ਅਮਰੀਕਾ ਦੀ ਵਿਸ਼ਵ ਪ੍ਰਸਿੱਧ ਬਾਸਕਿਟਬਾਲ ਲੀਗ ਐੱਨਬੀਏ ਅਤੇ ਬਾਸਕਿਟਬਾਲ, ਦੋਵੇਂ ਸ਼ਬਦ ਇਕ-ਦੂਜੇ ਦੇ ਪੂਰਕ ਲਗਦੇ ਹਨ ਕਿਉਂਕਿ ਅਮਰੀਕੀ ਐੱਨਬੀਏ ਲੀਗ, ਬਾਸਕਿਟਬਾਲ ਪ੍ਰੇਮੀਆਂ ਦੇ ਮਨਾਂ 'ਚ ਅਹਿਮ ਸਥਾਨ ਰੱਖਦੀ ਹੈ।

ਦਰਸ਼ਕਾਂ ਨੇ ਨੇੜਿਓਂ ਤੱਕੇ ਪਸੰਦੀਦਾ ਖਿਡਾਰੀਕੁਝ ਸਾਲ ਪਹਿਲਾਂ ਤਕ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਛੇ-ਛੇ ਫੁੱਟ ਲੰਬੇ ਜਵਾਨਾਂ ਦੀ ਖੇਡ ਮੰਨੀ ਜਾਂਦੀ ਬਾਸਕਿਟਬਾਲ ਦੀ ਇਸੇ ਐੱਨਬੀਏ ਲੀਗ ਦੇ ਖਿਡਾਰੀ ਭਾਰਤ ਆ ਕੇ ਖੇਡਣਗੇ ਪਰ ਇਹ ਗੱਲ ਹਕੀਕਤ ਸਾਬਤ ਹੋਈ ਤੇ ਲੰਘੇ ਦਿਨੀਂ ਐੱਨਬੀਏ ਨੇ ਭਾਰਤ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਦੇ ਉਦਘਾਟਨ ਮੌਕੇ ਮੁੰਬਈ ਦਾ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ। ਇਸ ਵਿਚ 10 ਤੋਂ 16 ਸਾਲ ਦੀ ਉਮਰ ਦੇ ਲੜਕੇ ਤੇ ਲੜਕੀਆਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ। ਮੁੰਬਈ ਦੇ ਐੱਨਐੱਸਸੀਆਈ ਡੋਮ ਵਿਚ ਸ਼ੁਰੂ ਹੋਏ ਇਹ ਨਵੇਂ ਯੁੱਗ ਦਾ ਪਹਿਲਾ ਮੈਚ ਅਮਰੀਕਾ ਦੀਆਂ ਟੀਮਾਂ, ਇੰਡੀਆਨਾ ਪੇਸਰਸ ਤੇ ਸੈਕ੍ਰਾਮੈਂਟੋ ਕਿੰਗਜ਼ ਵਿਚਾਲੇ ਖੇਡਿਆ ਗਿਆ। ਇਨ੍ਹਾਂ ਮੁਕਾਬਲਿਆਂ ਨਾਲ ਦਰਸ਼ਕਾਂ ਨੂੰ ਪਹਿਲੀ ਵਾਰ ਆਪੋ ਆਪਣੇ ਪਸੰਦੀਦਾ ਖਿਡਾਰੀਆਂ ਨੂੰ ਏਨਾ ਲਾਗਿਓਂ ਖੇਡਦੇ ਵੇਖਣ ਦਾ ਮੌਕਾ ਮਿਲਿਆ।

ਐੱਨਬੀਏ ਦੀ ਭਾਰਤੀ ਸ਼ਾਖਾ ਦੀ ਸ਼ੁਰੂਆਤ

ਰਿਲਾਇੰਸ ਫਾਊਂਡੇਸ਼ਨ ਨੇ ਭਾਰਤ ਵਿਚ ਪਹਿਲੀ ਵਾਰ ਐੱਨਬੀਏ ਦੀ ਖੇਡ ਨੂੰ ਪੇਸ਼ ਕਰਨ 'ਚ ਅਹਿਮ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ, ਨਵੇਂ ਤੇ ਪੁੰਗਰਦੇ ਖਿਡਾਰੀਆਂ ਲਈ ਜੂਨੀਅਰ ਐੱਨਬੀਏ ਪ੍ਰੋਗਰਾਮ ਨਾਲ ਐੱਨਬੀਏ ਨੇ ਸਾਂਝੀਦਾਰ ਦੇ ਰੂਪ ਵਿਚ 6 ਸਾਲ ਦਾ 'ਕਰਾਰ ਵੀ ਕਰ ਲਿਆ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਬੀਤੇ ਸਾਲਾਂ ਦੌਰਾਨ ਭਾਰਤ ਅੰਦਰ ਐੱਨਬੀਏ ਵਿਚ ਭਾਰਤੀ ਲੋਕਾਂ ਤੇ ਖ਼ਾਸਕਰ ਨੌਜਵਾਨ ਵਰਗ ਦੀ ਰੁਚੀ ਤੇ ਹਿੱਸੇਦਾਰੀ ਵਧਣ ਨਾਲ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਸੀ ਉਹ ਹੁਣ ਇਸ ਨੂੰ ਭਾਰਤ ਤਕ ਲੈ ਆਇਆ ਹੈ। ਅਮਰੀਕੀ ਐੱਨਬੀਏ ਬਾਸਕਟਬਾਲ ਦੀ ਭਾਰਤੀ ਸ਼ਾਖਾ (ਐੱਨਬੀਏ ਇੰਡੀਆ) ਇਸ ਬਾਰੇ ਆਪਣੇ ਸਾਧਨਾਂ ਸਦਕਾ ਇਹ ਤਕੜਾ ਉੱਦਮ ਕਰ ਗਈ ਹੈ।

ਪ੍ਰਤਿਭਾਵਾਨ ਖਿਡਾਰੀਆਂ ਦੀ ਤਲਾਸ਼

ਭਾਰਤ ਵਿਚ ਬਾਸਕਿਟਬਾਲ ਦੀ ਪੇਸ਼ੇਵਰ ਲੀਗ ਸ਼ੁਰੂ ਹੋਣ ਦੇ ਨਾਲ ਹੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪੱਧਰ 'ਤੇ ਬਾਸਕਿਟਬਾਲ ਦੀ ਹਰਮਨਪਿਆਰਤਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੇਸ਼ੇਵਰ ਬਾਸਕਿਟਬਾਲ ਲੀਗ ਸਬੰਧੀ ਯੋਜਨਾ ਵੀ ਕਾਫ਼ੀ ਦੇਰ ਤੋਂ ਬਣ ਚੁੱਕੀ ਹੈ ਅਤੇ ਇਹ ਸਾਰੇ ਉਪਰਾਲੇ ਇਸੇ ਲੜੀ ਦਾ ਇਕ ਹਿੱਸਾ ਸਨ।

ਭਾਰਤ ਵਿਚ ਬਾਸਕਿਟਬਾਲ ਤੇ ਖਿਡਾਰੀਆਂ ਦੇ ਸੁਨਹਿਰੇ ਭਵਿੱਖ ਲਈ ਕ੍ਰਿਕਟ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਤਰਜ਼ 'ਤੇ ਕਾਰਪੋਰੇਟ ਘਰਾਣਿਆਂ ਨੂੰ ਖੇਡ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਥੇ ਹੀ ਬਸ ਨਹੀਂ, ਅਮਰੀਕਾ ਹੇਠਲੇ ਪੱਧਰ 'ਤੇ ਵੀ ਭਾਰਤ ਵਿਚ ਬਾਸਕਿਟਬਾਲ ਨੂੰ ਹੁਲਾਰਾ ਦੇ ਰਿਹਾ ਹੈ।

ਜੂਨੀਅਰ ਐੱਨਬੀਏ ਤੇ ਡਬਲਿਊਐੱਨਬੀਏ ਦੇ ਸਾਂਝੇ ਉਪਰਾਲੇ ਸਦਕਾ ਭਾਰਤ ਵਿਚੋਂ ਬਾਸਕਿਟਬਾਲ ਖਿਡਾਰੀਆਂ ਦੀ ਖੋਜ ਲਈ ਪੰਜਾਬ ਸਮੇਤ ਦੇਸ਼ ਦੇ ਕੋਨੇ-ਕੋਨੇ ਵਿਚ ਪਹੁੰਚ ਕੇ ਉੱਭਰਦੇ ਬਾਸਕਿਟਬਾਲ ਖਿਡਾਰੀਆਂ ਦੀ ਚੋਣ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਸਾਰੇ ਪਾਸਿਓਂ ਭਾਰਤ ਵਿਚ ਬਾਸਕਿਟਬਾਲ ਦੀ ਤਰੱਕੀ ਦੀਆਂ ਚੰਗੀਆਂ ਸੰਭਾਵਨਾਵਾਂ ਪੈਦਾ ਹੁੰਦੀਆਂ ਨਜ਼ਰ ਆ ਰਹੀਆਂ ਹਨ ਤੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਜਲਦ ਹੀ ਭਾਰਤੀ ਖਿਡਾਰੀ ਵੀ ਟੱਪ-ਟੱਪ ਕੇ ਅੰਤਰਰਾਸ਼ਟਰੀ ਕੋਰਟਾਂ ਵਿਚ 'ਬਾਸਕਿਟਾਂ' ਪਾਉਣਗੇ।

ਭਾਰਤ ਵਿਚ ਪ੍ਰਤਿਭਾਵਾਨ ਖਿਡਾਰੀਆਂ ਦੀ ਕੋਈ ਕਮੀ ਨਹੀਂ। ਜੇ ਕਮੀ ਸੀ ਤਾਂ ਢੁੱਕਵੇਂ ਮੌਕਿਆਂ ਦੀ ਕਮੀ ਸੀ, ਜੋ ਉਨ੍ਹਾਂ ਨੂੰ ਹੁਣ ਮਿਲਣ ਲੱਗੇ ਹਨ।

ਪ੍ਰੋ. ਸੁਦੀਪ ਸਿੰਘ ਢਿੱਲੋਂ

70093-57022

Posted By: Harjinder Sodhi