ਲੁਸਾਨੇ (ਪੀਟੀਆਈ) : ਏਸ਼ਿਆਈ ਹਾਕੀ ਮਹਾਸੰਘ ਦੇ ਸੀਈਓ ਪਾਕਿਸਤਾਨ ਦੇ ਮੁਹੰਮਦ ਤਈਅਬ ਇਕਰਾਮ ਨੂੰ ਸ਼ਨਿਚਰਵਾਰ ਨੂੰ ਅੰਤਰਰਾਸ਼ਟਰੀ ਹਾਕੀ ਮਹਾਸੰਘ (ਐੱਫਆਈਐੱਚ) ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ ਜੋ ਭਾਰਤ ਦੇ ਨਰਿੰਦਰ ਬੱਤਰਾ ਦੀ ਥਾਂ ਲੈਣਗੇ। ਇਕਰਾਮ ਨੇ ਬੈਲਜੀਅਮ ਦੇ ਮਾਰਕ ਕੂਡਰੋਨ ਨੂੰ ਇੱਥੇ ਆਨਲਾਈਨ ਹੋਈ ਐੱਫਆਈਐੱਚ ਦੀ 48ਵੀਂ ਕਾਂਗਰਸ ਵਿਚ 79-47 ਵੋਟਾਂ ਨਾਲ ਹਰਾਇਆ। ਕੁੱਲ 129 ਰਾਸ਼ਟਰੀ ਸੰਘਾਂ ਵਿਚੋਂ 126 ਨੇ ਜਾਇਜ਼ ਵੋਟ ਪਾਈ।

ਇਕਰਾਮ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ ਤਾਂਕਿ ਉਹ ਸਾਬਕਾ ਪ੍ਰਧਾਨ ਬੱਤਰਾ ਦਾ ਕਾਰਜਕਾਲ ਪੂਰਾ ਕਰ ਸਕਣ। ਬੱਤਰਾ ਨੇ 18 ਜੁਲਾਈ ਨੂੰ ਅਸਤੀਫ਼ਾ ਦਿੱਤਾ ਸੀ। ਸੈਫ ਅਹਿਮਦ ਤਦ ਤੋਂ ਐੱਫਆਈਐੱਚ ਦੇ ਕਾਰਜਕਾਰੀ ਪ੍ਰਧਾਨ ਸਨ। ਦਿੱਲੀ ਹਾਈ ਕੋਰਟ ਨੇ ਬੱਤਰਾ ਨੂੰ ਭਾਰਤੀ ਓਲੰਪਿਕ ਸੰਘ ਦੇ ਮੁਖੀ ਦੇ ਰੂਪ ਵਿਚ ਕੰਮ ਕਰਨ ਤੋਂ ਰੋਕ ਦਿੱਤਾ ਸੀ। ਬੱਤਰਾ 2016 ਵਿਚ ਐੱਫਆਈਐੱਚ ਪ੍ਰਧਾਨ ਬਣੇ ਤੇ ਜੁਲਾਈ ਵਿਚ ਉਨ੍ਹਾਂ ਨੇ ਅਸਤੀਫ਼ਾ ਦਿੱਤਾ। ਉਨ੍ਹਾਂ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ ਮੈਂਬਰਸ਼ਿਪ ਵੀ ਛੱਡ ਦਿੱਤੀ। ਐੱਫਆਈਐੱਚ ਕਾਰਜਕਾਰੀ ਬੋਰਡ ਵਿਚ ਇਕ ਪ੍ਰਧਾਨ, ਅੱਠ ਆਮ ਮੈਂਬਰ (ਚਾਰ ਮਰਦ ਤੇ ਚਾਰ ਮਹਿਲਾਵਾਂ) ਹੁੰਦੇ ਹਨ ਜਿਨ੍ਹਾਂ ਵਿਚੋਂ ਅੱਧੇ ਹਰ ਦੋ ਸਾਲ ਵਿਚ ਬਦਲਦੇ ਹਨ। ਇਨ੍ਹਾਂ ਤੋਂ ਇਲਾਵਾ ਖਿਡਾਰੀਆਂ ਦਾ ਇਕ ਨੁਮਾਇੰਦਾ, ਮਹਾਦੀਪੀ ਮਹਾਸੰਘਾਂ ਦੇ ਪ੍ਰਧਾਨ ਤੇ ਸੀਈਓ ਵੀ ਸ਼ਾਮਲ ਹੁੰਦੇ ਹਨ।

Posted By: Gurinder Singh