ਨਿਊਯਾਰਕ (ਏਪੀ) : ਦੋ ਸੈੱਟ ਨਾਲ ਪੱਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੇ ਪਾਬਲੋ ਕੋਰੇਨੋ ਬੁਸਟਾ ਨੂੰ ਹਰਾ ਕੇ ਯੂਐੱਸ ਓਪਨ ਮਰਦ ਸਿੰਗਲਜ਼ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਜਿੱਥੇ ਉਨ੍ਹਾਂ ਦਾ ਸਾਹਮਣਾ ਐਤਵਾਰ ਨੂੰ ਆਸਟ੍ਰੀਆ ਦੇ ਡੋਮੀਨਿਕ ਥਿਏਮ ਨਾਲ ਹੋਵੇਗਾ। ਦੋਵਾਂ ਖਿਡਾਰੀਆਂ ਨੇ ਪਹਿਲੀ ਵਾਰ ਯੂਐੱਸ ਓਪਨ ਦੇ ਫਾਈਨਲ ਵਿਚ ਥਾਂ ਬਣਾਈ ਜਿਸ ਨਾਲ ਇਸ ਵਾਰ ਯੂਐੱਸ ਓਪਨ ਨੂੰ ਮਰਦ ਸਿੰਗਲਜ਼ 'ਚ ਨਵਾਂ ਚੈਂਪੀਅਨ ਮਿਲੇਗਾ। 23 ਸਾਲ ਦੇ ਟੈਨਿਸ ਸਟਾਰ ਜਵੇਰੇਵ ਪਹਿਲੇ ਦੋ ਸੈੱਟ ਵਿਚ ਲੈਅ ਵਿਚ ਨਹੀਂ ਦਿਖੇ ਪਰ ਸਮੇਂ 'ਤੇ ਸੰਭਲਦੇ ਹੋਏ ਉਨ੍ਹਾਂ ਨੇ ਬੁਸਟਾ ਨੂੰ 3-6, 2-6, 6-3, 6-4, 6-3 ਨਾਲ ਹਰਾਇਆ। ਪੰਜਵਾਂ ਦਰਜਾ ਹਾਸਲ ਜਵੇਰੇਵ ਹੁਣ ਦੂਜਾ ਦਰਜਾ ਹਾਸਲ ਥਿਏਮ ਨਾਲ ਐਤਵਾਰ ਨੂੰ ਖ਼ਿਤਾਬ ਲਈ ਭਿੜਨਗੇ। ਥਿਏਮ ਨੇ ਉਨ੍ਹਾਂ ਨੂੰ ਜਨਵਰੀ ਵਿਚ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਹਰਾਇਆ ਸੀ। ਇਸ ਤੋਂ ਇਲਾਵਾ ਆਸਟ੍ਰੀਆ ਦੇ 27 ਸਾਲਾ ਥਿਏਮ ਨੇ ਪਿਛਲੇ ਸਾਲ ਦੇ ਉੱਪ ਜੇਤੂ ਡੇਨਿਲ ਮੇਦਵੇਦੇਵ ਨੂੰ ਸਿੱਧੇ ਸੈੱਟਾਂ ਵਿਚ 6-2, 7-6, 7-6 ਨਾਲ ਮਾਤ ਦਿੱਤੀ। ਥਿਏਮ ਦੋ ਸਾਲ ਪਹਿਲਾਂ ਫਰੈਂਚ ਓਪਨ ਦੇ ਫਾਈਨਲ ਵਿਚ ਰਾਫੇਲ ਨਡਾਲ ਹੱਥੋਂ ਹਾਰੇ ਸਨ ਜਦਕਿ ਇਸ ਸਾਲ ਆਸਟ੍ਰੇਲੀਅਨ ਓਪਨ ਫਾਈਨਲ ਵਿਚ ਉਨ੍ਹਾਂ ਨੂੰ ਜੋਕੋਵਿਕ ਨੇ ਮਾਤ ਦਿੱਤੀ ਸੀ।