ਪੈਰਿਸ (ਰਾਇਟਰ) : ਸਰਬੀਆ ਦੇ ਨੋਵਾਕ ਜੋਕੋਵਿਕ ਸ਼ਨਿਚਰਵਾਰ ਨੂੰ ਬੁਲਗਾਰੀਆ ਦੇ ਗਿ੍ਗੋਰ ਦਿਮਿਤ੍ਰੋਵ ਨੂੰ ਰੋਮਾਂਚਕ ਸੈਮੀਫਾਈਨਲ ਮੁਕਾਬਲੇ ਵਿਚ 7-6, 6-4 ਨਾਲ ਹਰਾ ਕੇ ਛੇਵੀਂ ਵਾਰ ਪੈਰਿਸ ਮਾਸਟਰਜ਼ ਦੇ ਫਾਈਨਲ ਵਿਚ ਪੁੱਜ ਗਏ। ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਜੋਕੋਵਿਕ ਸੋਮਵਾਰ ਨੂੰ ਜਾਰੀ ਹੋਣ ਵਾਲੀ ਏਟੀਪੀ ਰੈਂਕਿੰਗ ਵਿਚ ਸਪੇਨ ਦੇ ਰਾਫੇਲ ਨਡਾਲ ਹੱਥੋਂ ਆਪਣਾ ਚੋਟੀ ਦਾ ਸਥਾਨ ਗੁਆ ਦੇਣਗੇ ਪਰ ਇੱਥੇ ਉਨ੍ਹਾਂ ਨੇ ਪਹਿਲਾ ਸੈੱਟ ਟਾਈਬ੍ਰੇਕਰ ਵਿਚ ਜਾਣ ਤੋਂ ਬਾਅਦ ਜਿੱਤ ਹਾਸਲ ਕੀਤੀ ਤੇ ਫਿਰ ਦੂਜੇ ਸੈੱਟ ਨੂੰ ਜਿੱਤਦੇ ਹੋਏ ਮੁਕਾਬਲਾ ਆਪਣੇ ਨਾਂ ਕੀਤਾ।

ਟਾਈਬ੍ਰੇਕਰ ਵਿਚ ਜੋਕੋਵਿਕ ਦੇ ਡਬਲ ਫਾਲਟ ਤੋਂ ਬਾਅਦ ਦਿਮਿਤ੍ਰੋਵ ਨੇ 5-3 ਨਾਲ ਬੜ੍ਹਤ ਬਣਾ ਲਈ ਸੀ ਪਰ ਇਸ ਤੋਂ ਬਾਅਦ ਜੋਕੋਵਿਕ ਨੇ 5-5 ਨਾਲ ਬਰਾਬਰੀ ਹਾਸਲ ਕੀਤੀ ਤੇ ਫਿਰ 35 ਸ਼ਾਟ ਤਕ ਲੰਬੀ ਰੈਲੀ ਤੋਂ ਬਾਅਦ ਪਹਿਲਾ ਸੈੱਟ ਜਿੱਤ ਲਿਆ। ਦੂਜੇ ਸੈੱਟ 'ਚ ਜੋਕੋਵਿਕ ਨੇ ਦਮਦਾਰ ਖੇਡ ਦਿਖਾਈ ਤੇ ਜਿੱਤ ਹਾਸਲ ਕੀਤੀ। 16 ਵਾਰ ਦੇ ਗਰੈਂਡ ਸਲੈਮ ਜੇਤੂ ਜੋਕੋਵਿਕ ਨੇ ਇਸ ਦੇ ਨਾਲ ਹੀ ਸਾਲ ਦਾ ਅੰਤ ਵਿਸ਼ਵ ਨੰਬਰ ਇਕ ਖਿਡਾਰੀ ਦੇ ਰੂਪ ਵਿਚ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਮਜ਼ਬੂਤ ਕੀਤਾ।