ਮੁੰਬਈ (ਪੀਟੀਆਈ) : ਭਾਰਤ ਦੀ ਮਹਿਲਾ ਟੈਨਿਸ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਆਪਣੇ ਜੀਵਨ ਦੀ ਕਹਾਣੀ ਨੂੰ ਰੰਗੀਨ ਪਰਦੇ 'ਤੇ ਲਿਆਉਣ ਲਈ ਉਤਸ਼ਾਹਤ ਹੈ। ਅਜੇ ਉਹ ਇਸ ਲਈ ਫਿਲਮ ਡਾਇਰੈਕਟਰਾਂ ਨਾਲ ਗੱਲ ਕਰ ਰਹੀ ਹੈ। ਪਿਛਲੇ ਸਾਲ ਇਹ ਐਲਾਨ ਹੋਇਆ ਸੀ ਕਿ ਡਬਲਜ਼ ਵਿਚ ਗਰੈਂਡ ਸਲੈਮ ਖ਼ਿਤਾਬ ਜਿੱਤਣ ਵਾਲੀ ਇਕਲੌਤੀ ਭਾਰਤੀ ਮਹਿਲਾ ਖਿਡਾਰਨ ਸਾਨੀਆ ਨੇ ਰੋਨੀ ਸਕਰੂਵਾਲਾ ਦੀ ਆਰਐੱਸਵੀਪੀ ਮੂਵੀਜ਼ ਨਾਲ ਇਕ ਕਰਾਰ ਕੀਤਾ ਹੈ। ਸਾਨੀਆ ਨੇ ਫਿਲਮ ਬਾਰੇ ਕਿਹਾ ਕਿ ਮੈਂ ਡਾਇਰਕਟਰਾਂ ਨਾਲ ਕੁਝ ਮੀਟਿੰਗਾਂ ਕਰਨੀਆਂ ਸਨ ਇਸ ਲਈ ਮੈਂ ਮੁੰਬਈ ਵਿਚ ਸੀ। ਅਜੇ ਇਹ ਸ਼ੁਰੂਆਤੀ ਗੇੜ ਵਿਚ ਹੈ। ਜਿਸ ਨੇ ਵੀ ਮੇਰੇ ਕਰੀਅਰ ਨੂੰ ਦੇਖਿਆ ਹੈ, ਉਹ ਜਾਣਦੇ ਹਨ ਕਿ ਮੈਂ ਖੁੱਲ੍ਹ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਹੈ। ਮੈਂ ਡਰੀ ਹੋਈ ਨਹੀਂ ਹਾਂ, ਮੇਰੇ ਲਈ ਆਪਣੀ ਕਹਾਣੀ ਕਹਿਣਾ ਤੇ ਲੋਕਾਂ ਨੂੰ ਉਸ ਨੂੰ ਦੇਖਣਾ ਰੋਮਾਂਚਕ ਹੋਵੇਗਾ। 33 ਸਾਲਾ ਸਾਨੀਆ ਦਾ ਮੰਨਣਾ ਹੈ ਕਿ ਅਥਲੀਟ ਫਿਲਮ ਦਾ ਚੰਗਾ ਵਿਸ਼ਾ ਬਣਦੇ ਹਨ ਕਿਉਂਕਿ ਲੋਕ ਉਨ੍ਹਾਂ ਦੇ ਸੰਘਰਸ਼ ਤੇ ਸਖ਼ਤ ਮਿਹਨਤ ਨਾਲ ਜੁੜ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਅਥਲੀਟ ਬਣਨ ਵਿਚ ਜੋ ਸਖ਼ਤ ਮਿਹਨਤ ਲਗਦੀ ਹੈ ਕਿ ਉਸ ਨਾਲ ਕਈ ਲੋਕ ਵੱਖ-ਵੱਖ ਤਰੀਕਿਆਂ ਨਾਲ ਜੁੜ ਸਕਦੇ ਹਨ। ਅਸੀਂ ਸਾਰੇ ਮਿਹਨਤ ਕਰਦੇ ਹਾਂ ਪਰ ਜਦ ਤੁਸੀਂ ਕੋਈ ਖੇਡ ਖੇਡਦੇ ਹੋ ਤਾਂ ਤੁਸੀਂ ਅਸਲ ਵਿਚ ਸਖ਼ਤ ਮਿਹਨਤ ਕਰਦੇ ਹੋ। ਹਰ ਕੋਈ ਚੈਂਪੀਅਨ ਨੂੰ ਪਿਆਰ ਕਰਦਾ ਹੈ। ਮੇਰੇ ਸਮੇਤ ਕਈ ਖਿਡਾਰੀ ਆਮ ਪਿਛੋਕੜ ਤੋਂ ਆਉਂਦੇ ਹਨ। ਕੁਝ ਨਾ ਹੋਣ ਤੋਂ ਵੱਡਾ ਚੈਂਪੀਅਨ ਬਣਨ ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਤਕ ਸਾਡੀ ਜ਼ਿੰਦਗੀ ਵਿਚ ਕਾਫੀ ਆਕਰਸ਼ਣ ਮਹਿਸੂਸ ਕੀਤਾ ਜਾ ਸਕਦਾ ਹੈ।

ਬੋਪੰਨਾ-ਸ਼ਾਪੋਵਾਲੋਵ ਸੈਮੀਫਾਈਨਲ 'ਚ

ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਕੈਨੇਡਾ ਦੇ ਉਨ੍ਹਾਂ ਦੇ ਜੋੜੀਦਾਰ ਡੇਨਿਸ ਸ਼ਾਪੋਵਾਲੋਵ ਨੇ ਐੱਨਬੀਏ ਏਮਰੋ ਵਿਸ਼ਵ ਟੈਨਿਸ ਟੂਰਨਾਮੈਂਟ ਦੇ ਮਰਦ ਡਬਲਜ਼ ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕੀਤੀ। ਗ਼ੈਰ ਦਰਜਾ ਭਾਰਤੀ ਤੇ ਕੈਨੇਡਾਈ ਖਿਡਾਰੀ ਦੀ ਜੋੜੀ ਨੇ ਚੌਥਾ ਦਰਜਾ ਹਾਸਲ ਰੋਮਾਨੀਆ ਦੇ ਜੀਨ-ਜੂਲੀਅਨ ਰੋਜਰ ਤੇ ਕੈਨੇਡਾ ਦੇ ਹੋਰੀਆ ਤੇਕਾਊ ਦੀ ਜੋੜੀ ਨੂੰ ਕੁਆਰਟਰ ਫਾਈਨਲ ਵਿਚ 6-2, 3-6, 10-7 ਨਾਲ ਹਰਾਇਆ। ਬੋਪੰਨਾ ਤੇ ਸ਼ਾਪੋਵਾਲੋਵ ਨੇ ਪਹਿਲੀ ਸਰਵਿਸ 'ਤੇ 67 ਫ਼ੀਸਦੀ ਸਫ਼ਲਤਾ ਹਾਸਲ ਕੀਤੀ ਤੇ ਸੱਤ ਵਿਚੋਂ ਤਿੰਨ ਬ੍ਰੇਕ ਪੁਆਇੰਟ ਬਣਾਏ। ਸੈਮੀਫਾਈਨਲ ਵਿਚ ਉਨ੍ਹਾਂ ਦਾ ਸਾਹਮਣਾ ਹੈਨਰੀ ਕੋਂਟੀਨੇਨ ਤੇ ਜਾਨ ਲੇਨਾਰਡ ਸਟਰਫ ਤੇ ਜੇਮੀ ਮਰੇ ਅਤੇ ਨੀਲ ਸਕੁਪਸਕੀ ਦੀ ਜੋੜੀ ਵਿਚਾਲੇ ਹੋਣ ਵਾਲੇ ਆਖ਼ਰੀ ਅੱਠ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।