ਮਾਂਟਰੀਅਲ (ਏਐੱਫਪੀ) : ਸਪੇਨ ਦੇ ਦਿੱਗਜ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਰੂਸ ਦੇ ਡੇਨਿਲ ਮੇਦਵੇਦੇਵ ਨੂੰ ਸਿੱਧੇ ਸੈੱਟਾਂ ਵਿਚ ਮਾਤ ਦੇ ਕੇ ਮਾਂਟਰੀਅਲ ਮਾਸਟਰਜ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਵਿਸ਼ਵ ਦੇ ਨੰਬਰ ਦੋ ਖਿਡਾਰੀ ਨੇ ਫਾਈਨਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿੱਧੇ ਸੈੱਟਾਂ ਵਿਚ 6-3, 6-0 ਨਾਲ ਜਿੱਤ ਦਰਜ ਕੀਤੀ। ਦੋਵਾਂ ਖਿਡਾਰੀਆਂ ਵਿਚਾਲੇ ਇਹ ਇਕਤਰਫ਼ਾ ਮੁਕਾਬਲਾ ਸਿਰਫ਼ 70 ਮਿੰਟ ਤਕ ਚੱਲਿਆ। ਇਸ ਤੋਂ ਇਲਾਵਾ ਯੂਐੱਸ ਓਪਨ ਦੀ ਤਿਆਰੀ ਕਰਨ ਲਈ ਨਡਾਲ ਨੇ ਸਿਨਸਿਨਾਟੀ ਮਾਸਟਰਜ਼ ਤੋਂ ਆਪਣਾ ਨਾਂ ਵਾਪਿਸ ਲੈ ਲਿਆ ਹੈ।

ਸੇਰੇਨਾ ਦੇ ਲਾਂਭੇ ਹੋਣ ਨਾਲ ਬਿਨਾਕਾ ਨੇ ਰਚਿਆ ਇਤਿਹਾਸ

ਅਮਰੀਕੀ ਦਿੱਗਜ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਸੱਟ ਦੇ ਕਾਰਨ ਮਾਂਟਰੀਅਲ ਮਾਸਟਰਜ਼ ਟੂਰਨਾਮੈਂਟ ਦੇ ਫਾਈਨਲ ਵਿਚ ਕੈਨੇਡਾ ਦੀ ਬਿਨਾਕਾ ਐਂਡ੍ਰੀਸਕਿਊ ਖ਼ਿਲਾਫ਼ ਮੈਚ ਨੂੰ ਵਿਚਾਲੇ ਛੱਡ ਦਿੱਤਾ ਜਿਸ ਨਾਲ ਏਂਡ੍ਰੀਸਕਿਊ ਇਹ ਖ਼ਿਤਾਬ ਜਿੱਤਣ ਵਿਚ ਕਾਮਯਾਬ ਹੋ ਗਈ। ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਸੇਰੇਨਾ ਦੇ ਰਿਟਾਇਰ ਹੋਣ ਸਮੇਂ ਪਹਿਲੇ ਸੈੱਟ ਵਿਚ ਕੈਨੇਡਾ ਦੀ ਖਿਡਾਰਨ 3-1 ਨਾਲ ਚੱਲ ਰਹੀ ਸੀ ਪਰ ਸੇਰੇਨਾ ਨੇ ਲੱਕ ਵਿਚ ਦਰਦ ਕਾਰਨ ਮੈਚ ਤੋਂ ਲਾਂਭੇ ਹੋਣ ਦਾ ਫ਼ੈਸਲਾ ਲੈ ਲਿਆ। 19 ਸਾਲ ਦੀ ਬਿਨਾਕਾ 50 ਸਾਲ ਵਿਚ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੀ ਕੈਨੇਡਾ ਦੀ ਪਹਿਲੀ ਖਿਡਾਰਨ ਬਣ ਗਈ।

ਵਿਸ਼ਵ ਦੀ ਨੰਬਰ ਇਕ ਖਿਡਾਰਨ ਬਣੀ ਓਸਾਕਾ

ਜਾਪਾਨ ਦੀ ਮਹਿਲਾ ਨੌਜਵਾਨ ਟੈਨਿਸ ਖਿਡਾਰਨ ਨਾਓਮੀ ਓਸਾਕਾ ਨੇ ਸੋਮਵਾਰ ਨੂੰ ਜਾਰੀ ਡਬਲਯੂਟੀਏ ਰੈਂਕਿੰਗ ਵਿਚ ਦੁਬਾਰਾ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਮਾਂਟਰੀਅਲ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿਚ ਸ਼ੁੱਕਰਵਾਰ ਨੂੰ ਹਾਰ ਸਹਿਣ ਦੇ ਬਾਵਜੂਦ ਓਸਾਕਾ ਆਸਟ੍ਰੇਲੀਆ ਦੀ ਐਸ਼ਲੇ ਬਾਰਟੀ ਨੂੰ ਲਾਂਭੇ ਕਰ ਕੇ ਚੋਟੀ 'ਤੇ ਪੁੱਜਣ ਵਿਚ ਕਾਮਯਾਬ ਰਹੀ।

ਜੋਕੋਵਿਕ ਤੇ ਨਡਾਲ ਆਪੋ ਆਪਣੀ ਥਾਂ 'ਤੇ ਕਾਇਮ

ਸਰਬੀਆ ਦੇ ਨੋਵਾਕ ਜੋਕੋਵਿਕ ਤੇ ਮਾਂਟਰੀਅਲ ਮਾਸਟਰਜ਼ ਦਾ ਖ਼ਿਤਾਬ ਜਿੱਤਣ ਵਾਲੇ ਸਪੇਨ ਦੇ ਰਾਫੇਲ ਨਡਾਲ ਸੋਮਵਾਰ ਨੂੰ ਜਾਰੀ ਏਟੀਪੀ ਰੈਂਕਿੰਗ ਵਿਚ ਆਪੋ-ਆਪਣੀ ਥਾਂ ਕ੍ਰਮਵਾਰ ਪਹਿਲੇ ਤੇ ਦੂਜੀ 'ਤੇ ਬਣੇ ਹੋਏ ਹਨ। ਉਥੇ ਤੀਜੇ ਤੇ ਚੌਥੇ ਸਥਾਨ 'ਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਆਸਟ੍ਰੇਲੀਆ ਦੇ ਡੋਮੀਨਿਕ ਥਿਏਮ ਹਨ।

ਬੋਪੰਨਾ ਦੀ ਲੰਬੀ ਛਾਲ

ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਏਟੀਪੀ ਮਾਂਟਰੀਅਲ ਮਾਸਟਰਜ਼ ਦੇ ਸੈਮੀਫਾਈਨਲ ਵਿਚ ਪੁੱਜਣ ਕਾਰਨ ਏਟੀਪੀ ਦੀ ਤਾਜ਼ਾ ਵਿਸ਼ਵ ਰੈਂਕਿੰਗ ਵਿਚ ਸੱਤ ਸਥਾਨ ਦੀ ਲੰਬੀ ਛਾਲ ਲਾ ਕੇ ਮਰਦ ਡਬਲਜ਼ ਵਿਚ 39ਵੇਂ ਸਥਾਨ 'ਤੇ ਪੁੱਜ ਗਏ ਹਨ ਜੋ ਪਿਛਲੇ 14 ਹਫ਼ਤੇ ਵਿਚ ਉਨ੍ਹਾਂ ਦੀ ਸਰਬੋਤਮ ਰੈਂਕਿੰਗ ਹੈ।