ਪੈਰਿਸ (ਰਾਇਟਰ) : ਚੋਟੀ ਦਾ ਦਰਜਾ ਹਾਸਿਲ ਤੇ ਦੁਨੀਆ ਦੇ ਨੰਬਰ ਇਕ ਸਰਬਿਆਈ ਖਿਡਾਰੀ ਨੋਵਾਕ ਜੋਕੋਵਿਕ ਨੇ ਫਰੈਂਚ ਓਪਨ ਦੇ ਮਰਦ ਸਿੰਗਲਜ਼ ਵਿਚ ਆਪਣੀ ਸ਼ਾਨਦਾਰ ਖੇਡ ਨੂੰ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਕੁਆਰਟਰ ਫਾਈਨਲ ਵਿਚ ਥਾਂ ਬਣਾਈ। 32 ਸਾਲਾ ਜੋਕੋਵਿਕ ਨੇ ਜਰਮਨੀ ਦੇ ਜਾਨ ਲੇਨਾਰਡ ਸਟ੍ਫ ਨੂੰ 6-3, 6-2, 6-2 ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਸਿੱਧੇ ਸੈੱਟਾਂ ਵਿਚ ਜਿੱਤ ਹਾਸਲ ਕੀਤੀ ਤੇ ਰੋਲਾ ਗੈਰਾਂ 'ਤੇ ਲਗਾਤਾਰ 10ਵੀਂ ਵਾਰ ਕੁਆਰਟਰ ਫਾਈਨਲ 'ਚ ਪੁੱਜਣ ਵਾਲੇ ਪਹਿਲੇ ਖਿਡਾਰੀ ਬਣੇ। ਜਾਪਾਨ ਦੇ ਕੇਈ ਨਿਸ਼ੀਕੋਰੀ ਨੇ ਫਰਾਂਸ ਦੇ ਬੇਨੋਇਤ ਪੀਅਰੇ ਨੂੰ ਪੰਜ ਸੈੱਟ ਤਕ ਚੱਲੇ ਮੈਰਾਥਨ ਮੁਕਾਬਲੇ ਵਿਚ 6-2, 6-7, 6-2, 6-7, 7-5 ਨਾਲ ਹਰਾ ਕੇ ਮਰਦ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਮਹਿਲਾ ਸਿੰਗਲਜ਼ ਮੁਕਾਬਲਿਆਂ ਵਿਚ ਐਸ਼ਲੇ ਬਾਰਟੀ ਨੇ ਅਮਰੀਕਾ ਦੀ ਸੋਫੀਆ ਕੇਨਿਨ ਨੂੰ 6-3, 3-6, 6-0 ਨਾਲ ਹਰਾ ਕੇ ਪਹਿਲੀ ਵਾਰ ਫਰੈਂਚ ਓਪਨ ਦੇ ਮਹਿਲਾ ਸਿੰਗਲਜ਼ ਦੇ ਆਖ਼ਰੀ ਅੱਠ ਵਿਚ ਥਾਂ ਬਣਾਈ। ਕੁਆਰਟਰ ਫਾਈਨਲ ਵਿਚ ਅੱਠਵਾਂ ਦਰਜਾ ਬਾਰਟੀ ਦਾ ਸਾਹਮਣਾ 14ਵਾਂ ਦਰਜਾ ਅਮਰੀਕਾ ਦੀ ਮੈਡੀਸਨ ਕੀਜ ਨਾਲ ਹੋਵੇਗਾ ਜਿਨ੍ਹਾਂ ਨੇ ਇਕ ਹੋਰ ਮੁਕਾਬਲੇ ਵਿਚ ਚੈੱਕ ਗਣਰਾਜ ਦੀ ਕੈਟਰੀਨਾ ਸਿਨੀਏਕੋਵਾ ਨੂੰ ਸਿੱਧੇ ਸੈੱਟਾਂ ਵਿਚ 6-2, 6-4 ਨਾਲ ਹਰਾਇਆ।