ਨਵੀਂ ਦਿੱਲੀ : ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਭਾਰਤ ਦੇ ਸਟਾਰ ਟੈਨਿਸ ਖਿਡਾਰੀ ਪ੍ਜਨੇਸ਼ ਗੁਣੇਸ਼ਵਰਨ ਆਪਣੇ ਕਰੀਅਰ ਵਿਚ ਪਹਿਲੀ ਵਾਰ ਏਟੀਪੀ ਰੈਂਕਿੰਗ ਵਿਚ ਚੋਟੀ ਦੇ 100 ਖਿਡਾਰੀਆਂ ਵਿਚ ਪੁੱਜਣ ਵਾਲੇ ਤੀਜੇ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਸੋਮਦੇਵ ਦੇਵਵਰਮਨ ਤੇ ਯੁਕੀ ਭਾਂਬਰੀ ਇਹ ਕਮਾਲ ਕਰ ਚੁੱਕੇ ਹਨ। ਪਿਛਲੇ ਸੈਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਜਨੇਸ਼ ਪਿਛਲੇ ਹਫ਼ਤੇ ਏਟੀਪੀ ਚੇਨਈ ਚੈਲੰਜਰ ਦੇ ਸੈਮੀਫਾਈਨਲ ਵਿਚ ਪੁੱਜੇ ਸਨ। ਉਹ ਜੇ ਚੋਟੀ ਦੇ 100 ਵਿਚ ਬਣੇ ਰਹਿੰਦੇ ਹਨ ਤਾਂ ਗਰੈਂਡ ਸਲੈਮ ਸਿੰਗਲਜ਼ ਦੇ ਮੁੱਖ ਡਰਾਅ ਵਿਚ ਉਨ੍ਹਾਂ ਨੂੰ ਸਿੱਧਾ ਪ੍ਰਵੇਸ਼ ਮਿਲ ਜਾਵੇਗਾ। ਪ੍ਜਨੇਸ਼ ਨੇ ਕਿਹਾ ਕਿ ਇਹ ਮੇਰੇ ਲਈ ਚੰਗੀ ਉਪਲੱਬਧੀ ਹੈ। ਮੈਂ ਸਖ਼ਤ ਮਿਹਨਤ ਕੀਤੀ ਹੈ ਤੇ ਇਸ ਸੈਸ਼ਨ ਵਿਚ ਆਪਣੇ ਕਈ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਕਈ ਟੀਚੇ ਤੈਅ ਕੀਤੇ ਹਨ। ਇਸ ਸਾਲ ਦੀ ਸ਼ੁਰੂਆਤ ਚੰਗੀ ਰਹੀ। ਕਈ ਅਜਿਹੀਆਂ ਚੀਜ਼ਾਂ ਹਨ ਜਿੱਥੇ ਮੈਨੂੰ ਕੰਮ ਕਰਨ ਦੀ ਲੋੜ ਹੈ। ਮੈਂ ਆਪਣੀ ਫਿਟਨੈੱਸ 'ਤੇ ਵੀ ਕੰਮ ਕਰਨਾ ਹੈ। ਹੋਰ ਭਾਰਤੀ ਖਿਡਾਰੀਆਂ ਵਿਚ ਯੁਕੀ ਭਾਂਬਰੀ 156ਵੇਂ ਤੇ ਰਾਮਕੁਮਾਰ ਰਾਮਨਾਥਨ 128ਵੇਂ ਸਥਾਨ 'ਤੇ ਹਨ। ਸਾਕੇਤ ਮਾਇਨੇਨੀ 255ਵੇਂ ਸਥਾਨ 'ਤੇ ਹਨ। ਡਬਲਜ਼ ਵਿਚ ਰੋਹਨ ਬੋਪੰਨਾ 37ਵੇਂ, ਦਿਵਿਜ ਸ਼ਰਣ 39ਵੇਂ, ਲਿਏਂਡਰ ਪੇਸ 75ਵੇਂ, ਜੀਵਨ ਨੇਦੁੰਚੇਝੀਅਨ 77ਵੇਂ ਤੇ ਪੂਰਵ ਰਾਜਾ 100ਵੇਂ ਸਥਾਨ 'ਤੇ ਹਨ। ਡਬਲਯੂਟੀਏ ਰੈਂਕਿੰਗ ਵਿਚ ਅੰਕਿਤਾ ਰੈਣਾ ਨੂੰ 165ਵਾਂ ਸਥਾਨ ਮਿਲਿਆ ਹੈ।