ਟੋਕੀਓ (ਪੀਟੀਆਈ) : ਓਲੰਪਿਕ ਨਿਸ਼ਾਨੇਬਾਜ਼ੀ 'ਚ ਇਕ ਵਾਰ ਮੁੜ ਸਿਖਰਲੇ ਖਿਡਾਰੀਆਂ ਦੇ ਨਿਰਾਸ਼ਾਨਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨਆਰਏਆਈ) ਨੇ ਕੋਚਿੰਗ ਮੈਂਬਰਾਂ ਨੂੰ ਪੂਰੀ ਤਰ੍ਹਾਂ ਬਦਲਣ ਦਾ ਵਾਅਦਾ ਕੀਤਾ ਹੈ। ਰੀਓ ਓਲੰਪਿਕ (2016) ਵਾਂਗ ਟੋਕੀਓ ਵਿਚ ਵੀ ਭਾਰਤੀ ਨਿਸ਼ਾਨੇਬਾਜ਼ਾਂ ਦਾ ਪ੍ਰਦਰਸ਼ਨ ਹੁਣ ਤਕ ਨਿਰਾਸ਼ਾਜਨਕ ਰਿਹਾ ਹੈ। ਭਾਰਤ ਦੇ ਰਿਕਾਰਡ 15 ਨਿਸ਼ਾਨੇਬਾਜ਼ਾਂ ਨੇ ਇਨ੍ਹਾਂ ਖੇਡਾਂ ਦੀ ਟਿਕਟ ਕਟਾਈ ਸੀ ਪਰ ਭਾਰਤੀ ਟੀਮ ਹੁਣ ਗ਼ਲਤ ਕਾਰਨਾਂ ਨਾਲ ਸੁਰਖ਼ੀਆਂ ਵਿਚ ਹੈ ਜਿਸ ਵਿਚ ਟੀਮ ਵਿਚ ਗੁਟਬਾਜ਼ੀ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਐੱਨਆਰਏਆਈ ਦੇ ਮੁਖੀ ਰਣਇੰਦਰ ਸਿੰਘ ਨੇ ਕੋਚਿੰਗ ਤੇ ਸਹਾਇਕ ਕਰਮਚਾਰੀਆਂ ਵਿਚ ਵੱਡੀ ਤਬਦੀਲੀ ਕਰਨ ਦਾ ਵਾਅਦਾ ਕੀਤਾ ਹੈ। ਐੱਨਆਰਏਆਈ ਦੇ ਮੁਖੀ ਨੇ ਕਿਹਾ ਕਿ ਯਕੀਨੀ ਤੌਰ 'ਤੇ ਪ੍ਰਦਰਸ਼ਨ ਉਮੀਦਾਂ ਮੁਤਾਬਕ ਨਹੀਂ ਹੈ ਅਤੇ ਮੈਂ ਕੋਚਿੰਗ ਤੇ ਸਹਿਯੋਗੀ ਮੈਂਬਰਾਂ ਵਿਚ ਤਬਦੀਲੀ ਦੀ ਗੱਲ ਕਹੀ ਹੈ। ਉਨ੍ਹਾਂ ਨੇ ਇਹ ਗੱਲਾਂ ਰਾਈਫਲ ਤੇ ਪਿਸਟਲ ਨਿਸ਼ਾਨੇਬਾਜ਼ਾਂ ਵੱਲੋਂ ਮਿਕਸਡ ਟੀਮ ਮੁਕਾਬਲਿਆਂ ਦੇ ਕੁਆਲੀਫਿਕੇਸ਼ਨ ਗੇੜਾਂ ਨੂੰ ਪਾਰ ਕਰਨ ਵਿਚ ਨਾਕਾਮ ਰਹਿਣ ਤੋਂ ਬਾਅਦ ਕਹੀ। ਇਸ ਗੱਲ 'ਤੇ ਵੀ ਸਵਾਲ ਉੱਠ ਰਹੇ ਹਨ ਕਿ ਨਿਸ਼ਾਨੇਬਾਜ਼ ਆਈਐੱਸਐੱਸਐੱਫ ਵਿਸ਼ਵ ਕੱਪ ਦੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨੂੰ ਓਲੰਪਿਕ ਵਿਚ ਦੁਹਰਾਉਣ ਵਿਚ ਨਾਕਾਮ ਕਿਉਂ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਸਾਡੇ ਨਿਸ਼ਾਨੇਬਾਜ਼ਾਂ ਦੀ ਤਿਆਰੀ ਵਿਚ ਕਮੀ ਰਹੀ ਹੈ ਕਿਉਂਕਿ ਸਪੱਸ਼ਟ ਤੌਰ 'ਤੇ ਉਨ੍ਹਾਂ ਵਿਚ ਯੋਗਤਾ ਹੈ ਤੇ ਅਸੀਂ ਇਸ ਨੂੰ ਇੱਥੇ ਵੀ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਸੰਘ ਤੇ ਹੋਰ ਸਬੰਧਤ ਹਿਤਧਾਰਕਾਂ ਨੇ ਖੇਡਾਂ ਲਈ ਨਿਸ਼ਾਨੇਬਾਜ਼ਾਂ ਨੂੰ ਤਿਆਰ ਕਰਨ ਵਿਚ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਵਿਚ ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ ਦੀ ਅਗਵਾਈ ਵਾਲੇ ਪੈਨਲ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨਾ ਸ਼ਾਮਲ ਹੈ ਜੋ ਪੰਜ ਸਾਲ ਪਹਿਲਾਂ ਰੀਓ ਡੀ ਜਨੇਰੀਓ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਬਣਿਆ ਸੀ। ਐੱਨਆਰਏਆਈ ਨੇ ਮੈਡਲ ਦੀ ਉਮੀਦ ਮਨੂ ਭਾਕਰ ਦੀ ਜੂਨੀਅਰ ਰਾਸ਼ਟਰੀ ਕੋਚ ਜਸਪਾਲ ਰਾਣਾ ਨਾਲ ਨਾਰਾਜ਼ਗੀ ਹੋਣ ਤੋਂ ਬਾਅਦ ਭਾਰਤ ਦੇ ਸਾਬਕਾ ਨਿਸ਼ਾਨੇਬਾਜ਼ ਤੇ ਕੋਚ ਰੌਣਕ ਪੰਡਿਤ ਨੂੰ ਉਨ੍ਹਾਂ ਨੂੰ ਸਿਖਲਾਈ ਦੇਣ ਦੀ ਜ਼ਿੰਮੇਵਾਰੀ ਦਿੱਤੀ। ਰਣਇੰਦਰ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਦੋਵਾਂ ਵਿਚਾਲੇ ਚੀਜ਼ਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀ।

ਕੁਆਲੀਫਿਕੇਸ਼ਨ 'ਚੋਂ ਵੀ ਬਾਹਰ ਸੌਰਭ ਤੇ ਭਾਕਰ

ਭਾਰਤ ਨੂੰ ਮਿਕਸਡ ਟੀਮ ਮੁਕਾਬਲਿਆਂ ਤੋਂ ਮੈਡਲ ਦੀ ਸਭ ਤੋਂ ਵੱਧ ਉਮੀਦ ਸੀ। ਸੌਰਭ ਚੌਧਰੀ ਤੇ ਮਨੂ ਭਾਕਰ ਦੀ ਜੋੜੀ ਨੂੰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿਚ ਮੈਡਲ ਦਾ ਮੁੱਖ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਕੁਆਲੀਫਿਕੇਸ਼ਨ ਦੇ ਪਹਿਲੇ ਗੇੜ ਵਿਚ ਚੋਟੀ 'ਤੇ ਰਹਿਣ ਤੋਂ ਬਾਅਦ ਦੂਜੇ ਗੇੜ ਵਿਚ ਉਹ ਲੈਅ ਵਿਚ ਨਹੀਂ ਦਿਖੇ ਤੇ ਆਖ਼ਰ ਵਿਚ ਸੱਤਵੇਂ ਸਥਾਨ ਨਾਲ ਸਬਰ ਕਰਨਾ ਪਿਆ। ਅਭਿਸ਼ੇਕ ਵਰਮਾ ਤੇ ਯਸ਼ਸਵਨੀ ਸਿੰਘ ਦੇਸਵਾਲ ਦੀ ਇਕ ਹੋਰ ਭਾਰਤੀ ਜੋੜੀ ਇਸ ਮੁਕਾਬਲੇ ਦੇ ਪਹਿਲੇ ਗੇੜ ਵਿਚ 564 ਅੰਕਾਂ ਨਾਲ 17ਵੇਂ ਸਥਾਨ 'ਤੇ ਰਹਿਣ ਕਾਰਨ ਸ਼ੁਰੂ 'ਚ ਹੀ ਬਾਹਰ ਹੋ ਗਈ। ਭਾਰਤ ਦੀਆਂ ਦੋਵੇਂ ਜੋੜੀਆਂ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿਚ ਵੀ ਹਿੱਸਾ ਲਿਆ ਸੀ ਪਰ ਉਹ ਕੁਆਲੀਫਿਕੇਸ਼ਨ ਦੇ ਪਹਿਲੇ ਗੇੜ 'ਚੋਂ ਵੀ ਅੱਗੇ ਨਹੀਂ ਵਧ ਸਕੀਆਂ। ਇਲਾਵੇਨਿਲ ਵਾਲਾਰਿਵਾਨ ਤੇ ਦਿਵਿਆਂਸ਼ ਸਿੰਘ ਪੰਵਾਰ ਦੀ ਜੋੜੀ 626.5 ਅੰਕ ਬਣਾ ਕੇ 12ਵੇਂ ਅਤੇ ਅੰਜੁਮ ਮੋਦਗਿਲ ਤੇ ਦੀਪਕ ਕੁਮਾਰ ਦੀ ਜੋੜੀ 623.8 ਅੰਕ ਬਣਾ ਕੇ 29 ਜੋੜੀਆਂ ਵਿਚਾਲੇ 18ਵੇਂ ਸਥਾਨ 'ਤੇ ਰਹੀ। ਓਲੰਪਿਕ ਵਿਚ ਪਹਿਲੀ ਵਾਰ ਮਿਕਸਡ ਟੀਮ ਮੁਕਾਬਲਿਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਨਤੀਜਿਆਂ ਤੋਂ ਨਿਰਾਸ਼ ਕਰਮਾਕਰ ਤੇ ਹਿਨਾ

ਨਤੀਜਿਆਂ ਤੋਂ ਨਿਰਾਸ਼ ਜੈਦੀਪ ਕਰਮਾਕਰ ਤੇ ਹਿਨਾ ਸਿੱਧੂ ਵਰਗੇ ਨਿਸ਼ਾਨੇਬਾਜ਼ਾਂ ਤੇ ਓਲੰਪੀਅਨਾਂ ਨੇ ਟਵੀਟ ਕਰ ਕੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕੀਤਾ। ਲੰਡਨ ਓਲੰਪਿਕ ਵਿਚ ਥੋੜ੍ਹੇ ਫ਼ਰਕ ਨਾਲ ਮੈਡਲ ਤੋਂ ਖੁੰਝਣ ਵਾਲੇ ਕਰਮਾਕਰ ਨੇ ਟਵੀਟ ਕੀਤਾ ਕਿ ਹੁਣ ਮੈਂ ਇਸ ਨੂੰ ਬਿਪਤਾ ਕਹਾਂਗਾ। ਇਹ ਨਿਸ਼ਾਨੇਬਾਜ਼ੀ ਵਿਚ ਭਾਰਤੀ ਟੀਮ ਲਈ ਸਭ ਤੋਂ ਵੱਡੀ ਉਮੀਦ ਸੀ ਤੇ ਇਸ ਲਈ ਕਿਸਮਤ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਮੈਂ ਨਿਰਾਸ਼ ਹਾਂ, ਸਾਰੇ ਨਿਰਾਸ਼ ਹਨ, ਪਰ ਸਭ ਤੋਂ ਵੱਧ ਨਿਰਾਸ਼ ਕੌਣ ਹੈ? ਨਿਸ਼ਾਨੇਬਾਜ਼ ਖ਼ੁਦ ਸਭ ਤੋਂ ਵੱਧ ਨਿਰਾਸ਼ ਹਨ। ਕ੍ਰਿਪਾ ਬੇਲੋੜੇ ਟ੍ਰੋਲ ਤੇ ਬੇਇਜ਼ਤੀ ਤੋਂ ਬਚੋ। ਉਸ ਵਿਚ ਕੁਝ ਨਾਕਾਮ ਰਹੇ ਤੇ ਨਿੰਦਾ ਦਾ ਸਾਹਮਣਾ ਕਰਨਗੇ ਤੇ ਇਹ ਹਰ ਪ੍ਰਦਰਸ਼ਨ ਕਰਨ ਵਾਲੇ ਕਲਾਕਾਰ ਜਾਂ ਖਿਡਾਰੀ ਦੇ ਜੀਵਨ ਦਾ ਹਿੱਸਾ ਹੈ। ਕਰਮਾਕਰ ਨੇ ਕਿਹਾ ਕਿ ਟੀਮ ਦੇ ਘੱਟ ਉਮਰ ਵਾਲੇ ਨਿਸ਼ਾਨੇਬਾਜ਼ਾਂ ਨੂੰ ਬੱਚਾ ਕਹਿ ਕੇ ਉਨ੍ਹਾਂ ਨੂੰ ਕਮਜ਼ੋਰ ਨਹੀਂ ਮੰਨਿਆ ਜਾਣਾ ਚਾਹੀਦਾ। ਉਥੇ ਸਾਬਕਾ ਵਿਸ਼ਵ ਚੈਂਪੀਅਨ ਪਿਸਟਲ ਨਿਸ਼ਾਨੇਬਾਜ਼ ਹਿਨਾ ਵੀ ਨਤੀਜਿਆਂ ਤੋਂ ਨਿਰਾਸ਼ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਮੰਗਲਵਾਰ ਨੂੰ 10 ਮੀਟਰ ਮੁਕਾਬਲਿਆਂ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਭਾਰਤੀ ਨਿਸ਼ਾਨੇਬਾਜ਼ੀ ਲਈ ਮਾੜਾ ਦਿਨ, ਸੌਰਭ ਨੇ ਚੰਗਾ ਪ੍ਰਦਰਸ਼ਨ ਕੀਤਾ, ਮਨੂ ਨੂੰ ਆਖ਼ਰ ਵਿਚ ਬਿਹਤਰ ਪ੍ਰਦਰਸ਼ਨ ਕਰਨ ਦੀ ਲੋੜ ਸੀ। ਇਹ ਨਿਰਾਸ਼ਾਜਨਕ ਹੈ।