ਸਿਓਲ : ਇਸ ਸਮੇਂ ਫੈਲੀ ਭਿਆਨਕ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਟੇਬਲ ਟੈਨਿਸ ਵਿਸ਼ਵ ਚੈਂਪੀਅਨਸ਼ਿਪ ਨੂੰ ਸਤੰਬਰ ਤਕ ਲਈ ਟਾਲ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਜੂਨ ਤਕ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਚੈਂਪੀਅਨਸ਼ਿਪ ਪਹਿਲਾਂ 22 ਤੋਂ 29 ਮਈ ਵਿਚਾਲੇ ਖੇਡੀ ਜਾਣੀ ਸੀ ਪਰ ਇਸ ਨੂੰ 21 ਤੋਂ 28 ਜੂਨ ਤਕ ਲਈ ਟਾਲ ਦਿੱਤਾ ਗਿਆ ਸੀ। ਆਈਟੀਟੀਐੱਫ ਨੇ ਇਸ ਨੂੰ 27 ਸਤੰਬਰ ਤੋਂ ਚਾਰ ਅਕਤੂਬਰ ਵਿਚਾਲੇ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਖਿਡਾਰੀ ਸਕਾਰਾਤਮਕ ਤੇ ਫਿੱਟ ਰਹਿਣ : ਗੋਪੀਚੰਦ

ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਟੀਮ ਦੇ ਕੋਚ ਪੁਲੇਲਾ ਗੋਪੀਚੰਦ ਦੀ ਇਸ ਲਾਕਡਾਊਨ ਦੌਰਾਨ ਆਪਣੇ ਸ਼ਾਗਿਰਦਾਂ ਨੂੰ ਸਲਾਹ ਹੈ ਕਿ ਉਹ ਸਕਾਰਾਤਮਕ ਰਹਿਣ ਤੇ ਫਿੱਟ ਵੀ। ਇਸ ਸਮੇਂ ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿਚ ਲਾਕਡਾਊਨ ਹੈ। ਗੋਪੀਚੰਦ ਨੇ ਇਸ ਮੁਸੀਬਤ ਸਮੇਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿਚ ਮਦਦ ਕੀਤੀ ਹੈ ਤੇ 15 ਲੱਖ ਰੁਪਏ ਦਾ ਦਾਨ ਦਿੱਤਾ ਹੈ। ਗੋਪੀਚੰਦ ਨੇ ਕਿਹਾ ਕਿ ਮੈਂ ਇਸ ਸਮੇਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਅ ਰਿਹਾ ਹਾਂ। ਯੋਗਾ ਤੇ ਮੈਡੀਟੇਸ਼ਨ ਕਰ ਰਿਹਾ ਹਾਂ ਤੇ ਫਿਟਨੈੱਸ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਨਾਲ ਹੀ ਖਿਡਾਰੀਆਂ ਨਾਲ ਗੱਲ ਕਰਦਾ ਰਹਿੰਦਾ ਹਾਂ।

ਬਿ੍ਟਿਸ਼ ਓਪਨ ਰੱਦ, ਹੋਰ ਟੂਰਨਾਮੈਂਟਾਂ 'ਚ ਫੇਰਬਦਲ

ਵਾਸ਼ਿੰਗਟਨ : ਕੋਰੋਨਾ ਵਾਇਰਸ ਕਾਰਨ ਬਿ੍ਟਿਸ਼ ਓਪਨ ਗੋਲਫ ਟੂਰਨਾਮੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ ਜਦਕਿ ਤਿੰਨ ਹੋਰ ਮੁੱਖ ਚੈਂਪੀਅਨਸ਼ਿਪਾਂ ਦੀਆਂ ਤਰੀਕਾਂ ਵਿਚ ਤਬਦੀਲੀ ਕੀਤੀ ਗਈ ਹੈ। ਬਿ੍ਟਿਸ਼ ਓਪਨ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਪਹਿਲੀ ਵਾਰ ਰੱਦ ਕੀਤਾ ਗਿਆ ਹੈ। ਅਗਸਤਾ ਨੈਸ਼ਨਲ ਗੋਲਫ ਕਲੱਬ, ਯੂਰਪੀਅਨ ਟੂਰ, ਐੱਲਪੀਜੀਏ, ਪੀਜੀਏ ਆਫ ਅਮਰੀਕਾ, ਪੀਜੀਏ ਟੂਰ, ਦ ਆਰ ਐਂਡ ਏ ਤੇ ਯੂਐੱਸਜੀਏ ਨੇ ਇਕ ਸਾਂਝੇ ਬਿਆਨ ਵਿਚ ਇਸ ਦਾ ਐਲਾਨ ਕੀਤਾ। ਨਵੇਂ ਪ੍ਰਰੋਗਰਾਮ ਮੁਤਾਬਕ, ਪੀਜੀਏ ਚੈਂਪੀਅਨਸ਼ਿਪ ਪਹਿਲਾਂ ਮਈ ਵਿਚ ਹੋਣੀ ਸੀ ਪਰ ਹੁਣ ਇਹ ਛੇ ਤੋਂ ਨੌਂ ਅਗਸਤ ਤਕ, ਯੂਐੱਸ ਓਪਨ 17 ਤੋਂ 20 ਸਤੰਬਰ ਤਕ ਤੇ ਮਾਸਟਰਜ਼ 12 ਤੋਂ 15 ਨਵੰਬਰ ਤਕ ਕਰਵਾਈ ਜਾਵੇਗੀ।

ਟੋਕੀਓ ਓਲੰਪਿਕ ਮਸ਼ਾਲ ਦਾ ਪ੍ਰਦਰਸ਼ਨ ਰੁਕਿਆ

ਟੋਕੀਓ : ਇਸ ਮਹੀਨੇ ਦੇ ਅੰਤ ਤਕ ਟੋਕੀਓ ਓਲੰਪਿਕ ਦੀ ਮਸ਼ਾਲ ਦਾ ਪ੍ਰਦਰਸ਼ਨ ਫੁਕੁਸ਼ਿਮਾ ਵਿਚ ਰੋਕ ਦਿੱਤਾ ਗਿਆ। ਮੰਗਲਵਾਰ ਨੂੰ ਪ੍ਰਬੰਧਕੀ ਕਮੇਟੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਹੀ ਜਾਪਾਨੀ ਸਰਕਾਰ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ ਜਿਸ ਕਾਰਨ ਹੁਣ ਇਸ ਦੇ ਪ੍ਰਦਰਸ਼ਨ 'ਤੇ ਰੋਕ ਲਾ ਦਿੱਤੀ ਗਈ ਹੈ। ਇਸ ਕਾਰਨ ਹੁਣ ਟੋਕੀਓ ਮਸ਼ਾਲ ਦਾ ਸ਼ੁਰੂਆਤੀ ਗੇੜ ਮੁਸ਼ਕਲਾਂ ਵਿਚ ਿਘਰ ਗਿਆ ਹੈ। ਪਿਛਲੇ ਮਹੀਨੇ ਹੀ ਟੋਕੀਓ ਓਲੰਪਿਕ ਨੂੰ ਅਗਲੇ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ।

ਤਿੰਨ ਹਫ਼ਤੇ ਘਰ ਰਹਿਣਾ ਚੰਗਾ ਤਜਰਬਾ : ਜੋਸ਼ਨਾ

ਨਵੀਂ ਦਿੱਲੀ : ਇਕ ਸਾਲ ਵਿਚ 200 ਦਿਨ ਤਕ ਯਾਤਰਾ ਕਰਨ ਵਾਲੀ ਭਾਰਤੀ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਲਾਕਡਾਊਨ ਦਾ ਪੂਰੀ ਤਰ੍ਹਾਂ ਮਜ਼ਾ ਲੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਘਰ ਵਿਚ ਤਿੰਨ ਹਫ਼ਤੇ ਤਕ ਰਹਿਣਾ ਚੰਗਾ ਤਜਰਬਾ ਹੈ। ਮੈਨੂੰ ਘਰ 'ਤੇ ਆਰਾਮ ਕਰਨ ਦਾ ਸਮਾਂ ਮਿਲ ਰਿਹਾ ਹੈ। ਲਾਕਡਾਊਨ ਵਿਚ ਤੁਹਾਨੂੰ ਇਹ ਚੀਜ਼ ਧਿਆਨ ਆ ਰਹੀ ਹੈ ਕਿ ਘਰ ਛੱਡਣਾ ਸੌਖਾ ਨਹੀਂ ਹੁੰਦਾ ਹੈ। ਘਰ ਦਾ ਸਾਮਾਨ ਲਿਆਉਣ ਲਈ ਬਾਹਰ ਜਾਣਾ ਤੁਹਾਡੇ ਲਈ ਇਕ ਸ਼ਾਨਦਾਰ ਤਜਰਬਾ ਬਣ ਜਾਂਦਾ ਹੈ, ਪਰ ਇਹ ਸਾਰਿਆਂ ਲਈ ਇਕੋ ਜਿਹਾ ਹੈ।