ਕਮਲ ਕਿਸ਼ੋਰ, ਜਲੰਧਰ : ਕੋਵਿਡ-19 ਦੀ ਗੰਭੀਰਤਾ ਨੂੰ ਵੇਖਦੇ ਹੋਏ ਇਸ ਸਾਲ ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ਟਲ ਗਿਆ ਹੈ। ਹੁਣ ਇਹ ਟੂਰਨਾਮੈਂਟ ਸਾਲ 2021 'ਚ 26 ਫਰਵਰੀ ਤੋਂ ਸੱਤ ਮਾਰਚ ਵਿਚਕਾਰ ਕਰਵਾਏ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਰਜੀਤ ਹਾਕੀ ਸੁਸਾਇਟੀ ਦੀ ਕੋਰ ਕਮੇਟੀ ਦੀ ਬੈਠਕ 'ਚ ਅਕਤੂਬਰ 'ਚ ਹੋਣ ਵਾਲੇ ਟੂਰਨਾਮੈਂਟ ਨੂੰ ਟਾਲਣ ਦਾ ਫੈਸਲਾ ਲਿਆ ਗਿਆ ਹੈ।

ਹਾਕੀ ਇੰਡੀਆ ਨੇ ਸੁਸਾਇਟੀ ਨੂੰ ਫਰਵਰੀ 'ਚ ਟੂਰਨਾਮੈਂਟ ਕਰਵਾਉਣ ਲਈ ਤਾਰੀਕ ਭੇਜ ਦਿੱਤੀ ਹੈ। ਹੁਣ ਸੁਸਾਇਟੀ ਦੇ ਮੈਂਬਰਾਂ 'ਤੇ ਨਿਰਭਰ ਹੈ ਕਿ ਉਹ ਇਸ ਤਾਰੀਕ 'ਚੇ ਟੂਰਨਾਮੈਂਟ ਕਰਵਾ ਪਾਉਂਦੇ ਹਨ ਜਾਂ ਨਹੀਂ। ਜੇਕਰ ਪੰਜਾਬ 'ਚ ਕੋਰੋਨਾ ਦੇ ਮਾਮਲਿਆਂ 'ਚ ਕਮੀ ਨਹੀਂ ਆਉਂਦੀ ਤਾਂ ਟੂਰਨਾਮੈਂਟ ਕਰਵਾਉਣਾ ਅੌਖਾ ਹੋ ਜਾਵੇਗਾ। ਸੁਸਾਇਟੀ ਨੇ ਟੂਰਨਾਮੈਂਟ ਤੋਂ ਪਹਿਲਾਂ ਸਟੇਡੀਅਮ 'ਚ ਨਵੀਂ ਐਸਟਰੋ ਟਰਫ ਲਗਾਉਣ ਦੀ ਮੰਗ ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ, ਖੇਡ ਸਕੱਤਰ ਤੇ ਖੇਡ ਡਾਇਰੈਕਟਰ ਨੂੰ ਕੀਤੀ ਹੈ। 36 ਸਾਲ ਤੋਂ ਲਗਾਤਾਰ ਹੋ ਰਹੇ ਟੂਰਨਾਮੈਂਟ 'ਚ ਪਿਛਲੇ ਸਾਲ 13 ਟੀਮਾਂ ਨੇ ਹਿੱਸਾ ਲਿਆ ਸੀ।

'ਕੋਰੋਨਾ ਮਹਾਮਾਰੀ ਕਾਰਨ ਇਸ ਸਾਲ ਟੂਰਨਾਮੈਂਟ ਨੂੰ ਟਾਲ ਦਿੱਤਾ ਗਿਆ ਹੈ। ਹਾਕੀ ਇੰਡੀਆ ਨੇ 26 ਫਰਵਰੀ ਤੋਂ 7 ਮਾਰਚ ਤਕ ਟੂਰਨਾਮੈਂਟ ਕਰਵਾਉਣ ਦੀ ਗੱਲ ਕਹੀ ਹੈ। ਟੂਰਨਾਮੈਂਟ ਦੀਆਂ ਤਿਆਰੀਆਂ ਲਈ ਚਾਰ ਮਹੀਨੇ ਹਨ। ਟੂਰਨਾਮੈਂਟ ਤੋਂ ਪਹਿਲਾਂ ਸੂਬਾ ਸਰਕਾਰ ਕੋਲੋਂ ਸਟੇਡੀਅਮ 'ਚ ਨਵੀਂ ਟਰਫ ਲਗਾਉਣ ਦੀ ਮੰਗ ਕੀਤੀ ਗਈ ਹੈ।'

ਸੁਰਿੰਦਰ ਭਾਪਾ, ਜੁਆਇੰਟ ਸਕੱਤਰ, ਸੁਰਜੀਤ ਹਾਕੀ ਸੁਸਾਇਟੀ।