ਬੈਂਗਲੁਰੂ (ਪੀਟੀਆਈ) : ਭਾਰਤੀ ਮਰਦ ਹਾਕੀ ਟੀਮ ਦੇ ਫਾਰਵਰਡ ਲਲਿਤ ਉਪਾਧਿਆਏ ਨੂੰ ਲਗਦਾ ਹੈ ਕਿ ਖਿਡਾਰੀਆਂ ਨੂੰ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਤੋਂ ਪਹਿਲਾਂ ਮੌਕਿਆਂ ਨੂੰ ਗੋਲ ਵਿਚ ਬਦਲਣ 'ਤੇ ਕੰਮ ਕਰਨ ਦੀ ਲੋੜ ਹੈ। ਅਰਜਨਟੀਨਾ ਦੇ ਪਿਛਲੇ ਦੌਰੇ ਵਿਚ ਭਾਰਤੀ ਟੀਮ ਨੇ ਚਾਰ ਅਭਿਆਸ ਮੈਚਾਂ ਵਿਚ 12 ਗੋਲ ਤੇ ਓਲੰਪਿਕ ਚੈਂਪੀਅਨ ਖ਼ਿਲਾਫ਼ ਹੀ ਦੋ ਐੱਫਆਈਐੱਚ ਪ੍ਰਰੋ ਲੀਗ ਮੈਚਾਂ ਵਿਚ ਪੰਜ ਗੋਲ ਕੀਤੇ ਸਨ ਪਰ ਲਲਿਤ ਨੇ ਕਿਹਾ ਕਿ ਹੁਣ ਵੀ ਸੁਧਾਰ ਕਰਨ ਦੀ ਲੋੜ ਹੈ ਕਿਉਂਕਿ ਨੌਂ ਗੋਲ ਪੈਨਲਟੀ ਕਾਰਨਰ 'ਤੇ ਕੀਤੇ ਗਏ। ਲਲਿਤ ਨੇ ਕਿਹਾ ਕਿ ਅਰਜਨਟੀਨਾ ਖ਼ਿਲਾਫ਼ ਮੈਚ ਵੱਡੇ ਸਕੋਰ ਵਾਲੇ ਸਨ ਤੇ ਮਜ਼ਬੂਤ ਰੱਖਿਆ ਕਤਾਰ ਵਾਲੀ ਅਰਜਨਟੀਨਾ ਵਰਗੀ ਟੀਮ ਖ਼ਿਲਾਫ਼ ਮੈਦਾਨੀ ਗੋਲ ਕਰਨਾ ਸੌਖਾ ਨਹੀਂ ਸੀ। ਪਿਛਲੇ ਕੁਝ ਮਹੀਨਿਆਂ ਵਿਚ ਅਸੀਂ ਅਸਲ ਵਿਚ ਮੌਕਿਆਂ ਨੂੰ ਗੋਲ ਵਿਚ ਬਦਲਣ ਤੇ ਪੈਨਲਟੀ ਕਾਰਨਰ ਹਾਸਲ ਕਰਨ 'ਤੇ ਕਾਫੀ ਕੰਮ ਕੀਤਾ ਹੈ। ਅਸੀਂ ਇਸ 'ਤੇ ਵੀ ਕੰਮ ਕੀਤਾ ਹੈ ਕਿ ਸਾਨੂੰ 25 ਮੀਟਰ ਦੇ ਸਰਕਲ ਵਿਚ ਕਿਵੇਂ ਕੰਮ ਕਰਨਾ ਚਾਹੀਦਾ ਹੈ। ਲਲਿਤ ਨੇ ਕਿਹਾ ਕਿ ਟੀਮ ਨੂੰ ਸਰਕਲ ਅੰਦਰ ਮੌਕਿਆਂ ਦਾ ਫ਼ਾਇਦਾ ਉਠਾਉਣ ਲਈ ਤੇਜ਼ ਹੋਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਮੌਜੂਦਾ ਕੈਂਪ ਵਿਚ ਇਸ 'ਤੇ ਧਿਆਨ ਕੇਂਦਰਤ ਕਰ ਰਹੇ ਹਾਂ। ਲਲਿਤ ਨੇ ਕਿਹਾ ਕਿ ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ ਟੀਮ ਟੋਕੀਓ ਓਲੰਪਿਕ ਵਿਚ ਮੈਡਲ ਜਿੱਤ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕੋਰ ਗਰੁੱਪ ਦੇ ਸਾਰੇ ਖਿਡਾਰੀਆਂ ਨੂੰ ਲਗਦਾ ਹੈ ਕਿ ਇਹ (ਟੋਕੀਓ ਓਲੰਪਿਕ) ਮੈਡਲ ਜਿੱਤਣ ਦਾ ਸਾਡੇ ਕੋਲ ਸਰਬੋਤਮ ਮੌਕਾ ਹੈ ਤੇ ਅਸੀਂ ਇਸ ਤੋਂ ਪਹਿਲਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ 'ਤੇ ਕੰਮ ਜਾਰੀ ਰੱਖਿਆ ਹੋਇਆ ਹੈ।