ਮੈਡਰਿਡ : ਕੈਨੇਡਾ ਨੇ ਪਹਿਲੀ ਵਾਰ ਡੇਵਿਸ ਕੱਪ ਵਿਚ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਪਹਿਲੇ ਮੈਚ ਵਿਚ ਪੋਸਪਸਿਲੀ ਨੇ ਆਸਟ੍ਰੇਲੀਆ ਦੇ ਮਿਲਮੈਨ ਨੂੰ ਹਰਾਇਆ। ਫਿਰ ਆਸਟ੍ਰੇਲੀਆ ਦੇ ਏਲੇਕਸ ਡੀ ਮਿਨਾਰ ਨੇ ਡੇਨਿਸ ਸ਼ਾਪੋਵਾਲੋਵ ਨੂੰ ਹਰਾ ਕੇ ਟੀਮ ਨੂੰ ਬਰਾਬਰੀ ਦਿਵਾਈ। ਇਸ ਤੋਂ ਬਾਅਦ ਪੋਸਪਸਿਲੀ ਨੇ ਸ਼ਾਪੋਵਾਲੋਵ ਨਾਲ ਮਿਲ ਕੇ ਡਬਲਜ਼ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਜਾਰਡਨ ਥਾਮਸਨ ਤੇ ਜਾਨ ਪੀਅਰਸ ਦੀ ਜੋੜੀ ਨੂੰ ਹਰਾ ਕੇ ਕੈਨੇਡਾ ਨੂੰ ਸ਼ਾਨਦਾਰ ਜਿੱਤ ਦਿਵਾਈ।

ਜੀਸ਼ਾਨ ਦੇ ਪਾਕਿਸਤਾਨੀ ਖਿਡਾਰੀਆਂ ਨੂੰ ਸਵਾਲ

ਭਾਰਤੀ ਕੋਚ ਜੀਸ਼ਾਨ ਅਲੀ ਨੇ ਚੋਟੀ ਦੇ ਪਾਕਿਸਤਾਨੀ ਖਿਡਾਰੀਆਂ ਏਸਾਮ ਉਲ ਹਕ ਕੁਰੈਸ਼ੀ ਤੇ ਅਕੀਲ ਖ਼ਾਨ ਦੇ ਡੇਵਿਸ ਕੱਪ ਮੁਕਾਬਲੇ ਤੋਂ ਲਾਂਭੇ ਹੋਣ 'ਤੇ ਸਵਾਲ ਉਠਾਏ ਹਨ। ਜੀਸ਼ਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨੀ ਖਿਡਾਰੀਆਂ ਨੇ ਨਿਰਪੱਖ ਥਾਂ 'ਤੇ ਹੋਏ ਪਹਿਲੇ ਮੈਚਾਂ ਦਾ ਬਾਈਕਾਟ ਕਿਉਂ ਨਹੀਂ ਕੀਤਾ।