ਸਿਨਸਿਨਾਟੀ (ਏਐੱਫਪੀ) : ਤਿੰਨ ਵਾਰ ਦੇ ਗਰੈਂਡ ਸਲੈਮ ਜੇਤੂ ਐਂਡੀ ਮਰੇ ਨੂੰ ਇੱਥੇ ਸਿਨਸਿਨਾਟੀ ਮਾਸਟਰਜ਼ ਟੈਨਿਸ ਟੂਰਨਾਮੈਂਟ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। 32 ਸਾਲਾ ਮਰੇ ਸਿੰਗਲਜ਼ ਵਿਚ ਵਾਪਸੀ ਕਰਦੇ ਹੋਏ ਪਹਿਲੇ ਹੀ ਗੇੜ ਵਿਚ ਰਿਚਰਡ ਗਾਸਕੇਟ ਖ਼ਿਲਾਫ਼ ਮੁਕਾਬਲਾ ਹਾਰ ਗਏ। ਸੱਤ ਮਹੀਨੇ ਵਿਚ ਪਹਿਲਾ ਸਿੰਗਲਜ਼ ਮੈਚ ਖੇਡ ਰਹੇ ਮਰੇ ਨੂੰ ਗਾਸਕੇਟ ਖ਼ਿਲਾਫ਼ ਸਿੱਧੇ ਸੈੱਟਾਂ ਵਿਚ 4-6, 4-6 ਨਾਲ ਹਾਰ ਸਹਿਣੀ ਪਈ। ਇਹ ਮੈਚ 96 ਮਿੰਟ ਤਕ ਚੱਲਿਆ। ਕਰੀਅਰ ਨੂੰ ਖ਼ਤਰੇ ਵਿਚ ਪਾਉਣ ਵਾਲੀ ਹਿੱਪ ਦੀ ਸੱਟ ਕਾਰਨ ਜਨਵਰੀ ਵਿਚ ਸਿੰਗਲਜ਼ ਮੈਚਾਂ ਤੋਂ ਦੂਰ ਰਹੇ ਮਰੇ ਨੇ ਹਾਲਾਂਕਿ ਆਪਣੇ ਇਸ ਪ੍ਰਦਰਸ਼ਨ ਨੂੰ ਠੀਕ ਕਰਾਰ ਦਿੱਤਾ। ਮਰੇ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਪਤਾ ਕਿ ਇਸ ਮੈਚ ਵਿਚ ਮੈਨੂੰ ਕੀ ਉਮੀਦ ਸੀ। ਇਸ ਮੈਚ ਵਿਚ ਕਈ ਅਜਿਹੀਆਂ ਚੀਜ਼ਾਂ ਸਨ ਜੋ ਮੈਂ ਬਿਹਤਰ ਕਰਨ ਦੀ ਉਮੀਦ ਕਰ ਰਿਹਾ ਸੀ ਪਰ ਤੁਹਾਨੂੰ ਆਪਣੀਆਂ ਉਮੀਦਾਂ ਵਿਚ ਅਸਲੀਅਤ ਰੱਖਣੀ ਪਵੇਗੀ। ਮੈਂ ਮੈਚ ਦੌਰਾਨ ਸਰੀਰਕ ਤੌਰ 'ਤੇ ਚੰਗਾ ਮਹਿਸੂਸ ਕਰ ਰਿਹਾ ਸੀ। ਮਰੇ ਨੇ ਹਿਪ ਦੀ ਕਾਮਯਾਬ ਸਰਜਰੀ ਕਰਵਾਉਣ ਤੋਂ ਬਾਅਦ ਮਰਦ ਡਬਲਜ਼ ਦੇ ਮੁਕਾਬਲੇ ਖੇਡਣੇ ਸ਼ੁਰੂ ਕੀਤੇ ਸਨ। ਸਿਨਸਿਨਾਟੀ ਟੂਰਨਾਮੈਂਟ ਦੇ ਹੋਰ ਮੁਕਾਬਲਿਆਂ ਵਿਚ ਅਮਰੀਕੀ ਓਪਨ ਦੇ ਸਾਬਕਾ ਜੇਤੂ ਮਾਰਿਨ ਸਿਲਿਕ ਵੀ ਸਿੰਗਲਜ਼ ਦੇ ਪਹਿਲੇ ਗੇੜ ਦਾ ਮੁਕਾਬਲਾ ਸਿੱਧੇ ਸੈੱਟਾਂ ਵਿਚ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਏ। ਸਿਲਿਕ ਨੂੰ ਰਾਡੂ ਅਲਬੋਟ ਨੇ 6-4, 7-6 ਨਾਲ ਹਰਾਇਆ। ਉਥੇ ਸੈਮੀ ਕਵੇਰੀ ਨੇ ਫਰਾਂਸ ਦੇ ਪੀਅਰੇ ਹਿਊਗਸ ਹਰਬਰਟ ਨੂੰ 7-6, 7-6 ਨਾਲ ਹਰਾ ਕੇ ਦੂਜੇ ਗੇੜ ਵਿਚ ਥਾਂ ਬਣਾ ਜਿੱਥੇ ਉਨ੍ਹਾਂ ਦਾ ਸਾਹਮਣਾ ਚੋਟੀ ਦਾ ਦਰਜਾ ਹਾਸਲ ਤੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਨਾਲ ਹੋਵੇਗਾ। ਇਸ ਤੋਂ ਇਲਾਵਾ ਸੱਤ ਵਾਰ ਦੇ ਜੇਤੂ ਰੋਜਰ ਫੈਡਰਰ ਆਪਣੀ ਸ਼ੁਰੂਆਤ ਦੂਜੇ ਗੇੜ ਦੇ ਮੁਕਾਬਲੇ ਨਾਲ ਕਰਨਗੇ ਜਿੱਥੇ ਉਨ੍ਹਾਂ ਦਾ ਸਾਹਮਣਾ ਅਰਜਨਟੀਨਾ ਦੇ ਜੁਆਨ ਇਗਨਾਸੀਓ ਲੋਂਡੇਰੋ ਨਾਲ ਹੋਵੇਗਾ ਜਿਨ੍ਹਾਂ ਨੇ ਇਟਲੀ ਦੇ ਮੇਟੀਓ ਬੇਰੇਟੀਨੀ ਨੂੰ 7-6, 6-3 ਨਾਲ ਹਰਾ ਦਿੱਤਾ। ਦੂਜੇ ਪਾਸੇ ਆਸਟ੍ਰੇਲੀਆ ਦੇ ਨਿਕ ਕਿਰਗਿਓਸ ਨੇ ਇਟਲੀ ਦੇ ਲੋਰੇਂਜੋ ਸੋਨੇਗੋ ਨੂੰ ਸਿੱਧੇ ਸੈੱਟਾਂ ਵਿਚ 7-5, 6-4 ਨਾਲ ਹਰਾ ਦਿੱਤਾ।

ਅਮਰੀਕੀ ਓਪਨ ਦੇ ਸਿੰਗਲਜ਼ 'ਚ ਨਹੀਂ ਖੇਡਣਗੇ :

ਸਾਬਕਾ ਵਿਸ਼ਵ ਨੰਬਰ ਇਕ ਬਰਤਾਨੀਆ ਦੇ ਐਂਡੀ ਮਰੇ ਨੇ ਨਾਲ ਹੀ ਇਹ ਵੀ ਐਲਾਨ ਕੀਤਾ ਹੈ ਕਿ ਉਹ 26 ਅਗਸਤ ਤੋਂ ਸ਼ੁਰੂ ਹੋਣ ਵਾਲੇ ਅਮਰੀਕੀ ਓਪਨ ਦੇ ਸਿੰਗਲਜ਼ ਵਿਚ ਨਹੀਂ ਖੇਡਣਗੇ। ਮਰੇ ਨੇ ਕਿਹਾ ਕਿ ਇਹ ਉਹ ਫ਼ੈਸਲਾ ਸੀ ਜੋ ਕਿ ਮੈਂ ਆਪਣੀ ਟੀਮ ਨਾਲ ਕੀਤਾ ਸੀ। ਮੈਂ ਵਾਈਲਡ ਕਾਰਡ ਨਹੀਂ ਲੈਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਮੈਂ ਇਕ ਮੈਚ ਤੋਂ ਬਾਅਦ ਕਿਵੇਂ ਮਹਿਸੂਸ ਕਰ ਰਿਹਾ ਹਾਂ। ਮੈਨੂੰ ਅਜਿਹਾ ਲੱਗਾ ਕਿ ਮੈਂ ਖ਼ੁਦ ਪ੍ਰਤੀ ਨਿਰਪੱਖ ਹੋਣਾ ਚਾਹੁੰਦਾ ਹਾਂ। ਅਜਿਹਾ ਫ਼ੈਸਲਾ ਕਰਨ ਤੋਂ ਪਹਿਲਾਂ ਮੈਂ ਕੋਸ਼ਿਸ਼ ਕਰਾਂਗਾ ਕਿ ਹੋਰ ਕੁਝ ਮੈਚ ਖੇਡਾਂ।

ਸ਼ਾਰਾਪੋਵਾ ਦੂਜੇ ਗੇੜ 'ਚ

ਸਿਨਸਿਨਾਟੀ (ਏਐੱਫਪੀ) : 2011 ਦੀ ਜੇਤੂ ਤੇ ਪੰਜ ਸਾਲ ਬਾਅਦ ਸਿਨਸਿਨਾਟੀ ਮਾਸਟਰਜ਼ ਵਿਚ ਖੇਡ ਰਹੀ ਰੂਸ ਦੀ ਦੀ ਮਹਿਲਾ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਸਿੰਗਲਜ਼ ਦੇ ਪਹਿਲੇ ਗੇੜ ਦੇ ਮੁਕਾਬਲੇ ਵਿਚ ਅਮਰੀਕਾ ਦੀ ਏਲਿਸਨ ਰਿਸਕ ਨੂੰ ਸਿੱਧੇ ਸੈੱਟਾਂ ਵਿਚ 6-3, 7-6 ਨਾਲ ਹਰਾ ਕੇ ਦੂਜੇ ਗੇੜ ਵਿਚ ਥਾਂ ਬਣਾਈ। ਉਥੇ ਅਮਰੀਕੀ ਦਿੱਗਜ ਖਿਡਾਰਨ ਵੀਨਸ ਵਿਲੀਅਮਜ਼ ਨੇ ਹਮਵਤਨ ਲੌਰੇਨ ਡੇਵਿਸ ਨੂੰ 7-5, 6-2 ਨਾਲ ਮਾਤ ਦਿੱਤੀ। 2017 ਦੇ ਕੁਆਰਟਰ ਫਾਈਨਲ ਤਕ ਪੁੱਜਣ ਵਾਲੀ ਬਰਤਾਨੀਆ ਦੀ ਜੋਹਾਨਾ ਕੋਂਟਾ ਪਹਿਲੇ ਗੇੜ ਵਿਚ ਰੇਬੇਕਾ ਪੀਟਰਸਨ ਹੱਥੋਂ 3-6, 6-3, 5-7 ਨਾਲ ਹਾਰ ਗਈ।