ਨਵੀਂ ਦਿੱਲੀ : ਭਾਰਤ ਦੇ ਪ੍ਰਜਨੇਸ਼ ਗੁਣੇਸ਼ਵਰਨ ਕਰੀਅਰ ਦੀ ਸਰਬੋਤਮ ਰੈਂਕਿੰਗ ਹਾਸਲ ਕਰਦੇ ਹੋਏ ਤਾਜ਼ਾ ਏਟੀਪੀ ਰੈਂਕਿੰਗ ਵਿਚ 80ਵੇਂ ਸਥਾਨ 'ਤੇ ਪੁੱਜ ਗਏ। ਚੇਨਈ ਦੇ 29 ਸਾਲਾ ਗੁਣੇਸ਼ਵਰਨ ਇਸ ਸਾਲ ਫਰਵਰੀ ਵਿਚ ਚੋਟੀ ਦੇ 100 ਵਿਚ ਪੁੱਜੇ ਸਨ। ਪ੍ਰਜਨੇਸ਼ ਇੰਡੀਅਨ ਵੇਲਜ਼ ਏਟੀਪੀ ਮਾਸਟਰਜ਼ ਟੂਰਨਾਮੈਂਟ 'ਚ ਤੀਜੇ ਗੇੜ ਵਿਚ ਪੁੱਜੇ ਸਨ। ਉਹ ਬੀਐੱਨਪੀਏ ਪਰੀਬਾਸ ਓਪਨ ਵਿਚ ਵੀ ਤੀਜੇ ਗੇੜ ਤਕ ਪੁੱਜੇ ਤੇ ਮਿਆਮੀ ਓਪਨ ਦੇ ਮੁੱਖ ਡਰਾਅ ਵਿਚ ਪ੍ਰਵੇਸ਼ ਕੀਤਾ। ਭਾਰਤ ਦੇ ਰਾਮਕੁਮਾਰ ਰਾਮਨਾਥਨ 16 ਸਥਾਨ ਹੇਠਾਂ ਚੋਟੀ ਦੇ 150 'ਚੋਂ ਬਾਹਰ ਹੋ ਗਏ। ਉਹ ਹੁਣ 157ਵੇਂ ਸਥਾਨ 'ਤੇ ਪੁੱਜ ਗਏ ਹਨ। ਹਾਲਾਂਕਿ ਚੋਟੀ ਦੇ 10 ਖਿਡਾਰੀਆਂ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ। ਚੋਟੀ 'ਤੇ ਸਰਬੀਆ ਦੇ ਨੋਵਾਕ ਜੋਕੋਵਿਕ, ਦੂਜੇ ਸਥਾਨ 'ਤੇ ਸਪੇਨ ਦੇ ਰਾਫੇਲ ਨਡਾਲ ਤੇ ਤੀਜੇ ਸਥਾਨ 'ਤੇ ਅਲੈਗਜ਼ੈਂਡਰ ਜਵੇਰੇਵ ਹਨ। ਉਥੇ ਚੌਥੇ ਨੰਬਰ 'ਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਜਦਕਿ ਪੰਜਵੇਂ 'ਤੇ ਆਸਟਰੀਆ ਦੇ ਡੋਮੀਨਿਕ ਥਿਏਮ ਹਨ।

ਹਾਲੇਪ ਚੋਟੀ 'ਤੇ ਕਾਇਮ :

ਮਹਿਲਾਵਾਂ ਦੀ ਵਿਸ਼ਵ ਰੈਂਕਿੰਗ ਡਬਲਯੂਟੀਏ ਵਿਚ ਜਾਪਾਨ ਦੀ ਨਾਓਮੀ ਓਸਾਕਾ ਪਹਿਲੇ ਸਥਾਨ 'ਤੇ ਕਾਇਮ ਹਨ। ਉਨ੍ਹਾਂ ਤੋਂ ਬਾਅਦ ਰੋਮਾਨੀਆ ਦੀ ਸਿਮੋਨਾ ਹਾਲੇਪ ਹੈ ਜਦਕਿ ਚੈੱਕ ਗਣਰਾਜ ਦੀ ਪੇਤਰਾ ਕਵਿਤੋਵਾ ਤੀਜੇ ਸਥਾਨ 'ਤੇ ਕਾਇਮ ਹੈ। ਇਸ ਤੋਂ ਇਲਾਵਾ ਚੈੱਕ ਗਣਰਾਜ ਦੀ ਹੀ ਕੈਰੋਲੀਨਾ ਪਲਿਸਕੋਵਾ ਤੇ ਜਰਮਨੀ ਦੇ ਏਂਜੇਲਿਕ ਕਰਬਰ ਕ੍ਰਮਵਾਰ ਚੌਥੇ ਤੇ ਪੰਜਵੇਂ ਨੰਬਰ 'ਤੇ ਕਾਇਮ ਹੈ।

10 ਸਾਲ ਬਾਅਦ ਗਾਰਿਨ ਬਣੇ ਚਿਲੀ ਦੇ ਪਹਿਲੇ ਏਟੀਪੀ ਚੈਂਪੀਅਨ

ਲਾਸ ਏਂਜਲਸ : ਚਿਲੀ ਦੇ ਕ੍ਰਿਸ਼ਚੀਅਨ ਗਾਰਿਨ ਨੇ ਇੱਥੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਸੈੱਟ ਤਕ ਚੱਲੇ ਫਾਈਨਲ ਮੁਕਾਬਲੇ ਵਿਚ ਕੈਸਪਰ ਰੂਡ ਨੂੰ ਹਰਾ ਕੇ ਯੂਐੱਸ ਕਲੇ ਕੋਰਟ ਚੈਂਪੀਅਨਸ਼ਿਪ ਦੀ ਟਰਾਫੀ ਆਪਣੇ ਨਾਂ ਕੀਤੀ। ਇਹ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਏਟੀਪੀ ਖ਼ਿਤਾਬ ਹੈ। ਇਸ ਨਾਲ ਉਹ 10 ਸਾਲ ਬਾਅਦ ਚਿਲੀ ਦੇ ਪਹਿਲੇ ਏਟੀਪੀ ਖ਼ਿਤਾਬ ਜੇਤੂ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਫਰਨਾਂਡੋ ਗੋਂਜਾਲੇਜ ਨੇ 2009 ਵਿਚ ਏਟੀਪੀ ਟੂਰ ਦਾ ਖ਼ਿਤਾਬ ਜਿੱਤਿਆ ਸੀ। 22 ਸਾਲਾ ਗਾਰਿਨ ਨੇ ਰੂਡ ਨੂੰ ਮਰਦ ਸਿੰਗਲਜ਼ ਦੇ ਮੈਚ ਵਿਚ 7-6, 4-6, 6-3 ਨਾਲ ਮਾਤ ਦਿੱਤੀ। ਗਾਰਿਨ ਨੇ ਕਿਹਾ ਕਿ ਕੈਸਪਰ ਇਕ ਸ਼ਾਨਦਾਰ ਖਿਡਾਰੀ ਹਨ। ਮੈਨੂੰ ਉਮੀਦ ਹੈ ਕਿ ਅਸੀਂ ਇਕ ਦੂਜੇ ਖ਼ਿਲਾਫ਼ ਅਗਲੇ ਟੂਰਨਾਮੈਂਟਾਂ ਵਿਚ ਵੀ ਕਈ ਫਾਈਨਲ ਖੇਡਾਂਗੇ। ਇਹ ਮੇਰਾ ਪਸੰਦੀਦਾ ਟੂਰਨਾਮੈਂਟ ਹੈ ਤੇ ਉਮੀਦ ਕਰਦਾ ਹਾਂ ਕਿ ਅਗਲੇ ਸਾਲ ਫਿਰ ਇੱਥੇ ਖੇਡਾਂਗਾ।