ਨਾਨਚਾਂਗ (ਏਜੰਸੀ) : ਜਿਆਂਗਸ਼ੀ ਓਪਨ ਟੈਨਿਸ ਟੂਰਨਾਮੈਂਟ ਵਿਚ ਐਤਵਾਰ ਨੂੰ ਸਵੀਡਨ ਦੀ ਰੇਬੇਕਾ ਪੀਟਰਸਨ ਨੇ ਕਜਖ਼ਿਸਤਾਨ ਦੀ ਐਲੀਨਾ ਰਿਬਾਕਿਨਾ ਨੂੰ ਹਰਾ ਕੇ ਪਹਿਲਾਂ ਡਬਲਯੂਟੀਏ ਖਿਤਾਬ ਹਾਸਲ ਕੀਤਾ। ਨਾਨਚਾਂਗ ਵਿਚ ਖੇਡੇ ਗਏ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਰੇਬੇਕਾ ਨੇ ਐਲੀਨਾ ਨੂੰ 6-2, 6-0 ਨਾਲ ਹਰਾ ਕੇ ਟ੍ਰਾਫੀ 'ਤੇ ਕਬਜ਼ਾ ਕੀਤਾ।

ਇਸ ਮੁਕਾਬਲੇ ਦੌਰਾਨ 24 ਸਾਲਾਂ ਰੇਬੇਕਾ ਨੇ ਕਜਖ਼ਿਸਤਾਨੀ ਖਿਡਾਰੀ ਦੀ ਸਰਵਿਸ ਨੂੰ ਪੰਜ ਵਾਰ ਤੋੜੀ ਅਤੇ ਇਕ ਘੰਟੇ ਤਕ ਚੱਲੇ ਇਕਪਾਸੜ ਮੁਕਾਬਲੇ ਵਿਚ ਕੁਲ 13 ਜੇਤੂ ਸ਼ਾਟ ਲਗਾਏ। ਰਿਬਾਕਿਨਾ 'ਤੇ ਥਕਾਵਟ ਦਾ ਅਸਰ ਸਾਫ ਦੇਖਿਆ ਜਾ ਸਕਦਾ ਸੀ, ਜਿਨ੍ਹਾਂ ਨੂੰ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਵਿਚ ਤਿੰਨ ਸੈੱਟਾਂ ਵਿਚ ਜਿੱਤ ਹਾਸਲ ਹੋਈ ਸੀ। ਫਾਈਨਲ ਵਿਚ 20 ਸਾਲ ਦੀ ਰਿਬਾਕਿਨਾ ਨੇ ਕੁਲ 11 ਅਸਹਿਜ ਗਲਤੀਆਂ ਕੀਤੀਆਂ ਅਤੇ ਸਿਰਫ਼ 40 ਫ਼ੀਸਦੀ ਹੀ ਪਹਿਲੀ ਸਰਵਿਸ 'ਤੇ ਅੰਕ ਹਾਸਲ ਕਰ ਸਕੀ। ਉਥੇ ਰੇਬੇਕਾ ਨੇ 83 ਫ਼ੀਸਦੀ ਪਹਿਲੀ ਸਰਵਿਸ 'ਤੇ ਅੰਕ ਹਾਸਲ ਕੀਤੇ। ਪਹਿਲੇ ਸੈੱਟ ਦੇ ਪਹਿਲੀ ਗੇਮ ਵਿਚ ਰਿਬਾਕਿਨਾ ਨੇ ਡਬਲ ਫਾਲਟ ਕਰ ਕੇ ਸਵੀਡਿਸ਼ ਖਿਡਾਰੀ ਵੱਲੋਂ ਮੁਕਾਬਲੇ ਨੂੰ ਮੋੜ ਦਿੱਤਾ ਗਿਆ। ਅੰਤ ਵਿਚ ਰੇਬੇਕਾ ਨੇ ਲਗਾਤਾਰ ਨੌਂ ਗੇਮਾਂ ਆਪਣੇ ਨਾਂ ਕਰ ਕੇ ਖ਼ਿਤਾਬ 'ਤੇ ਕਬਜ਼ਾ ਕੀਤਾ।

ਡਬਲਜ਼ ਜੋੜੀਦਾਰ ਨੂੰ ਹਰਾ ਹਿਬਿਨੋ ਨੇ ਜਿੱਤਿਆ ਖ਼ਿਤਾਬ

ਹੀਰੋਸ਼ਿਮਾ (ਏਜੰਸੀ) : ਜਾਪਾਨ ਦੀ ਨਾਓ ਹਿਬਿਨੋ ਨੇ ਹਮਵਤਨ ਅਤੇ ਆਪਣੀ ਡਬਲਜ਼ ਜੋੜੀਦਾਰੀ ਮਿਸਾਕੀ ਡੋਈ ਨੂੰ 6-3, 6-2 ਨਾਲ ਹਰਾ ਕੇ ਹਾਨਾ-ਕਿਊਪਿਡ ਜਾਪਾਨ ਮਹਿਲਾ ਓਪਨ ਦਾ ਖ਼ਿਤਾਬ ਹਾਸਲ ਕੀਤਾ। ਹਿਬਿਨੋ ਦਾ ਇਹ 2015 ਤੋਂ ਬਾਅਦ ਪਹਿਲਾਂ ਡਬਲਯੂਟੀਏ ਖ਼ਿਤਾਬ ਹੈ। ਐਤਵਾਰ ਨੂੰ ਹੀਰੋਸ਼ਿਮਾ ਵਿਚ ਖੇਡੇ ਗਏ ਫਾਈਨਲ ਵਿਚ ਜਾਪਾਨ ਦੀਆਂ ਦੋਵੇਂ ਗੈਰ ਦਰਜਾ ਪ੍ਰਰਾਪਤ ਖਿਡਾਰੀ ਭਿੜਨ ਉਤਰੇ, ਜਿਥੇ ਹਿਬਿਨੋ ਨੇ 68 ਮਿੰਟ ਵਿਚ ਮੁਕਾਬਲੇ ਨੂੰ ਆਪਣੇ ਨਾਮ ਕਰ ਲਿਆ। ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਹਿਬਿਨੋ ਨੇ ਪਹਿਲਾਂ ਦਰਜਾ ਪ੍ਰਾਪਤ ਸੀਹ ਸੂ ਬੇਈ ਨੂੰ ਹਰਾਇਆ ਸੀ ਅਤੇ ਉਨ੍ਹਾਂ ਨੇ ਆਪਣਾ ਦੂਜਾ ਡਬਲਯੂਟੀਏ ਖ਼ਿਤਾਬ ਜਿੱਤਿਆ ਹੈ। ਖ਼ਿਤਾਬੀ ਮੁਕਾਬਲੇ ਦੇ ਦੌਰਾਨ ਹਿਬਿਨੋ ਨੇ ਡੋਈ ਦੀ ਸਰਵਿਸ ਨੂੰ ਸੱਤ ਵਾਰ ਤੋੜਿਆ।