ਨਿਊਯਾਰਕ (ਏਜੰਸੀ) : ਵਿਸ਼ਵ ਦੇ ਨੰਬਰ ਇਕ ਖਿਡਾਰੀ ਅਤੇ ਪਹਿਲਾ ਦਰਜਾ ਪ੍ਰਾਪਤ ਨੋਵਾਕ ਜੋਕੋਵਿਕ ਸੋਮਵਾਰ ਨੂੰ ਸ਼ੁਰੂ ਹੋ ਰਹੇ ਸਾਲ ਦੇ ਆਖਰੀ ਗ੍ਰੈਂਡਸਲੈਮ ਟੂਰਨਾਮੈਂਟ ਯੂਐੱਸ ਓਪਨ ਦੇ ਜਿੱਤਣ ਦੇ ਮੁੱਖ ਦਾਅਵੇਦਾਰ ਹਨ ਪਰ ਪਿਛਲੇ ਜੇਤੂ ਜੋਕੋਵਿਕ ਪਿਛਲੇ ਹਫ਼ਤੇ ਸਿਨਸਿਨਾਟੀ ਮਾਸਟਰਸ ਦੇ ਸੈਮੀਫਾਈਨਲ ਵਿਚ ਹਾਰ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਵਿਰੋਧੀ ਖਿਡਾਰੀਆਂ ਦੀ ਵੀ ਇਹ ਖਿਤਾਬ ਜਿੱਤਣ ਦੀਆਂ ਉਮੀਦਾਂ ਜਾਗ ਗਈਆਂ ਹਨ। ਸਿਨਸਿਨਾਟੀ ਨੂੰ ਛੱਡ ਦਿੱਤਾ ਜਾਵੇ ਤਾਂ ਇਸ ਸਾਲ ਜੋਕੋਵਿਕ ਨੇ ਤਿੰਨ ਅਲੱਗ-ਅਲੱਗ ਟੈਨਿਸ ਕੋਰਟ 'ਤੇ ਤਿੰਨ ਖਿਤਾਬ ਜਿੱਤੇ ਹਨ, ਜਿਸ ਵਿਚ ਦੋ ਗ੍ਰੈਂਡਸਲੈਮ ਖਿਤਾਬ ਵੀ ਸ਼ਾਮਲ ਹਨ। ਉਨ੍ਹਾਂ ਨੇ ਇਸ ਸਾਲ ਜਨਵਰੀ ਵਿਚ ਆਸਟ੍ਰੇਲੀਆ ਓਪਨ ਦਾ ਖਿਤਾਬ ਜਿੱਤਿਆ। ਜੋਕੋਵਿਕ ਨੇ ਪਿਛਲੇ ਪੰਜ ਗ੍ਰੈਂਡਸਲੈਮ ਵਿਚੋਂ ਚਾਰ ਜਿੱਤੇ ਹਨ। ਜੋਕੋਵਿਕ ਤੋਂ ਇਲਾਵਾ ਪੁਰਸ਼ ਸਿੰਗਲਜ਼ ਖਿਤਾਬ ਦੀ ਦੌੜ ਵਿਚ ਸਵਿੱਟਜ਼ਰਲੈਂਡ ਦੇ ਰੋਜਰ ਫੈਡਰਰ ਅਤੇ ਸਪੇਨ ਦੇ ਰਾਫੇਲ ਨਡਾਲ ਵੀ ਸ਼ਾਮਲ ਹਨ।

ਪ੍ਰਸ਼ੰਸਕਾਂ ਦੀ ਪਸੰਦ ਸੇਰੇਨਾ

ਯੂਐੱਸ ਓਪਨ ਦੇ ਮਹਿਲਾ ਸਿੰਗਲਸ ਦੀ ਖਿਤਾਬ ਦੀ ਦਾਅਵੇਦਾਰ ਘਰੇਲੂ ਦਿੱਗਜ਼ ਖਿਡਾਰੀ ਸੇਰੇਨਾ ਵਿਲੀਅਮਸ ਹੈ। ਇਥੇ ਦੇ ਪ੍ਰਸ਼ੰਸਕ ਸੇਰੇਨਾ ਨੂੰ ਖ਼ਿਤਾਬ ਦਾ ਦਾਅਵੇਦਾਰ ਮੰਨਦੇ ਹਨ। 37 ਸਾਲਾ ਸੇਰੇਨਾ ਕੋਲ ਇਸ ਖਿਤਾਬ ਕੋਲ 24ਵਾਂ ਰਿਕਾਰਡ ਗ੍ਰੈਂਡਸਲੈਮ ਦੀ ਟ੍ਰਾਫੀ ਚੁੱਕਣ ਦਾ ਮੌਕਾ ਹੈ। ਸੇਰੇਨਾ ਤੋਂ ਇਲਾਵਾ ਫਰੈਂਚ ਓਪਨ ਜੇਤੂ ਐਸ਼ਲੇ ਬਾਰਟੀ ਅਤੇ ਵਿੰਬਲਡਨ ਜੇਤੂ ਸਿਮੋਨਾ ਹਾਲੇਪ ਇਸ ਦੌੜ ਵਿਚ ਬਣੀਆਂ ਹੋਈਆਂ ਹਨ।

ਉਥੇ ਪਿਛਲੇ ਜੇਤੂ ਜਾਪਾਨੀ ਖਿਡਾਰੀ ਨਾਓਮੀ ਓਸਾਕਾ ਉਲਟਫੇਰ ਕਰਨ ਵਿਚ ਸਭ ਤੋਂ ਅੱਗੇ ਰਹਿੰਦੀ ਹੈ।

ਰਾਮੋਸ ਨੇ ਕੀਤਾ ਇਨਕਾਰ

ਕਾਰਲੋਸ ਰਾਮੋਸ ਨੇ ਯੂਐੱਸ ਓਪਨ ਵਿਚ ਉਨ੍ਹਾਂ ਮੈਚਾਂ ਵਿਚ ਅੰਪਾਇਰਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਵਿਚ ਵਿਲੀਅਮਸ ਭੈਣਾਂ ਖੇਡ ਰਹੀਆਂ ਹੋਣਗੀਆਂ। ਪਿਛਲੇ ਸਾਲ ਯੂਐੱਸ ਓਪਨ ਦੇ ਮਹਿਲਾ ਸਿੰਗਲਸ ਦੇ ਫਾਈਨਲ ਵਿਚ ਚੇਅਰ ਅੰਪਾਇਰ ਰਾਮੋਸ ਸਨ ਅਤੇ ਇਸ ਮੈਚ ਵਿਚ ਸੇਰੇਨਾ ਵਿਲੀਅਮਸ ਨੇ ਉਨ੍ਹਾਂ ਦੇ ਨਾਲ ਕਾਫੀ ਬਹਿਸ ਕੀਤੀ ਸੀ। ਓਸਾਕਾ ਨੇ ਇਸ ਮੈਚ ਵਿਚ ਸੇਰੇਨਾ ਨੂੰ ਮਾਤ ਦਿੱਤੀ ਸੀ। ਸੇਰੇਨਾ ਨਾ ਰਾਮੋਸ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਓਸਾਕਾ ਨੂੰ ਇਕ ਗੇਮ ਦਿੱਤੀ। ਨਾਲ ਹੀ ਸੇਰੇਨਾ ਨੇ ਚੇਅਰ ਅੰਪਾਇਰ ਨੂੰ ਚੋਰ ਵੀ ਕਿਹਾ ਸੀ।

ਅੰਕਿਤਾ ਕੁਆਲੀਫਾਇੰਗ ਤੋਂ ਬਾਹਰ

ਨਿਊਯਾਰਕ : ਭਾਰਤ ਦੀ ਮਹਿਲਾ ਸਿੰਗਲਸ ਖਿਡਾਰੀ ਅੰਕਿਤਾ ਰੈਨਾ ਤਿੰਨ ਸੈੱਟ ਤਕ ਚੱਲੇ ਸਖ਼ਤ ਮੁਕਾਬਲੇ ਵਿਚ ਹਾਰ ਦੇ ਨਾਲ ਯੂਐੱਸ ਓਪਨ ਦੀ ਮਹਿਲਾ ਸਿੰਗਲਸ ਕੁਆਲੀਫਾਇੰਗ ਮੁਕਾਬਲੇ ਤੋਂ ਬਾਹਰ ਹੋ ਗਈ। ਦੁਨੀਆ ਦੀ 194ਵੇਂ ਨੰਬਰ ਦੀ ਭਾਰਤੀ ਖਿਡਾਰੀ ਨੂੰ ਚੈੱਕ ਗਣਰਾਜ ਦੀ ਡੈਨਿਸਾ ਓਲਰਤੋਵਾ ਖਿਲਾਫ਼ ਮੁਕਾਬਲੇ ਵਿਚ ਦੋ ਘੰਟੇ ਅਤੇ 17 ਮਿੰਟ ਵਿਚ 7-6, 4-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅੰਕਿਤਾ ਨੇ ਪਹਿਲਾ ਸੈੱਟ ਟਾਈ ਬ੍ਰੇਕ ਨਾਲ ਜਿੱਤਿਆ ਇਸ ਤੋਂ ਬਾਅਦ ਉਹ ਲੈਅ ਬਰਕਰਾਰ ਰੱਖਣ ਵਿਚ ਅਸਫਲ ਰਹੀ, ਜਿਸ ਨਾਲ ਅਲਰਤੋਵਾ ਨੇ ਦੂਜੇ ਸੈਟ ਵਿਚ ਉਨ੍ਹਾਂ ਦੀ ਸਰਵਿਸ ਤੋੜ ਕੇ ਮੁਕਾਬਲੇ ਨੂੰ ਤੀਜੇ ਅਤੇ ਫ਼ੈਸਲਾਕੁੰਨ ਸੈੱਟ ਵਿਚ ਖਿੱਚਿਆ। ਤੀਜੇ ਸੈੱਟ ਵਿਚ ਅੰਕਿਤਾ ਨੇ ਇਕ ਵਾਰ ਫਿਰ ਆਪਣੀ ਸਰਵਿਸ ਗਵਾਈ ਅਤੇ ਉਨ੍ਹਾਂ ਨੂੰ ਹਾਰ ਝੱਲਣੀ ਪਈ। ਕੁਆਲੀਫਾਇਰ ਵਿਚ ਭਾਰਤੀਆਂ ਵਿਚ ਹੁਣ ਸਿਰਫ਼ ਸੁਮਿਤ ਨਾਗਲ ਬਚੇ ਹਨ। ਉਨ੍ਹਾਂ ਦੀ ਕੁਆਲੀਫਾਇਰ ਦੇ ਦੂਜੇ ਦੌਰ ਵਿਚ ਕੈਨੇਡਾ ਦੇ ਪੀਟਰ ਪੋਲੰਸਕੀ ਨਾਲ ਟੱਕਰ ਹੈ।

ਰਾਫੇਲ ਨਡਾਲ ਓਪਨ ਵਿਚ ਖੇਡਣਗੇ ਮਰੇ

ਮਾਲੋਰਕਾ (ਸਪੇਨ) : ਬਿ੍ਟੇਨ ਦੇ ਸਟਾਰ ਟੈਨਿਸ ਖਿਡਾਰੀ ਐਂਡੀ ਮਰੇ ਨੇ ਸਿੰਗਲਸ ਵਿਚ ਆਪਣੀ ਵਾਪਸੀ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਇਥੇ ਸ਼ੁਰੂ ਹੋ ਰਹੇ ਰਾਫੇਲ ਨਡਾਲ ਓਪਨ ਵਿਚ ਹਿੱਸਾ ਲੈਣਗੇ। ਮਰੇ ਨੇ ਇਸ ਸਾਲ ਹੁਣ ਤਕ ਦੋ ਏਟੀਪੀ ਦੂਰ ਇਵੈਂਟ ਵਿਚ ਹਿੱਸਾ ਲਿਆ ਅਤੇ 2005 ਤੋਂ ਬਾਅਦ ਪਹਿਲੀ ਵਾਰ ਸੈਕਿੰਡ ਟੀਅਰ ਚੈਲੰਜਰ ਟੂਰ ਵਿਚ ਖੇਡਣਗੇ। 32 ਸਾਲਾਂ ਖਿਡਾਰੀ ਦੇ ਸਤੰਬਰ ਅੰਤ ਤਕ ਚੀਨ ਵਿਚ ਦੋ ਟੂਰਨਾਮੈਂਟਾਂ ਵਿਚ ਖੇਡਣ ਦੀ ਉਮੀਦ ਸੀ ਪਰ ਉਨ੍ਹਾਂ ਨੇ ਸੰਕੇਤ ਦਿੱਤੇ ਕਿ ਉਹ ਹੋਰ ਟੂਰਨਾਮੈਂਟ ਵਿਚ ਵੀ ਖੇਡ ਸਕਦੇ ਹਨ। ਨਡਾਲ ਆਪਣੇ ਇਸ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈਣਗੇ ਕਿਉਂਕਿ ਇਸ ਸਮੇਂ ਯੂਐੱਸ ਓਪਨ ਵੀ ਹੋਣਾ ਹੈ। ਮਰੇ ਨੇ ਨਿਊਯਾਰਕ ਵਿਚ ਹੋਣ ਵਾਲੇ ਟੂਰਨਾਮੈਂਟ ਦੇ ਡਬਲਸ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ, ਕਿਉਂਕਿ ਉਹ ਸਿੰਗਲਸ ਵਿਚ ਧਿਆਨ ਲਗਾਉਣਾ ਚਾਹੁੰਦੇ ਹਨ।