਿਕ ਤੋਂ ਠੀਕ ਪਹਿਲਾਂ ਪਹਿਲਵਾਨਾਂ ਦੀ ਤਿਆਰੀ 'ਚ ਅੜਿੱਕਾ ਆ ਰਿਹਾ ਹੈ। ਜਿਵੇਂ-ਜਿਵੇਂ ਟੋਕੀਓ ਓਲੰਪਿਕ ਨੇੜੇ ਆ ਰਿਹਾ ਹੈ ਪਹਿਲਵਾਨਾਂ ਨੂੰ ਓਨੀ ਹੀ ਜ਼ਿਆਦਾ ਤਿਆਰੀ ਦੀ ਜ਼ਰੂਰਤ ਹੈ। ਉਨ੍ਹਾਂ ਦੀ ਤਿਆਰੀ ਉਦੋਂ ਤਕ ਅਧੂਰੀ ਹੈ ਜਦੋਂ ਤਕ ਉਨ੍ਹਾਂ ਦਾ ਜੋੜੀਦਾਰ ਪਹਿਲਵਾਨ ਕੁਸ਼ਤੀ ਨਹੀਂ ਕਰ ਲੈਂਦਾ। ਕੋਰੋਨਾ ਕਾਰਨ ਭਾਰਤ 'ਚ ਟ੍ਰੇਨਿੰਗ ਕੈਂਪ ਨਹੀਂ ਲੱਗ ਰਿਹਾ ਤੇ ਵਿਦੇਸ਼ ਕੋਰੋਨਾ ਕਾਰਨ ਜਗ੍ਹਾ ਦੇਣ ਲਈ ਤਿਆਰ ਨਹੀਂ ਹੈ।

ਓਲੰਪਿਕ ਟਿਕਟ ਹਾਸਲ ਕਰ ਚੁੱਕੇ ਪਹਿਲਵਾਨ ਸਵੇਰੇ-ਸ਼ਾਮ ਕਸਰਤ ਕਰ ਰਹੇ ਹਨ ਪਰ ਇਹ ਟੋਕੀਓ ਦੀ ਤਿਆਰੀ ਲਈ ਕਾਫੀ ਨਹੀਂ ਹੈ। ਪਹਿਲਵਾਨ ਆਪਣੇ ਪੱਧਰ 'ਤੇ ਕੁਝ ਦੇਸ਼ਾਂ 'ਚ ਟ੍ਰੇਨਿੰਗ ਲਈ ਗੱਲ ਕਰ ਰਹੇ ਹਨ ਤਾਂਕਿ ਉਸ ਦੇਸ਼ ਦੇ ਪਹਿਲਵਾਨਾਂ ਨਾਲ ਟ੍ਰੇਨਿੰਗ ਕੀਤੀ ਜਾ ਸਕੇ ਪਰ ਭਾਰਤ 'ਚ ਫੈਲੀ ਕੋਰੋਨਾ ਇਨਫੈਕਸ਼ਨ ਤੋਂ ਵਿਦੇਸ਼ੀ ਵੀ ਡਰੇ ਹੋਏ ਹਨ। ਭਾਰਤ ਦੇ ਸੱਤ ਪਹਿਲਵਾਨ ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰਨ 'ਚ ਕਾਮਯਾਬ ਰਹੇ ਹਨ ਅਤੇ ਇਨ੍ਹਾਂ 'ਚ ਵਿਨੇਸ਼ ਫੋਗਾਟ ਪਹਿਲਾਂ ਹੀ ਵਿਦੇਸ਼ 'ਚ ਟ੍ਰੇਨਿੰਗ ਕਰ ਰਹੀ ਹੈ ਪਰ ਹੁਣ ਪਹਿਲਵਾਨਾਂ ਨੂੰ ਕੋਰੋਨਾ ਮਹਾਮਾਰੀ ਕਾਰਨ ਮੌਕਾ ਨਹੀਂ ਮਿਲ ਰਿਹਾ।

ਦੱਸਣਯੋਗ ਹੈ ਕਿ 2017 'ਚ ਫਰਾਂਸ 'ਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਖੇਡੀ ਗਈ ਸੀ। ਚੈਂਪੀਅਨਸ਼ਿਪ 'ਚ ਭਾਰਤੀ ਪਹਿਲਵਾਨਾਂ ਦਾ ਦਲ ਲਗਪਗ ਇਕ ਮਹੀਨਾ ਪਹਿਲਾਂ ਪਹੁੰਚ ਗਿਆ ਸੀ। ਉੱਥੇ ਭਾਰਤੀ ਪਹਿਲਵਾਨਾਂ ਨੂੰ ਟ੍ਰੇਨਿੰਗ ਦੇਣ ਲਈ ਜੋੜੀਦਾਰ ਪਹਿਲਵਾਨ ਨਹੀਂ ਮਿਲ ਸਕਿਆ ਸੀ। ਇਸ ਦਾ ਨਤੀਜਾ ਇਹ ਰਿਹਾ ਸੀ ਕਿ ਭਾਰਤ ਨੂੰ ਇਕ ਵੀ ਮੈਡਲ ਨਹੀਂ ਮਿਲਿਆ ਸੀ।

'ਅਸੀਂ ਦੋ-ਤਿੰਨ ਦੇਸ਼ਾਂ 'ਚ ਕੋਸ਼ਿਸ਼ ਕਰ ਰਹੇ ਹਾਂ ਤਾਂਕਿ ਉਨ੍ਹਾਂ ਦੇਸ਼ਾਂ ਦੇ ਪਹਿਲਵਾਨਾਂ ਨਾਲ ਭਾਰਤੀ ਪਹਿਲਵਾਨਾਂ ਦਾ ਟ੍ਰੇਨਿੰਗ ਕੈਂਪ ਲੱਗ ਸਕੇ। ਨੀਦਰਲੈਂਡਸ ਅਤੇ ਹੋਰ ਦੇਸ਼ਾਂ 'ਚ ਗੱਲ ਹੋ ਰਹੀ ਹੈ। ਹਾਲ ਹੀ 'ਚ ਨੀਦਰਲੈਂਡਸ 'ਚ ਇਕ ਰੈਕਿੰਗ ਮੁਕਾਬਲਾ ਹੈ। ਸਾਡੀ ਕੋਸ਼ਿਸ਼ ਹੈ ਕਿ ਉੱਥੇ ਟ੍ਰੇਨਿੰਗ ਕੈਂਪ ਲੱਗ ਜਾਵੇ।

-ਵਿਨੋਦ ਤੋਮਰ, ਸਹਾਇਕ ਸਕੱਤਰ, ਭਾਰਤੀ ਕੁਸ਼ਤੀ ਸੰਘ।