ਨਿਊਯਾਰਕ (ਏਪੀ) : ਜਾਪਾਨ ਦੀ ਨਾਓਮੀ ਓਸਾਕਾ ਅਤੇ ਜੈਨੀਫਰ ਬ੍ਰੈਡੀ ਨੇ ਸਿੱਧੇ ਸੈੱਟਾਂ 'ਚ ਜਿੱਤ ਦਰਜ ਕਰ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਸ ਦੇ ਸੈਮੀਫਾਈਨਲ 'ਚ ਥਾਂ ਬਣਾ ਲਈ। ਜਾਪਾਨ ਦੀ ਖਿਡਾਰੀ ਅਤੇ ਦੋ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਓਸਾਕਾ ਨੇ ਆਪਣੀ ਬਿਹਤਰੀਨ ਖੇਡ ਦੇ ਦਮ 'ਤੇ ਅਮਰੀਕਾ ਦੀ ਵਿਸ਼ਵ 'ਚ 93ਵੀਂ ਰੈਂਕਿੰਗ ਦੀ ਸ਼ੇਲਬੀ ਰੋਜਰਸ ਨੂੰ 6-3, 6-4 ਨਾਲ ਹਰਾਇਆ

ਆਰਥਰ ਐੱਸ ਸਟੇਡੀਅਮ ਵਿਚ ਮੰਗਲਵਾਰ ਦੀ ਰਾਤ ਨੂੰ ਖੇਡੇ ਗਏ ਇਸ ਮੈਚ ਵਿਚ ਓਸਾਕਾ ਨੇ ਸੱਤ ਐੱਸ ਲਗਾਏ ਅਤੇ ਉਨ੍ਹਾਂ ਬੇਸਲਾਈਨ 'ਤੇ ਵੀ ਚੰਗੀ ਖੇਡ ਦਿਖਾਈ। ਇਸ ਤੋਂ ਪਹਿਲਾਂ 27 ਵਰਿ੍ਹਆਂ ਦੀ ਰੋਜਰਸ ਨੇ ਓਸਾਕਾ ਖ਼ਿਲਾਫ਼ ਪਿਛਲੇ ਤਿੰਨੋਂ ਮੈਚ ਜਿੱਤੇ ਸਨ ਪਰ ਇਸ ਮੈਚ ਵਿਚ ਉਨ੍ਹਾਂ ਆਪਣੀ ਗ਼ਲਤੀ ਨਾਲ 27 ਵਾਰ ਅੰਕ ਗੁਆਏ, ਜਦਕਿ ਓਸਾਕਾ ਨੇ ਅਜਿਹਾ ਸਿਰਫ਼ ਅੱਠ ਵਾਰ ਕੀਤਾ। ਦੋ ਸਾਲ ਪਹਿਲਾਂ ਯੂਐੱਸ ਓਪਨ ਜਿੱਤਣ ਵਾਲੀ ਓਸਾਕਾ ਸੈਮੀਫਾਈਨਲ 'ਚ ਬ੍ਰੈਡੀ ਨਾਲ ਭਿੜੇਗੀ।

ਅਮਰੀਕਾ ਦੀ 28ਵੀਂ ਰੈਂਕਿੰਗ ਪ੍ਰਾਪਤ ਬ੍ਰੈਡੀ ਨੇ ਕਜ਼ਾਕਿਸਤਾਨ ਦੀ 23ਵੀਂ ਰੈਂਕਿੰਗ ਪ੍ਰਾਪਤ ਯੂਲੀਆ ਪੁਤਿੰਤਸੇਵਾ ਨੂੰ 6-3, 6-2 ਨਾਲ ਹਰਾਇਆ। ਬ੍ਰੈਡੀ ਨੇ ਬੇਸਲਾਈਨ ਤੋਂ ਆਪਣਾ ਦਬਦਬਾ ਬਣਾਇਆ। ਉਨ੍ਹਾਂ ਪਹਿਲੇ ਸੈੱਟ ਵਿਚ 4-0 ਅਤੇ ਦੂਜੇ ਸੈੱਟ ਵਿਚ 2-0 ਦੀ ਬੜ੍ਹਤ ਬਣਾਈ।