ਦੋਹਾ (ਪੀਟੀਆਈ) : ਤਜਰਬੇਕਾਰ ਤੇਜਸਵਿਨੀ ਸਾਵੰਤ ਸ਼ਨਿਚਰਵਾਰ ਨੂੰ ਇੱਥੇ 14ਵੀਂ ਏਸ਼ੀਅਨ ਚੈਂਪੀਅਨਸ਼ਿਪ ਦੇ ਮਹਿਲਾਵਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲੇ ਵਿਚ ਮੈਡਲ ਤੋਂ ਖੁੰਝ ਗਈ ਪਰ ਉਨ੍ਹਾਂ ਨੇ ਨਿਸ਼ਾਨੇਬਾਜ਼ੀ ਵਿਚ ਭਾਰਤ ਲਈ 12ਵਾਂ ਓਲੰਪਿਕ ਕੋਟਾ ਸਥਾਨ ਯਕੀਨੀ ਬਣਾਇਆ। ਸਾਬਕਾ ਵਿਸ਼ਵ ਚੈਂਪੀਅਨ ਤੇਜਸਵਿਨੀ ਨੇ ਚੈਂਪੀਅਨਸ਼ਿਪ ਵਿਚ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਮੁਕਾਬਲੇ ਦੇ ਫਾਈਨਲ ਵਿਚ ਥਾਂ ਬਣਾ ਕੇ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਕੀਤਾ। ਫਾਈਨਲ ਵਿਚ ਪੁੱਜੇ ਅੱਠ ਵਿਰੋਧੀਆਂ ਵਿਚੋਂ ਪੰਜ ਪਹਿਲਾਂ ਹੀ ਟੋਕੀਓ ਓਲੰਪਿਕ ਲਈ ਥਾਂ ਪੱਕੀ ਕਰ ਚੁੱਕੇ ਸਨ ਇਸ ਲਈ ਭਾਰਤ ਨੂੰ ਤਿੰਨ ਉਪਲਬਧ ਕੋਟਾ ਸਥਾਨਾਂ ਵਿਚੋਂ ਇਕ ਮਿਲ ਗਿਆ। 39 ਸਾਲ ਦੀ ਤੇਜਸਵਿਨੀ ਕੁਆਲੀਫਿਕੇਸ਼ਨ ਵਿਚ 1171 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਰਹਿੰਦੇ ਹੋਏ ਫਾਈਨਲ ਵਿਚ ਪੁੱਜੀ। ਹਾਲਾਂਕਿ ਫਾਈਨਲ ਵਿਚ ਤੇਜਸਵਿਨੀ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਉਨ੍ਹਾਂ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ। ਫਾਈਨਲ ਵਿਚ ਉਨ੍ਹਾਂ ਨੇ 435.8 ਅੰਕ ਹਾਸਲ ਕੀਤੇ। ਤੇਜਸਵਿਨੀ 2008, 2012 ਤੇ 2016 ਵਿਚ ਓਲੰਪਿਕ ਟੀਮ ਵਿਚ ਥਾਂ ਬਣਾਉਣ ਤੋਂ ਖੁੰਝ ਗਈ ਸੀ।

ਮੇਂਗਯਾਓ ਸ਼ੀ ਨੇ ਜਿੱਤਿਆ ਗੋਲਡ ਮੈਡਲ : ਚੀਨ ਦੀ ਮੇਂਗਯਾਓ ਸ਼ੀ ਨੇ 457.9 ਅੰਕਾਂ ਨਾਲ ਗੋਲਡ ਜਿੱਤਿਆ ਜਦਕਿ ਮੰਗੋਲੀਆ ਦੀ ਯੇਸੁਗੇਨ ਓਯੁਨਬਾਟ ਨੂੰ 457 ਅੰਕਾਂ ਨਾਲ ਸਿਲਵਰ ਮੈਡਲ ਮਿਲਿਆ। ਕਾਂਸੇ ਦਾ ਮੈਡਲ ਜਾਪਾਨ ਦੀ ਸ਼ਿਓਰੀ ਹਿਰਾਤਾ (445.9) ਨੇ ਹਾਸਲ ਕੀਤਾ। ਹੋਰ ਭਾਰਤੀਆਂ ਵਿਚ ਕਾਜਲ ਸੈਣੀ (1167) ਤੇ ਗਾਇਤ੍ਰੀ ਨਿਤਿਆਨੰਦਮ (1165) ਕੁਆਲੀਫਿਕੇਸ਼ਨ ਵਿਚ ਕ੍ਰਮਵਾਰ 13ਵੇਂ ਤੇ 16ਵੇਂ ਸਥਾਨ 'ਤੇ ਰਹੀਆਂ।

ਸ਼ਾਨਦਾਰ ਰਿਹੈ ਸਾਵੰਤ ਦਾ ਰਿਕਾਰਡ : 50 ਮੀਟਰ ਰਾਈਫਲ ਪ੍ਰੋਨ ਵਿਚ ਵੀ ਮੁਕਾਬਲਾ ਕਰਨ ਵਾਲੀ ਤੇਜਸਵਿਨੀ ਸਾਵੰਤ ਕਈ ਮੈਡਲ ਜਿੱਤ ਚੁੱਕੀ ਹੈ ਜਿਨ੍ਹਾਂ ਵਿਚ ਵਿਸ਼ਵ ਕੱਪ ਤੇ ਰਾਸ਼ਟਰਮੰਡਲ ਦੇ ਮੈਡਲਾਂ ਨਾਲ ਵਿਸ਼ਵ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਵੀ ਸ਼ਾਮਲ ਹੈ। 2010 ਵਿਚ ਉਹ ਮਿਊਨਿਖ ਵਿਚ 50 ਮੀਟਰ ਰਾਈਫਲ ਪ੍ਰੋਨ ਮੁਕਾਬਲੇ ਦਾ ਵਿਸ਼ਵ ਰਿਕਾਰਡ ਸਕੋਰ ਬਰਾਬਰ ਕਰਦੇ ਹੋਏ ਵਿਸ਼ਵ ਚੈਂਪੀਅਨ ਬਣੀ ਸੀ। ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਮਹਿਲਾ ਹੈ